- ਰੋਜਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਨੇਕ ਰਾਹ ‘ਤੇ ਲੈ ਜਾਂਦਾ ਹੈ : ਸ਼ਾਹੀ ਇਮਾਮ ਪੰਜਾਬ
DMT : ਲੁਧਿਆਣਾ : (24 ਮਾਰਚ 2023) : – ਪਵਿੱਤਰ ਰਮਜਾਨ ਮਹੀਨੇ ਦੇ ਅੱਜ ਪਹਿਲੇ ਜੁੰਮੇ ਦੀ ਨਮਾਜ ਮੌਕੇ ਸ਼ਹਿਰ ਭਰ ਵਿੱਚ ਲੱਖਾਂ ਮੁਸਲਮਾਨਾਂ ਨੇ ਅਲਗ-ਅਲਗ ਮਸਜਿਦਾਂ ‘ਚ ਅਦਾ ਕੀਤੀ | ਇਸ ਮੌਕੇ ‘ਤੇ ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰੋਜਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਚੰਗੇ ਰਾਹ ਵੱਲ ਲੈ ਕੇ ਜਾਂਦਾ ਹੈ | ਉਹਨਾਂ ਦੱਸਿਆ ਕਿ ਹਜਰਤ ਮੁਹੰਮਦ ਸਲਲੱਲਾਹੂ ਅਲੈਹੀਵਸੱਲਮ ਦਾ ਫਰਮਾਨ ਹੈ ਕਿ ਰੋਜਾ ਇਨਸਾਨ ਦੇ ਲਈ ਢਾਲ ਹੈ ਜਦੋ ਤੱਕ ਉਹ ਇਸਨੂੰ ਫਾੜ ਨਾ ਦਵੇ | ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਰੋਜਾ ਰੱਖਣ ਦਾ ਮੱਤਲਬ ਸਿਰਫ ਭੁੱਖੇ-ਪਿਆਸੇ ਰਹਿਣਾ ਨਹੀਂ ਹੈ | ਰੋਜੇਦਾਰ ‘ਤੇ ਲਾਜ਼ਮੀ ਹੈ ਕਿ ਉਹ ਅਪਣੀਆਂ ਅੱਖਾਂ, ਅਪਣੀ ਜੁਬਾਨ ਅਤੇ ਕੰਨਾਂ ਦਾ ਵੀ ਰੋਜਾ ਰੱਖੇ ਅਤੇ ਕਿਸੇ ਵੱਲ ਵੀ ਗਲਤ ਨਿਗ੍ਹਾਂ ਨਾਲ ਨਾ ਵੇਖੇ ਅਤੇ ਆਪਣੀ ਜੁਬਾਨ ਨਾਲ ਲੋਕਾਂ ਨੂੰ ਤਕਲੀਫ ਨਾ ਪਹੁੰਚਾਵੇ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਆਢੀਆਂ, ਰਿਸ਼ਤੇਦਾਰਾਂ ਦੇ ਨਾਲ-ਨਾਲ ਉਹਨਾਂ ਲੋਕਾਂ ਦਾ ਖਿਆਲ ਰੱਖਣ ਜੋ ਕਿ ਗਰੀਬੀ ਕਰਕੇ ਰਮਜਾਨ ਵਿੱਚ ਪ੍ਰੇਸ਼ਾਨ ਨਜਰ ਆਉਂਦੇ ਹਨ | ਉਹਨਾਂ ਕਿਹਾ ਕਿ ਗਰੀਬ ਦੀ ਮਦਦ ਕਰਨਾ ਸਾਡੇ ਲਈ ਲਾਜ਼ਿਮ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜਾ ਖਾਸ ਅੱਲ੍ਹਾਹ ਦੇ ਲਈ ਰੱਖਿਆ ਜਾਂਦਾ ਹੈ | ਉਹਨਾਂ ਕਿਹਾ ਕਿ ਅੱਲ੍ਹਾਹ ਤਾਆਲਾ ਨੂੰ ਰੋਜੇਦਾਰ ਦੇ ਮੁੰਹ ਦੀ ਬੂ ਬਹਿਸ਼ਤ (ਜੱਨਤ) ਦੀ ਖੁਸ਼ਬੂ ਨਾਲੋਂ ਜਿਆਦਾ ਚੰਗੀ ਲੱਗਦੀ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰ ਨੂੰ ਚਾਹੀਦਾ ਹੈ ਕਿ ਉਹ ਰਮਜਾਨ ਵਿੱਚ ਨੇਕੀ ਕਰਨ ਦੀ ਆਦਤ ਪਾਉਣ ਤਾਂਕਿ ਰਮਜਾਨ ਤੋਂ ਬਾਅਦ ਉਹ ਨੇਕੀ ਕਰਦਾ ਰਹੇ | ਉਹਨਾਂ ਕਿਹਾ ਕਿ ਜੇਕਰ ਸਾਡਾ ਰੋਜਾ ਸਾਨੂੰ ਝੂਠ ਬੋਲਣ, ਬੁਰੀ ਨਿਗ੍ਹਾ ਨਾਲ ਦੇਖਣ, ਮੰਦੀਆਂ ਗੱਲਾਂ ਕਰਨ, ਹਰਾਮ ਕਮਾਉਣ, ਸ਼ਰਾਬ ਪੀਣ ਤੋਂ ਨਹੀਂ ਰੋਕਦਾ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਹ ਇਨਸਾਨ ਰੋਜੇਦਾਰ ਨਹੀਂ ਹੈ | ਉਹਨਾਂ ਕਿਹਾ ਕਿ ਰਮਜਾਨ ਦੇ 30 ਦਿਨ ਸਾਨੂੰ ਬੁਰਾਈਆਂ ਨੂੰ ਛੱਡ ਕੇ ਖੁਦਾ ਦੇ ਹੁਕਮ ਮੁਤਾਬਿਕ ਜੀਵਨ ਜੀਉਣਾ ਚਾਹੀਦਾ ਹੈ | ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਦੇ ਪਹਿਲੇ ਜੁੰਮੇ ਦੀ ਨਮਾਜ ਦੇ ਮੌਕੇ ‘ਤੇ ਲੱਖਾਂ ਮੁਸਲਮਾਨ ਮਸਜਿਦਾਂ ‘ਚ ਇਕੱਠੇ ਹੋਏ ਜਿੱਥੇ ਨਮਾਜ ਤੋਂ ਬਾਅਦ ਵਿਸ਼ਵ ਸ਼ਾਂਤੀ ਦੀ ਦੁਆ ਵੀ ਕਰਵਾਈ ਗਈ |