DMT : ਲੁਧਿਆਣਾ : (19 ਅਪ੍ਰੈਲ 2023) : – ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅਣੂ (ਮਿੰਨੀ ਪੱਤ੍ਰਿਕਾ) ਦਾ ਨਵਾਂ ਅੰਕ ਜੂਨ 2023 ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਦੀ ਰਸਮ ਦੀ ਅਦਾਇਗੀ ਡਾ. ਸ਼ਿਆਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸ੍ਰੀ ਯੋਗਰਾਜ ਪ੍ਰਭਾਕਰ ਸੰਪਾਦਕ ਲਘੂ ਕਥਾ ਕਲਸ਼, ਡਾ. ਹਰਪ੍ਰੀਤ ਸਿੰਘ ਰਾਣਾ ਦੇ ਦੇਵਿੰਦਰ ਪਟਿਆਲਵੀ ਸੰਪਾਦਕ ‘ਛਿਣ’, ਓਂਕਾਰ ਸਿੰਘ ਪੰਜਾਬ ਸਕਾਊਟਸ ਪ੍ਰਬੰਧਕ ਕਮਿਸ਼ਨਰ ਪੰਜਾਬ, ਸੁਰਿੰਦਰ ਕੈਲੇ ਚੇਅਰਮੈਨ ਅਣੂ ਮੰਚ ਤੇੇ ਸੰਪਾਦਕ ਅਣੂ, ਡਾ. ਭਵਾਨੀ ਸ਼ੰਕਰ ਗਰਗ ਤੇ ਜਗਦੀਸ਼ ਰਾਏ ਕੁਲਰੀਆ ਨੇ ਨਿਭਾਈ। ਇਨ੍ਹਾਂ ਦੇ ਨਾਲ ਦਰਸ਼ਨ ਸਿੰਘ ਬਰੇਟਾ, ਕੁਲਵਿੰਦਰ ਕੌਸ਼ਲ, ਬੀਰ ਇੰਦਰ ਬਨਭੌਰੀ, ਊਸ਼ਾ ਦੀਪਤੀ, ਸੁਰਿੰਦਰ ਦੀਪ, ਸੀਮਾ ਵਰਮਾ, ਲਾਜਪਤ ਰਾਏ ਗਰਗ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਰਜਿੰਦਰ ਰਾਣੀ, ਸੰਦੀਪ ਕੌਰ ਤੇ ਪਰਗਟ ਸਿੰਘ ਜੰਬਰ ਅਤੇ ਹੋਰ ਲੇਖਕ ਸ਼ਾਮਲ ਸਨ।
ਅਣੂ ਦੇ ਇਸ ਨਵੇਂ ਅੰਕ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੁਰਿੰਦਰ ਕੈਲੇ ਨੇ ਦਸਿਆ ਕਿ ਇਹ ਅੰਕ ‘ਮਿੰਨੀ ਕਹਾਣੀ ਵਿਸ਼ੇਸ਼ ਅੰਕ’ ਹੈ ਜਿਸ ਵਿਚ ਕਹਾਣੀਆਂ ਔਰਤਾਂ ਦੀਆਂ ਅਜੋਕੀਆਂ ਵਿਸੰਗਤੀਆਂ ਦੇ ਯਥਾਰਥ ਦੀ ਪੇਸ਼ਕਾਰੀ ਦੇ ਨਾਲ ਨਾਲ ਉਸ ਦੇ ਭਵਿੱਖ ਦੀ ਨਿਸ਼ਾਨਦੇਹੀ ਵੀ ਕਰਦੀਆਂ ਹਨ ਜੋ ਔਰਤ ਦੇ ਬਦਲ ਰਹੇ ਸੁਭਾਅ, ਸੋਚ, ਕਿਰਦਾਰ, ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਭਵਿਖੀ ਖਾਕਾ ਪੇਸ਼ ਕਰਦੀਆਂ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਇਸ ਅੰਕ ਦਾ; ਸਵਾਗਤ ਕਰਦਿਆਂ ਕਿਹਾ ਕਿ ਪਿਛਲੇ 52 ਸਾਲਾਂ ਤੋਂ ਵੱਖ ਵੱਖ ਵਿਧਾਵਾਂ ਦੀਆਂ ਰਚਨਾਵਾਂ ਦੇ ਨਾਲ ਨਾਲ ਮਿੰਨੀ ਕਹਾਣੀ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ‘ਅਣੂ’ ਦਾ ਯੋਗਦਾਨ ਵਰਨਣਯੋਗ ਹੈ।