- ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾਃ ਹਰਿਭਜਨ ਸਿੰਘ ਭਾਟੀਆ ਦੇਣਗੇ।
- ਪ੍ਰਧਾਨਗੀ ਵਰਿਆਮ ਸੰਧੂ ਤੇ ਸੁਰਿੰਦਰ ਗਿੱਲ ਕਰਨਗੇ।
DMT : ਲੁਧਿਆਣਾ : (11 ਮਾਰਚ 2023) : – ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਆਰੰਭ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦੇਂਦਿਆਂ ਕੇਂਦਰ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰ ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਮਵਰ ਪੰਜਾਬੀ ਵਾਰਤਕ ਲੇਖਕ ਤੇ ਆਲੋਚਕ ਡਾ. ਅਨੂਪ ਸਿੰਘ ਬਟਾਲਾ ਨੂੰ ਦਿੱਤਾ ਜਾਵੇਗਾ।
ਡਾ. ਅਨੂਪ ਸਿੰਘ ਵਾਰਤਕ ਸਿਰਜਣਾ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਤੋਂ ਇਲਾਵਾ ਗੁਰਮਤਿ ਫ਼ਲਸਫ਼ੇ ਅਤੇ ਮਾਰਕਸਵਾਦੀ ਫ਼ਲਸਫ਼ੇ ਦੀ ਸਿਧਾਂਤਕ ਸਹਿਯਾਤਰਾ ਨੂੰ ਸਮਝਣ ਸਮਝਾਉਣ ਵਾਲੀ ਪਹੁੰਚ ਰੱਖਣ ਵਾਲੇ ਵਿਦਵਾਨ ਹਨ। ਡਾਃ ਅਨੂਪ ਸਿੰਘ ਨੇ ਹੁਣ ਤੀਕ 44 ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। ਉਹ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਹਨ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ 21 ਹਜ਼ਾਰ ਰੁਪੈ ਦੀ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਪੱਤਰ ਭੇਂਟ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਿਰਮੌਰ ਪੰਜਾਬੀ ਲੇਖਕ ਤੇ ਹਲਵਾਰਵੀ ਜੀ ਦੇ ਨਿਕਟ ਸਨੇਹੀ ਡਾ. ਵਰਿਆਮ ਸਿੰਘ ਸੰਧੂ ਤੇ ਡਾਃ ਸੁਰਿੰਦਰ ਗਿੱਲ ਹੋਣਗੇ।
ਇਪਸਾ ਦੇ ਬੁਲਾਰੇ ਸਰਬਜੀਤ ਸੋਹੀ ਨੇ ਬਰਿਸਬੇਨ ਤੋਂ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਵਿਸ਼ੇਸ਼ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਤਹਿਤ ਪੰਜਾਬੀ ਦੇ ਨਾਮਵਰ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਸਾਬਕਾ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਵਿਚਾਰ ਰੱਖਣਗੇ।ਵਿਸ਼ੇਸ਼ ਭਾਸ਼ਨ ਦਾ ਵਿਸ਼ਾ ‘ਪੰਜਾਬੀ ਸਾਹਿਤ ਦੇ ਮਾਨਵੀ ਸਰੋਕਾਰ ਅਤੇ ਵਰਤਮਾਨ ਸੰਕਟ’ ਹੋਵੇਗਾ।
ਉਨ੍ਹਾਂ ਆਖਿਆ ਕਿ ਇਹ ਸਮਾਗਮ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ ਵਿਖੇ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਡਾਇਰੈਕਟਰ ਸਾਹਿਬ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਮੰਚ ਸੰਚਾਲਨ ਪੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਵੱਲੋਂ ਕੀਤਾ ਜਾਵੇਗਾ। ਸੰਸਥਾ ਦੇ ਜਨਰਲ ਸਕੱਤਰ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਹਰਭਜਨ ਹਲਵਾਰਵੀ ਜੀ ਦੇ ਨਿਕਟ ਵਰਤੀ ਕਵੀ ਡਾਃ ਸੁਰਿੰਦਰ ਗਿੱਲ ਕਰਨਗੇ। ਕਵੀ ਦਰਬਾਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ,ਰਵਿੰਦਰ ਭੱਠਲ ,ਡਾ. ਲਖਵਿੰਦਰ ਸਿੰਘ ਜੌਹਲ, ਪਰਵਾਸੀ ਲੇਖਕ ਸੁਰਿੰਦਰ ਸਿੰਘ ਸੁੰਨੜ,ਮਨਜੀਤ ਇੰਦਰਾ,ਸੁਖਵਿੰਦਰ ਅੰਮ੍ਰਿਤ, ਮਨਜਿੰਦਰ ਧਨੋਆ,ਤਰਲੋਚਨ ਲੋਚੀ ਰਾਜਦੀਪ ਸਿੰਘ ਤੂਰ ,ਪਾਲੀ ਖ਼ਾਦਿਮ,ਡਾਃ ਦੇਵਿੰਦਰ ਦਿਲਰੂਪ,ਹਰਮੀਤ ਵਿਦਿਆਰਥੀ,ਕੁਲਦੀਪ ਜਲਾਲਾਬਾਦ ,ਸੁਖਜਿੰਦਰ,ਸੁਖਦੇਵ ਭੱਟੀ ਮਨਜੀਤ ਪੁਰੀ ,ਕੁਮਾਰ ਜਗਦੇਵ,ਜੈਨਿੰਦਰ ਚੌਹਾਨ ,ਬਲਵਿੰਦਰ ਸੰਧੂ,ਗੁਰਚਰਨ ਪੱਬਾਰਾਲੀ, ਤੇਜਵਿੰਦਰ ਬਰਾੜ ਤੇ ਸੁਖਦੀਪ ਬਿਰਧਨੋ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।
ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਹਨਾਂ ਦੀ ਜੀਵਨ ਸਾਥਣ ਪ੍ਰੋਃ ਪ੍ਰਿਤਪਾਲ ਕੌਰ ਹਲਵਾਰਵੀ, ਭਰਾਤਾ ਡਾ. ਨਵਤੇਜ ਸਿੰਘ ਹਲਵਾਰਵੀ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।