ਐਨ.ਜੀ.ਟੀ. ਦੀ ਤੱਥ ਖੋਜ ਕਮੇਟੀ ਵਲੋਂ ਜਾਂਚ ਸ਼ੁਰੂ

Ludhiana Punjabi
  • ਗਿਆਸਪੁਰਾ ਗੈਸ ਲੀਕ ਮਾਮਲਾ

DMT : ਲੁਧਿਆਣਾ : (08 ਮਈ 2023) : – ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੁਆਰਾ ਗਠਿਤ ਅੱਠ ਮੈਂਬਰੀ ਤੱਥ ਖੋਜ ਕਮੇਟੀ ਵਲੋਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦਾ ਦੌਰਾ ਕੀਤਾ ਅਤੇ 30 ਅਪ੍ਰੈਲ, 2023 ਨੂੰ 11 ਵਿਅਕਤੀਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਗੈਸ ਲੀਕ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਕਮੇਟੀ ਦੀ ਅਗਵਾਈ ਪੀ.ਪੀ.ਸੀ.ਬੀ. ਦੇ ਚੇਅਰਮੈਨ ਡਾਕਟਰ ਆਦਰਸ਼ ਪਾਲ ਵਿਗ ਕਰ ਰਹੇ ਹਨ ਅਤੇ ਇਸ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ (ਉੱਤਰ), ਗੁਰਨਾਮ ਸਿੰਘ, ਸੀ.ਐਸ.ਆਈ.ਆਰ-ਇੰਡੀਅਨ ਇੰਸਟੀਚਿਊਟ ਆਫ਼ ਟੌਕਸੀਕੋਲੋਜੀ ਰਿਸਰਚ, ਲਖਨਊ ਤੋਂ ਸ਼ੀਲੇਂਦਰ ਪ੍ਰਤਾਪ ਸਿੰਘ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਤੋਂ ਡਾ. ਲਕਸ਼ਮੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਤੋਂ ਉੱਤਮ ਚੰਦ, ਜ਼ਿਲ੍ਹਾ ਮੈਜਿਸਟਰੇਟ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਮੈਂਬਰ ਸਕੱਤਰ ਪੀ.ਪੀ.ਸੀ.ਬੀ. ਇੰਜੀ: ਜੀ.ਐਸ. ਮਜੀਠੀਆ ਸ਼ਾਮਲ ਹਨ।

ਕਮੇਟੀ ਵਲੋਂ ਮੈਨਹੋਲ, ਮਿਲਕ ਬੂਥ ਅਤੇ ਹੋਰਾਂ ਸਮੇਤ ਦੁਰਘਟਨਾ ਵਾਲੀ ਥਾਂ ਦੇ ਨੇੜੇ ਸਾਰੀਆਂ ਥਾਵਾਂ ਦਾ ਜਾਇਜ਼ਾ ਲਿਆ। ਕਮੇਟੀ ਵਲੋਂ ਘਟਨਾਸਥੱਲ ਦੇ ਨੇੜੇ ਰਹਿਣ ਵਾਲੇ ਲੋਕਾਂ, ਬਚਾਅ ਕਰਨ ਵਾਲਿਆਂ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਿਨ੍ਹਾਂ ਵਲੋਂ ਮੈਂਬਰਾਂ ਨੂੰ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਵੀ ਦਿੱਤੀ।

ਕਮੇਟੀ ਮੈਂਬਰਾਂ ਵਲੋਂ ਘਟਨਾ ਸਬੰਧੀ ਵਾਇਰਲ ਹੋਈਆਂ ਵੱਖ-ਵੱਖ ਵੀਡੀਓਜ਼ ਦੀ ਰਿਕਾਰਡਿੰਗ ਵੀ ਲਈ।

ਪੈਨਲ ਦੇ ਮੁਖੀ ਡਾ. ਆਦਰਸ਼ ਪਾਲ ਵਿਗ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਲੀਕ ਹਾਦਸੇ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਬੂਤ ਇਸ ਘਟਨਾ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਵਿੱਚ ਸਹਿਯੋਗ ਲਈ ਕਮੇਟੀ ਕੋਲ ਜਮ੍ਹਾਂ ਕਰਵਾਉਣ।

ਡਾ. ਵਿਗ ਨੇ ਕਿਹਾ ਕਿ ਪੈਨਲ ਇੱਕ ਵਿਸਤ੍ਰਿਤ ਅਤੇ ਤੱਥਾਂ ‘ਤੇ ਆਧਾਰਿਤ ਰਿਪੋਰਟ ਤਿਆਰ ਕਰੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਮੰਦਭਾਗਾ ਤੇ ਦੁਖਦਾਈ ਹਾਦਸਾ ਨਾ ਵਾਪਰੇ।

ਇਹ ਇੱਕ ਪਲੇਠੀ ਮੀਟਿੰਗ ਸੀ ਅਤੇ ਸਾਰੀਆਂ ਤਕਨੀਕੀ ਏਜੰਸੀਆਂ ਨੂੰ ਤੱਥ ਖੋਜ ਕਮੇਟੀ ਦੁਆਰਾ ਹੋਰ ਵਿਚਾਰ/ਵਿਸ਼ਲੇਸ਼ਣ ਲਈ ਆਪਣੇ ਆਦੇਸ਼ ਅਨੁਸਾਰ ਆਪਣੀਆਂ ਰਿਪੋਰਟਾਂ ਪੇਸ਼ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *