DMT : ਲੁਧਿਆਣਾ : (07 ਮਾਰਚ 2023) : – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਐੱਨ.ਐੱਸ.ਐੱਸ. ਯੁਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ 8 ਮਾਰਚ ਨੂੰ ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ‘ਕੌਮਾਂਤਰੀ ਨਾਰੀ ਦਿਵਸ” ਦੇ ਮੌਕੇ ਐੱਨ. ਐੱਸ .ਐੱਸ. ਵਲੰਟੀਅਰਜ਼ ਵੱਲੋਂ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਲੰਟੀਅਰਜ਼ ਨੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਨੂੰ ਪੇਸ਼ ਕਰਦੇ ਪੋਸਟਰ ਬਣਾਏ ਅਤੇ ਸੰਸਾਰ ਵਿੱਚ ਔਰਤਾਂ ਦੀ ਮਹੱਤਤਾ ਨੂੰ ਦਰਸਾਉਂਦੇ ਸਲੋਗਨ ਲਿਖੇ। ਵਿਦਿਆਰਥਣਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਆਪਣੇ ਵਿਚਾਰ ਭਾਸ਼ਣ ਰੂਪ ਵਿੱਚ ਪੇਸ਼ ਕੀਤੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਕੌਰ ਨੇ ਕੌਮਾਂਤਰੀ ਨਾਰੀ ਦਿਵਸ ਦੇ ਮੌਕੇ ਸੰਸਾਰ ਭਰ ਦੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਔਰਤਾਂ ਦਾ ਸਮਾਜ ਦੇ ਹਰ ਖੇਤਰ ਵਿਚ ਮਹਾਨ ਯੋਗਦਾਨ ਹੈ ਇਸ ਕਰਕੇ ਉਨ੍ਹਾਂ ਨੂੰ ਸਨਮਾਨ ਮਿਲਣਾ ਲਾਜ਼ਮੀ ਹੈ। ਮੈਡਮ ਨੇ ਕਾਲਜ ਵਿਖੇ ਇਸ ਦਿਨ ਨੂੰ ਮਨਾਉਂਦੇ ਹੋਏ ਕਰਵਾਏ ਗਏ ਮੁਕਾਬਲਿਆਂ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਐੱਨ. ਐੱਸ .ਐੱਸ .ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਕਿਰਨ, ਪ੍ਰੋ. ਹਿਨਾ ਅਤੇ ਡਾ. ਹਰਬਿੰਦਰ ਕੌਰ ਨੇ ਅੱਜ ਦੇ ਦਿਨ ਬਾਰੇ ਵਲੰਟੀਅਰਜ਼ ਨੂੰ ਜਾਣਕਾਰੀ ਦਿੰਦਿਆਂ ਕਿਹਾ ਅਤੇ ਹਰ ਔਰਤ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਣ ਚਾਹੀਦਾ ਹੈ। ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਰਾਮਗੜ੍ਹੀਆ ਐਜ਼ੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ .ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਵੀ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ਸੰਸਾਰ ਭਰ ਦੀਆਂ ਔਰਤਾਂ ਨੂੰ ਵਧਾਈ ਸੰਦੇਸ਼ ਦਿੱਤਾ।