ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ 18 ਅਪ੍ਰੈਲ ਨੂੰ

Ludhiana Punjabi

DMT : ਲੁਧਿਆਣਾ : (13 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਪੰਦਰਵੀਂ ਅਥਲੈਟਿਕ ਮੀਟ ਵਾਸਤੇ ਸਾਰੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ, ਇਹ ਜਾਣਕਾਰੀ ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਦਿੱਤੀ।ਉਨ੍ਹਾਂ ਕਿਹਾ ਕਿ ਇਸ ਅਥਲੈਟਿਕ ਮੀਟ ਦਾ ਉਦਘਾਟਨ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ 18 ਅਪ੍ਰੈਲ, 2023 ਨੂੰ ਸਵੇਰੇ 9.30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਂਡ ਵਿੱਚ ਕਰਨਗੇ। ਪਦਮ ਸ਼੍ਰੀ, ਰਾਣੀ ਰਾਮਪਾਲ, ਭਾਰਤੀ ਹਾਕੀ ਖਿਡਾਰੀ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਬਹੁਤ ਅਹਿਮ ਪ੍ਰਾਪਤੀਆਂ ਕਰ ਰਹੇ ਹਨ।ਸਰਵ ਭਾਰਤੀ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ੳਨ੍ਹਾਂ ਨੇ ਬੜੀਆਂ ਸਿਰਮੌਰ ਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਸਥਾਪਿਤ ਕਾਲਜਾਂ, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਤੋਂ ਇਲਾਵਾ ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ (ਬਠਿੰਡਾ), ਬਾਬਾ ਹੀਰਾ ਦਾਸ ਜੀ ਕਾਲਜ ਆਫ ਫਾਰਮੇਸੀ, ਬਾਦਲ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ, (ਬਠਿੰਡਾ) ਅਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮਿ੍ਤਸਰ ਦੇ ਵਿਦਿਆਰਥੀ ਵੀ ਹਿੱਸਾ ਲੈਣਗੇ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ ਅਤੇ ਰਾਸ਼ਟਰ ਦਾ ਨਾਂ ਉੱਚਾ ਕਰਨਗੇ।

ਖਿਡਾਰੀਆਂ ਦੀ ਹਰ ਸਹੂਲਤ ਵਾਸਤੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।ਮੁੱਢਲੀ ਸਹਾਇਤਾ, ਰਿਕਾਰਡ ਰੱਖਣ ਸਬੰਧੀ, ਗਰਾਊਂਡਾਂ ਦੇ ਪ੍ਰਬੰਧ ਸੰਬੰਧੀ ਅਤੇ ਕਿਸੇ ਹੋਰ ਅਚਨਚੇਤੀ ਲੋੜ ਵਾਸਤੇ ਜ਼ਿੰਮੇਵਾਰੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ’ਤੇ ਪੜ੍ਹਾਈ ਦਾ ਕਾਫੀ ਬੋਝ ਰਹਿੰਦਾ ਹੈ ਜਿਸ ਕਰਕੇ ਅਕਸਰ ਉਹ ਆਪਣੀਆਂ ਕਿਤਾਬਾਂ ਵਿੱਚ ਹੀ ਰੁੱਝੇ ਰਹਿੰਦੇ ਹਨ।ਇਸ ਲਈ ਅਜਿਹਾ ਦਿਨ ਜਿੱਥੇ ਉਨ੍ਹਾਂ ਨੂੰ ਮਾਨਸਿਕ ਤਨਾਓ ਤੋਂ ਰਾਹਤ ਦਿੰਦਾ ਹੈ, ਉੱਥੇ ਇਹ ਖੁਸ਼ੀ, ਖੇੜ੍ਹਾ ਉਨ੍ਹਾਂ ’ਤੇ ਦੇਰ ਤੱਕ ਸਿਹਤਮੰਦ ਪ੍ਰਭਾਵ ਵੀ ਪਾਉਂਦਾ ਹੈ।ਵਿਦਿਆਰਥੀਆਂ ਵੱਲੋਂ ਘੁੜਸਵਾਰੀ ਪ੍ਰਦਰਸ਼ਨ ਅਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *