DMT : ਲੁਧਿਆਣਾ : (13 ਜੂਨ 2023) : – ਸਰਕਾਰ ਤੁਹਾਡੇ ਦੁਆਰ ਦੇ ਵੱਡੇ ਵੱਡੇ ਬੋਰਡ ਲਾ ਕੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਆਪਣਾ ਉੱਲੂ ਸਿੱਧਾ ਕਰ ਰਹੀ ਹੈ। ਇਹ ਹਕੀਕਤ ਮਾਨਸਾ ਵਿੱਚ ਹੋਈ ਕੈਬਿਨੇਟ ਮੀਟਿੰਗ ਵਿੱਚ ਸਾਮ੍ਹਣੇ ਆਈ।ਜਿਥੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਆਇਆ ਜਥੇਬੰਦੀਆਂ ਦੇ ਕਾਰਕੁਨਾਂ ਦੀ ਖਿੱਚ ਧੂਹ ਕੀਤੀ ਗਈ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਵਿਚਾਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨਾਲ ਸਾਂਝੇ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਦਾ ਮੰਤਵ ਨਾਗਰਿਕ ਸੇਵਾਵਾਂ ਨੂੰ ਆਮ ਆਦਮੀ ਦੇ ਘਰ ਤਕ ਪਹੁੰਚਾਉਣ ਅਤੇ ਪਹਿਲੀ ਵਾਰੀ ਅਫ਼ਸਰਸ਼ਾਹੀ ਦਾ ਲੋਕਾਂ ਪ੍ਰਤੀ ਸਿੱਧੇ ਜਵਾਬਦੇਹ ਬਣਾ ਕੇ ਸਮੁੱਚੀ ਸਾਸ਼ਨ ਪ੍ਰਣਾਲੀ ਵਿਚ ਕ੍ਰਾਂਤੀ ਲਿਆਉਣ ਦੀ ਗੱਲ ਕਰਦੀ ਹੈ।ਦੂਜੇ ਪਾਸੇ ਮਾਨਸਾ ਵਿਖੇ ਸਰਕਾਰ ਨੂੰ ਮਿਲਣ ਆਏ ਲੋਕਾਂ ਪ੍ਰਤੀ ਮਾੜਾ ਸਲੂਕ ਸਰਕਾਰ ਦੀ ਕਾਰਜ ਪ੍ਰਣਾਲੀ ਉਤੇ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹੈ।ਜਿਵੇ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦੇਖਣ ਦੇ ਹੋਰ ਹੁੰਦੇ ਹਨ। ਉਸੇ ਤਰ੍ਹਾਂ ਪੰਜਾਬ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ ਸਾਫ ਦਿੱਖ ਰਿਹਾ ਹੈ।ਅੱਜ ਪੰਜਾਬ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਅਤੇ ਸ਼ਹੀਦ ਭਗਤ ਸਿੰਘ ਦੀ ਰਾਹ ਤੇ ਚਲਣ ਵਾਲੀ ਸਰਕਾਰ ਸਤਾ ਵਿੱਚ ਆਉਂਦੇ ਹੀ ਸ਼ਹੀਦ ਦੇ ਸੁਪਨਿਆਂ ਨੂੰ ਭੁੱਲ ਕੇ ਆਪਣੀ ਮਨਮਾਨੀ ਕਰ ਰਹੀ ਹੈ।