ਆਪੋ ਆਪਣੀ ਚੁੱਪ ਨੂੰ ਤੋੜੋ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (02 ਅਕਤੂਬਰ 2023) : –

ਦੇਸ਼ ਕੌਮ ਤੇ ਮਾਨਵਤਾ ਦੇ ਪੈਰੀਂ ਜੋ ਜ਼ੰਜੀਰਾਂ ਪਈਆਂ ।
ਸਿਉਂਕ ਨੇ ਖਾਧੇ ਘਰ ਦੇ ਬੂਹੇ ?
ਸਣੇ ਚੁਗਾਠਾਂ ਅਤੇ ਬਾਰੀਆਂ ।
ਗਿਆਨ ਧਿਆਨ ਫ਼ਲਸਫ਼ੇ ਲੀਰਾਂ ਲੀਰਾਂ ਹੋਏ ।
ਨੰਗੀ ਅੱਖ ਨੂੰ ਕੇਵਲ ਉਤਲਾ ਰੋਗਨ ਦਿਸਦਾ ।
ਸੁੱਤਿਆਂ ਸੁੱਤਿਆਂ ਖਾ ਗਈ ਚੰਦਰੀ ਸਭ ਅਲਮਾਰੀਆਂ ।

ਪੜ੍ਹੇ ਲਿਖੇ ਚਿੰਤਕ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕੋ ।
ਸੁਣੋ ਸੁਣੋ ਹੁਣ ਏਧਰ ਆਪਣੀ ਬਿਰਤੀ ਜੋੜੋ,
ਆਪੋ ਆਪਣੀ ਚੁੱਪ ਨੂੰ ਤੋੜੋ ।

ਚੁੱਪ ਨੂੰ ਗਹਿਣਾ ਮੰਨਦੇ ਮੰਨਦੇ,
ਅੱਧੀ ਸਦੀ ਵਿਅਰਥ ਗੁਆਈ।
ਬੁੜ ਬੁੜ ਕਰਦੇ ਘੂਕੀ ਅੰਦਰ ਸੁੱਤੇ ਸੁੱਤੇ,
ਬੋਲਣ ਦੀ ਸਭਨਾਂ ਨੇ ਲੱਗਦੈ ਜਾਚ ਭੁਲਾਈ ।

ਇਸ ਤੋਂ ਅੱਗੇ ਪਿੱਛੇ ਸੱਜੇ ਖੱਬੇ ਪਾਸੇ,
ਉਹ ਅਣਦਿਸਦੀ ਡੂੰਘੀ ਖਾਈ ।
ਜਿਸ ਵਿੱਚ ਡਿੱਗੀ ਚੀਜ਼ ਕਦੇ ਨਹੀਂ ਵਾਪਸ ਆਈ ।

ਖੌਰੇ ਕਿਹੜੇ ਭਰਮ ਭੁਲੇਖੇ,
ਜਾਂ ਫਿਰ ਡੂੰਘੀ ਸਾਜ਼ਿਸ਼ ਕਾਰਨ,
ਅਸਾਂ ਸਮਝਿਆ ।
ਪੜ੍ਹਨ ਲਿਖਣ ਦਾ ਕਾਰਜ ਕਰਦੇ,
ਪੜ੍ਹਦੇ ਅਤੇ ਪੜ੍ਹਾਉਂਦੇ ਸਾਰੇ,
ਰੰਗ ਦੇ ਰਸੀਏ ਸ਼ਬਦਕਾਰ,
ਤੇ ਸੁਰ ਸ਼ਹਿਜ਼ਾਦੇ ।
ਪਰਮਾਤਮ ਲੜ ਲੱਗੇ ਲੋਕੀਂ,
ਕੇਵਲ ਪੁਸਤਕ-ਪਾਠ ਕਰਨਗੇ ।

ਪਾਠ ਪੁਸਤਕਾਂ ਵੀ ਬੱਸ ਉਹੀ,
ਜਿਨ੍ਹਾਂ ਦੇ ਅੱਖਰ ਅੱਧਮੋਏ ।
ਨਵੀਂ ਸੋਚ ਤੇ ਸਰੋਕਾਰ ਸੰਸਾਰ ਨਵੇਲੇ,
ਜਿਸ ਵਿਚ ਵਰਜਿਤ ਧੁੰਦਲੇ ਹੋਏ ।

ਕਲਮਾਂ ਤੇ ਬੁਰਸ਼ਾਂ ਸੰਗ ਸੁਪਨ-ਸਿਰਜਣਾ ਕਰਦੇ,
ਹੇਕਾਂ ਲਾ ਲਾ ਸੁਰਾਂ ਵੇਚਦੇ ਗਾਉਣ ਵਾਲਿਓ !
ਜਾਗੋ ਜਾਗੋ ਸੌਣ ਵਾਲਿਓ ।

ਨ੍ਹੇਰੇ ਵਿਚੋਂ ਬਾਹਰ ਆਓ।
ਕਿਹੜੀ ਸ਼ਕਤੀ ਹੈ ਜੋ ਸਾਨੂੰ,
ਆਪਣੀ ਇੱਛਿਆ ਮੂਜਬ ਤੋਰੇ ।
ਭਰ ਵਗਦੇ ਦਰਿਆਵਾਂ ਦੇ ਜੋ ਕੰਢੇ ਭੋਰੇ ।
ਧਰਤੀ ਦੀ ਮਰਯਾਦਾ ਖੋਰੇ ।
ਜਿੱਸਰਾਂ ਚਾਹੇ ਰਾਗ-ਰੰਗ ਸ਼ਬਦਾਂ ਨੂੰ,
ਕਿਸੇ ਵਗਾਰੀ ਵਾਂਗੂੰ,
ਜਿੱਧਰ ਚਾਹੇ ਮਰਜ਼ੀ ਤੋਰੇ ।

ਸਰਮਾਏ ਦੀ ਅਮਰ-ਵੇਲ ਹੈ,
ਅਣਦਿਸਦੀ ਜਹੀ ਤਾਰ ਦਾ ਬੰਧਨ ।
ਤਨ ਮਨ ਉੱਪਰ ਧਨ ਦਾ ਪਹਿਰਾ ।
ਚਾਰ ਚੁਫ਼ੇਰ ਪਸਰਿਆ ਸਹਿਰਾ ।

ਬੰਦੇ ਕਾਹਦੇ ਕੋਹਲੂ ਅੱਗੇ ਜੁੱਪੇ ਢੱਗੇ,
ਰੰਗ ਬਰੰਗੇ ਗਦਰੇ ਬੱਗੇ ।
ਉੱਡਣੇ ਪੁੱਡਣੇ ਪੰਛੀ ਬਣ ਗਏ ਰੀਂਘਣ ਹਾਰੇ ।
ਰਾਜ ਭਵਨ ਦੀ ਅਰਦਲ ਬੈਠੇ ਬਣੇ ਨਿਕਾਰੇ ।

ਭੂਤ ਭਵਿੱਖ ਤੇ ਵਰਤਮਾਨ ਨੂੰ,
ਸਰਮਾਏ ਦਾ ਨਾਗ ਲਪੇਟੇ ਮਾਰੀ ਬੈਠਾ ।
ਜਦ ਵੀ ਕੋਈ ਇਸ ਤੋਂ ਮੁਕਤੀ ਦੀ ਗੱਲ ਸੋਚੇ,
ਕੁੱਤੇ ਬਿੱਲੀਆਂ ਗਿੱਦੜਾਂ ਤੇ ਬਘਿਆੜਾਂ ਰਲ ਕੇ,
ਸਦਾ ਉਨ੍ਹਾਂ ਦੇ ਮੂੰਹ-ਸਿਰ ਨੋਚੇ ।

ਜੇਕਰ ਸਾਡਾ ਚਿੰਤਨ ਸੋਚ ਚੇਤਨਾ ਸਭ ਕੁਝ,
ਨਿਸ਼ਚਤ ਦਾਇਰੇ ਅੰਦਰ ਹੀ ਬੱਸ ਬੰਦ ਰਹਿਣਾ ਹੈ ।
ਜੇਕਰ ਆਪਾਂ ਆਪਣੀ ਅਕਲ ਮਹਾਨ ਸਮਝ ਕੇ,
ਗੁਫ਼ਾ ਵਿਚ ਪਏ ਰਹਿਣਾ ਹੈ ।

ਤਦ ਫਿਰ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦਾ ਪਹੀਆ,
ਜਬਰ ਜਨਾਹੀਆਂ ਚੋਰ ਲੁਟੇਰਿਆਂ ,
ਤੇ ਕਾਲੇ ਧਨ ਵਾਨ ਸ਼ਾਸਕਾਂ,
ਹੱਥ ਰਹਿਣਾ ਹੈ ।

ਹੇ ਧਰਤੀ ਦੇ ਜੰਮੇ ਜਾਏ,
ਅਕਲਾਂ ਵਾਲੇ ਲੋਕੋ ਆਓ ।
ਆਪੋ ਆਪਣੀ ਸੁਰਤਿ ਜਗਾਓ ।
ਵਰਜਿਤ ਰਾਹਾਂ ਚੱਲ ਕੇ ਨਵੀਆਂ ਪੈੜਾਂ ਪਾਓ ।

ਵਕਤ ਦੇ ਅੱਥਰੇ ਘੋੜੇ ਨੂੰ,
ਹੁਣ ਕਾਬੂ ਕਰੀਏ ।
ਇਸ ਉੱਪਰ ਹੁਣ ਕਾਠੀ ਪਾਈਏ ।

ਸਬਰ ਦਾ ਸਰਵਰ ਨੱਕੋ ਨੱਕ ਹੈ,
ਤਰਣ ਦੁਹੇਲਾ ।
ਲੱਖ ਕਰੋੜ ਸਿਰਾਂ ਨੂੰ ਜੋੜੋ ।
ਚੁੱਪ ਨਾ ਬੈਠੋ,
ਆਪੋ ਆਪਣੀ ਚੁੱਪ ਨੂੰ ਤੋੜੋ । 

Leave a Reply

Your email address will not be published. Required fields are marked *