ਇਕੱਲਾ ਸਿੱਧੂ ਪੈਅ ਰਿਹੈ ਪੂਰੀ ਸੂਬਾ ਕਾਂਗਰਸ ਤੇ ਭਾਰੂ

Ludhiana Punjabi
  • ਪੰਜਾਬ ਵਿੱਚ ‘ਇੰਡੀਆ ਗਠਜੋੜ’ ਤੇ ਚੱਲ ਰਿਹੈ ਭੰਬਲਭੂਸਾ

DMT : ਲੁਧਿਆਣਾ : (22 ਜਨਵਰੀ 2024) : –

ਪੰਜਾਬ ਵਿੱਚ ਜਨਤਾ ਵਲੋਂ ਜਦੋਂ ਦੀ ਕਾਂਗਰਸ ਪਾਰਟੀ ਕੇਂਦਰੀ ਸਤਾ ਤੋਂ ਲਾਂਭੇ ਕੀਤੀ ਗਈ ਹੈ, ਉਸ ਵਿਚ ਅਨੁਸਾਸ਼ਨ ਨਾਮ ਦੀ ਕੋਈ ਸ਼ੈ ਬਾਕੀ ਬਚੀ ਦਿਖਾਈ ਨਹੀਂ ਦੇ ਰਹੀ। ਸੱਤਾ ਖੁੱਸਣ ਨਾਲ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਗ੍ਰਿਪ ਸਮੁੱਚੇ ਤੌਰ ਤੇ ਬਹੁਤ ਢਿੱਲੀ ਹੋ ਚੁੱਕੀ ਹੈ, ਉਹਨਾਂ ਲਈ ਪਾਰਟੀ ਵਿਚ ਅਨੁਸ਼ਾਸਨਹੀਣਤਾ ਰੋਕਣ ਵੱਲ ਧਿਆਨ ਦੇਣ ਦੀ ਬਜਾਏ, ਲੀਡਰਾਂ ਨੂੰ ਪਾਰਟੀ ਵਿਚ ਰੋਕੀ ਰਖਣਾ ਵਡੀ ਪ੍ਰਾਥਮਿਕਤਾ ਬਣੀ ਹੋਈ ਹੈ। ਇਕ ਸਮੇਂ ਪਾਰਟੀ ਅੰਦਰੋਂ ਬਹੁਤ ਸਾਰੇ ਸਿਨੀਅਰ ਲੀਡਰਾਂ ਨੇ ‘ ਗਰੁੱਪ -23’ ਨਾਮ ਦਾ ਗਰੁੱਪ ਖੜ੍ਹਾ ਕਰਕੇ ਕੇਂਦਰੀ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਉਠਾਈ ਸੀ, ਜਿਸ ਤੇ ਮਜਬੂਰੀ ਵਸ ਪਾਰਟੀ ਹਾਈ ਕਮਾਨ ਮੁੱਖ ਦਰਸ਼ਕ ਬਣ ਕੇ ਰਹਿ ਗਈ ਸੀ। ਹਾਈ ਕਮਾਨ ਕਿਸੇ ਵੀ ਬਾਗੀ ਲੀਡਰ ਖਿਲਾਫ ਕਾਰਵਾਈ ਨਹੀਂ ਸੀ ਕਰ ਸਕੀ। ਗੁਲਾਮ ਨੱਬੀ ਆਜ਼ਾਦ, ਕਪਿਲ ਸਿਬਲ, ਸਮੇਤ ਕੁਝ ਵਡੇ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਨੇ। ਪਾਰਟੀ ਵਿਚ ਵਿਖਰਾਅ ਦੇ ਚਲਦੇ ਆਖਿਰ ਰਾਹੁਲ ਗਾਂਧੀ ਨੂੰ ਪ੍ਰਧਾਨ ਦੀ ਚੋਣ ਪ੍ਰੀਕ੍ਰਿਆ ਤੋਂ ਲਾਂਬੇ ਹਟਣਾ ਪਿਆ। ਇਸੇ ਦੇ ਨਤੀਜੇ ਵਜੋਂ ਮਲਿਕਾਰਜੁਨ ਖੜਗੇ ਪ੍ਰਧਾਨ ਚੁਣੇ ਗਏ ਸਨ। ਪ੍ਰਧਾਨ ਦੀ ਚੋਣ ਸਮੇਂ ਸਸ਼ੀ ਥਰੂਰ ਨੇ ਖੜਗੇ ਖਿਲਾਫ ਚੋਣ ਲੜੀ ਪਰ ਪਾਰਟੀ ਉਸ ਦੇ ਖਿਲਾਫ ਵੀ ਖਾਮੋਸ਼ ਰਹੀ। ਇਸੇ ਤਰਾਂ ਸੂਬਾ ਯੂਨਿਟਾਂ ਵਿਚ ਵੀ ਅੰਦਰੂਨੀ ਖਹਿਬਾਜ਼ੀ ਦੇ ਚਲਦੇ ਪਾਰਟੀ ਕਾਫੀ ਨੁਕਸਾਨ ਉੱਠ ਚੁੱਕੀ ਹੈ। ਕਿਸੇ ਸਮੇਂ ਦੇਸ਼ ਦੇ ਬਹੁਤੇ ਸੂਬਿਆਂ ਵਿਚ ਸਰਕਾਰਾਂ ਚਲਾਉਣ ਵਾਲੀ ਪਾਰਟੀ ਸਿਰਫ ਤਿੰਨ ਸੂਬਿਆਂ ਕਰਨਾਟਕਾ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਤੱਕ ਸਿਮਟ ਕੇ ਰਹਿ ਗਈ। ਇਸ ਤੋਂ ਪਹਿਲਾਂ ਕਰਨਾਟਕਾ ਅਤੇ ਹਿਮਾਚਲ ਪ੍ਰਦੇਸ਼ ਵਿਚ ਪਾਰਟੀ ਦਾ ਬੀਜੇਪੀ ਖਿਲਾਫ ਜਿੱਤਾਂ ਹਾਸਿਲ ਕਰਕੇ, ਜੋਂ ਉਤਸ਼ਾਹ ਵਧਿਆ ਸੀ , ਉਹ ਮਧਪਰਦੇਸ਼, ਰਾਜਸਥਾਨ ਵਿਚ ਬੀਜੇਪੀ ਹੱਥੋਂ ਮਿਲੀਆਂ ਕਰਾਰੀਆਂ ਹਾਰਾਂ ਨਾਲ ਚਕਨਾਚੂਰ ਹੋ ਚੁੱਕਾ ਹੈ। ਹੁਣ ਕਾਂਗਰਸ ਪਾਰਟੀ ਇੰਡੀਆ ਗਠਜੋੜ ਵਿੱਚ ਭਾਈਵਾਲ ਪਾਰਟੀਆਂ ਨਾਲ ਕਾਫੀ ਨਰਮ ਪੈ ਕੇ ਸੀਟਾਂ ਦੀ ਐਡਜਸਟਮੈਂਟ ਕਰਨ ਲਈ ਮਜਬੂਰ ਜਾਪਦੀ ਹੈ। ਉਧਰ ਹੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਰਾਜਸਥਾਨ 36ਸਗੜ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਬੜੇ ਵੱਡੇ ਟੀਚੇ ਲੈ ਕੇ ਉੱਤਰੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਘਟੀਆ ਰਹਿਣ ਤੇ ਵਡੀ ਚੋਟ ਖਾ ਚੁੱਕੀ ਹੈ।ਉਧਰ ‘ਇੰਡੀਆ’ ਗਠਜੋੜ ਦੀ ਮੁੱਖ ਧਿਰ ਕਾਂਗਰਸ ਵੱਲੋਂ 14 ਜਨਵਰੀ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਬੁਨਿਆਦੀ ਮੁਦਿਆਂ ਤੇ ਅਧਾਰਿਤ ‘ਭਾਰਤ ਜੋੜੋ ਨਿਆਏ ਯਾਤਰਾ’ ਮਣੀਪੁਰ ਦੇ ਇੰਫਾਲ ਤੋਂ ਸ਼ੁਰੂ ਹੋਏਗੀ ਅਤੇ ਨਾਗਾਲੈਂਡ ਆਸਾਮ ਅਰੁਣਾਚਲ ਪ੍ਰਦੇਸ਼ ਹੁੰਦੀ ਹੋਈ ਦੇਸ਼ ਦੇ 15 ਰਾਜਾਂ ਨੂੰ ਕਵਰ ਕਰਦੀ ਹੋਈ 6700 ਕਿਲੋਮੀਟਰ ਤੈ ਕਰਕੇ ਮੁੰਬਈ ਪਹੁੰਚੇਗੀ। ਯਾਤਰਾ ਦੇਸ਼ ਦੇ 110 ਜਿਲਿਆਂ ਵਿੱਚ ਲੋਕ ਸਭਾ ਦੀਆਂ ਸੌ ਅਤੇ ਵਿਧਾਨ ਸਭਾ ਦੀਆਂ 337 ਸੀਟਾਂ ਕਵਰ ਕਰੇਗੀ। ਕਾਂਗਰਸ ਪ੍ਰਧਾਨ ਖੜਗੇ ਦਾ ਕਹਿਣੈ ਕਿ ਯਾਤਰਾ ਦੌਰਾਨ ਇੰਡੀਆ ਗਠਜੋੜ ਦੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਏਗਾ।

ਆਪਸੀ ਫੁੱਟ ਕਾਰਨ ਦਿਸ਼ਾਹੀਨ ਹੋਈ ਕਾਂਗਰਸ

ਸੂਬੇ ਵਿੱਚ ਪੰਜ ਸਾਲ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਪਾਰਟੀ 2022 ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਭਾਰੀ ਫੁੱਟ ਦਾ ਸ਼ਿਕਾਰ ਦਿਖਾਈ ਦਿੰਦੀ ਹੈ। ਬਹੁਤ ਸਾਰੇ ਵੱਡੇ ਲੀਡਰ ਹਿਤਾਸ਼ ਹੋ ਕੇ ਪਾਰਟੀ ਛੱਡ ਚੁੱਕੇ ਨੇ ਅਤੇ ਬੀਜੇਪੀ ਜੁਆਇਨ ਕਰ ਚੁੱਕੇ ਨੇ। ਸੂਬੇ ਦੀ ਬਾਕੀ ਬਚੀ ਲੀਡਰਸ਼ਿਪ ਕਿਸੇ ਪਾਸਿਓਂ ਵੀ ਇਕ-ਸੁਰਤਾ ਨਾਲ ਇਕੱਠੀ ਅੱਗੇ ਵਧਦੀ ਦਿਖਾਈ ਨਹੀਂ ਦਿੰਦੀ। ਜਦਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਦਾ ਸਮਾਂ ਬਾਕੀ ਬਚਿਐ। ਸੂਬੇ ਦੀ ਸੱਤਾਧਾਰੀ ‘ਆਪ’ ਅਤੇ ਕਾਂਗਰਸ ਪਾਰਟੀ ਇਕ ਦੂਜੇ ਖਿਲਾਫ ਸ਼ਰੇਆਮ ਜਹਿਰ ਉਗਲਦੀਆਂ ਨੇ ਅਤੇ ਕਿਸੇ ਵੀ ਕੀਮਤ ਤੇ ਇਕੱਠੇ ਚੱਲਣ ਲਈ ਸਹਿਮਤ ਨਹੀਂ। ਸੂਬਾ ਕਾਂਗਰਸ ਦੀਆਂ ਜਮੀਨੀ ਪੱਧਰ ਤੇ ਗਤੀਵਿਧੀਆਂ ਨਾ ਦੇ ਬਰਾਬਰ ਨੇ ਅਤੇ ਸਾਰੇ ਵੱਡੇ ਲੀਡਰ ਸਿਰਫ ਤੇ ਸਿਰਫ ਮੀਡੀਆ ਵਿੱਚ ਬਿਆਨਾਂ ਤੱਕ ਹੀ ਸੀਮਤ ਨੇ। ਪਾਰਟੀ ਦੇ ਤੇਜ਼ ਤਰਾਰ ਲੀਡਰ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੈਦਾ ਹੋਏ ਖਲਾਅ ਦਾ ਫਾਇਦਾ ਉਠਾਉਂਦੇ ਲਗਾਤਾਰ ਰੈਲੀਆਂ ਕਰਕੇ ਲੋਕਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਹੁਣ ਤਕ ਬਠਿੰਡਾ ਦੇ ਪਿੰਡ ਮਹਿਰਾਜ, ਕੋਟ ਸ਼ਮੀਰ, ਹੁਸ਼ਿਆਰਪੁਰ ਅਤੇ ਮੋਗਾ ਵਿਖੇ ਰੈਲੀਆਂ ਕਰ ਚੁੱਕੇ ਨੇ, ਜਿਨਾਂ ਵਿੱਚ ਲੋਕਾਂ ਦੇ ਵੱਡੇ ਇਕੱਠ ਜੁੜ੍ਹੇ ਨੇ ਅਤੇ ਜਨਤਾ ਸਿੱਧੂ ਦੇ ਲੱਛੇਦਾਰ ਭਾਸ਼ਣਾ ਦਾ ਗਰਮ ਜੋਸ਼ੀ ਨਾਲ ਹੁੰਗਾਰਾ ਭਰਦੀ ਦਿਖਦੀ ਹੈ। ਸੂਬਾ ਕਾਂਗਰਸ ਦੇ ਦੂਜੇ ਵੱਡੇ ਲੀਡਰ ਜਨਤਾ ਵਿਚ ਜਾਣ ਦੀ ਬਜਾਏ, ਸਿੱਧੂ ਖਿਲਾਫ ਅਨੁਸ਼ਾਸਨਹੀਣਤਾ ਲਈ ਸਖ਼ਤ ਕਾਰਵਾਈ ਕਰਕੇ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕਰਦੇ ਨੇ। ਉਧਰ ਹੀ ਪਾਰਟੀ ਦੇ ਨੈਸ਼ਨਲ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਤਿੰਨ ਮਹੀਨੇ ਪਿੱਛੋਂ ਜੇਲ ਚੋਂ ਬਾਹਰ ਆ ਕੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ ਰੱਖਿਐ ਅਤੇ ਉਹਨਾਂ ਨੇ ਆਪਣੇ ਜੱਦੀ ਪਿੰਡ ਰਾਮਗੜ੍ਹ ਵਿੱਚ ਵੱਡੀ ਰੈਲੀ ਕਰਕੇ ‘ਆਪ’ ਸਰਕਾਰ ਖਿਲਾਫ ਖੂਬ ਭੜਾਸ ਕੱਢੀ ਹੈ। ਸੂਬਾ ਕੰਗਰਸ ਦੇ ਨਵ-ਨਿਯੁਕਤ ਇੰਚਾਰਜ ਦਵਿੰਦਰ ਯਾਦਵ ਵੀ ਪੰਜਾਬ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਚੁੱਕੇ ਨੇ ਅਤੇ ਕਾਂਗਰਸ ਪ੍ਰਧਾਨ ਖੜਗੇ ਦੇ ਖੁਦ ਪੰਜਾਬ ਆ ਕੇ ਗਠਜੋੜ ਦੀ ਸੰਭਾਵਨਾ ਦਾ ਜਾਇਜ਼ਾ ਲੈਣਗੇ। ਪੰਜਾਬ ਦੇ ਨੇਤਾਵਾਂ ਦਾ ਕਹਿਣੈ ਕਿ ‘ਆਪ’ ਨਾਲ ਮਿਲ ਕੇ ਚੋਣ ਲੜਨ ਨਾਲ ਸੂਬੇ ਵਿਚ ਪਾਰਟੀ ਆਧਾਰ ਨੂੰ ਭਾਰੀ ਖੋਰਾ ਲੱਗੇਗਾ। ਉਂਝ ਕਈ ਲੀਡਰ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਨਾਲ ਚਲਣ ਦੀ ਹਾਮੀ ਭਰ ਰਹੇ ਨੇ। ਜੇਕਰ ਕਾਂਗਰਸ ‘ਆਪ’ ਨਾਲ ਮਿਲ ਕੇ ਚੋਣਾਂ ਲੜਦੀ ਹੈ ਤਾਂ ਰਾਜਨੀਤੀ ਦੇ ਹਾਸ਼ੀਏ ਤੇ ਚਲ ਰਹੇ ਅਕਾਲੀ ਦਲ ਦੀ ਮੁੜ ਸੁਰਜੀਤੀ ਹੋਣੀ ਲਾਜ਼ਮੀ ਦਿਖਦੀ ਹੈ। ਇਸ ਨਾਲ ਅਕਾਲੀ – ਬਿਪੀ ਦੇ ਮੁੜ ਗਠਜੋੜ ਹੋਣਾਂ ਸੰਭਵ ਜਾਪਦੈ। ਅਕਾਲੀ ਦਲ ਨੇ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਤੱਕ ਲੈਜਾਣ ਲਈ 1 ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਨ ਜਾ ਰਹੀ ਹੈ। ਅਜਿਹੇ ਵਿਚ ਕਾਂਗਰਸ ਦਾ ਸੂਬੇ ਵਿਚ ‘ਆਪ’ ਨਾਲ ਮਿਲ ਕੇ ਚੋਣਾਂ ਲੜਨਾ ਆਤਮਘਾਤੀ ਸਿੱਧ ਹੋ ਸਕਦੈ। ਜਨਤਾ ਬਦਲਾਵ ਲਈ ਲਿਆਂਦੀ ‘ਆਪ’ ਸਰਕਾਰ ਤੋਂ ਖਫਾ ਹੈ। ਹੁਣ ਸਿੱਧੂ ਪਾਸ ਆਪਣੀ ਪਾਰਟੀ ਬਣਾਉਣ ਤੋਂ ਸਵਾਏ ਕੋਈ ਹੋਰ ਰਸਤਾ ਬਚਿਆ ਹੀ ਨਹੀਂ। ਪਰ ਨਵੀਂ ਪਾਰਟੀ ਦਾ ਪੂਰਾ ਸੰਗਠਨ ਕਰਕੇ ਜਨਤਾ ਵਿਚ ਸਥਾਪਿਤ ਕਰਨਾ ਆਸਾਨ ਨਹੀਂ ਹੋਵੇਗਾ। ਪਰ ਇਸ ਸਮੇਂ ਸਿੱਧੂ ਸਾਰੇ ਸੂਬਾ ਲੀਡਰਾਂ ਤੇ ਭਾਰੀ ਪੈਂਦੇ ਨਜ਼ਰ ਆ ਰਹੇ ਨੇ।

ਸੂਬੇ ਵਿੱਚ ਦਿਸ਼ਾ ਹੀਣ ਹੋਈ ਆਮ ਆਦਮੀ ਪਾਰਟੀ

‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਟਕਰ ਦੇਣ ਲਈ ‘ਇੰਡੀਆ ਗਠਜੋੜ’ ਨੂੰ ਮਜਬੂਤ ਬਣਾਉਣ ਲਈ ਕਾਫੀ ਸਰਗਰਮ ਦਿਖਦੇ ਨੇ। ਪਰ ਕਾਂਗਰਸ ਦੀਆਂ ਦਿਲੀ ਅਤੇ ਪੰਜਾਬ ਵਿੱਚ ਸਥਾਨਿਕ ਕਮੇਟੀਆਂ ਵਲੋਂ ਆਪ ਨਾਲ ਮਿਲ ਕੇ ਚੋਣਾਂ ਲੜਨ ਦਾ ਸਖ਼ਤ ਵਿਰੋਧ ਚਲ ਰਿਹੈ। ਇਹੋ ਕਾਰਨ ਹੈ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ‘ਆਪ’ ਸਾਸ਼ਿਤ ਦੋਂਵੇਂ ਸੂਬਿਆਂ ਸਬੰਧੀ ਫੈਸਲੇ ਨੂੰ ਲਮਕਾਅ ਰਹੀ ਹੈ। ਕੇਜਰੀਵਾਲ ਨੂੰ ਈਡੀ ਵੱਲੋਂ ਸ਼ਰਾਬ ਨੀਤੀ ਦੇ ਘੁਟਾਲੇ ਮਾਮਲੇ ਵਿੱਚ ਚਾਰ ਸੰਮਣ ਭੇਜ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਪੰਜਵਾਂ ਸੰਮਨ ਭੇਜ ਸਕਦੀ ਹੈ, ਜਾਂ ਫਿਰ ਗਿਰਫਤਾਰੀ ਲਈ ਅਗਲੇ ਕਦਮ ਉਠਾ ਸਕਦੀ ਹੈ। ਪਾਰਟੀ ਇਸ ਨੂੰ ਬੀਜੇਪੀ ਦੀ ਬਦਲਾ ਲਊ ਕਾਰਵਾਈ ਦੱਸਦੀ ਹੈ, ਪਰ ਭ੍ਰਿਸ਼ਟਾਚਾਰ ‘ਚ ਗ੍ਰਿਫਤਾਰ ਹੋਏ ਮੁਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਵੀ ਜਮਾਨਤ ਨਾ ਮਿਲਣ ਕਾਰਨ ਇਸ ਦਲੀਲ ਵਿੱਚ ਦਮ ਦਿਖਾਈ ਨਹੀਂ ਦੇ ਰਿਹਾ। ਅਜਿਹੇ ਵਿੱਚ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਆਪਣੀ ਸ਼ਾਖ ਬਚਾਉਣ ਲਈ ਕਾਂਗਰਸ ਪਾਰਟੀ ਨਾਲ ਸੀਟਾਂ ਦੀ ਲੈਅ ਦੇਅ ਕਰਨ ਲਈ ਤਰਲੋ ਮੱਛੀ ਹੁੰਦੀ ਜਾਪਦੀ ਹੈ। ਦੋਵੇਂ ਪਾਰਟੀਆਂ ਦੇ ਆਗੂ ਆਪਣੇ ਦਮ ਤੇ ਚੋਣਾਂ ਜਿਤਣ ਦੇ ਗਮਗਜੇ ਮਾਰ ਰਹੇ ਨੇ। ਅਜਿਹੇ ਵਿਚ ਗੱਠਜੋੜ ਦੇ ਅੱਗੇ ਵਧਣ ਦੀ ਸੰਭਾਵਨਾ ਕਾਫੀ ਘੱਟ ਦਿਖਾਈ ਦਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਮੁਫ਼ਤ ਬਿਜਲੀ ਅਤੇ ਮੁਹੱਲਾ ਕਨਿਨਿਕਾ ਦੇ ਸਹਾਰੇ ਤੇ ਸਾਰੀਆਂ ਸੀਟਾਂ ਇਕੱਲੇ ਜਿਤਣ ਲਈ ਆਸਵੰਦ ਨੇ। ਮੁੱਖ ਮੰਤਰੀ ਦਾ ਅਕਸਰ ਸੂਬੇ ਦਾ ਜਹਾਜ ਲੈਕੇ ਕੇਜਰੀਵਾਲ ਨਾਲ ਦੂਜੇ ਸੂਬਿਆਂ ਵਿਚ ਪਾਰਟੀ ਪ੍ਰਚਾਰ ਲਈ ਘੁੰਮਣ ਅਤੇ ਸੂਬੇ ਦੇ ਵਡੇ ਮੁਦਿਆਂ ਤੇ ਵਿਰੋਧੀ ਸਟੈਂਡ ਲੈਣ ਕਾਰਨ ਕਾਫੀ ਗੁੱਸੇ ਵਿਚ ਹੈ। ਸੂਬੇ ਵਿਚ ਅਮਨ ਕਨੂੰਨ ਅਤੇ ਵਧੇ ਹੋਏ ਭ੍ਰਿਸ਼ਟਾਚਾਰ ਕਰਨ ਵੀ ਜਨਤਾ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋਇਆ ਸਪਸ਼ਟ ਝਲਕਦੈ, ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੈ।

ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *