ਗਡਕਰੀ ਨੇ ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ ਦੇ ਨਾਲ ਸਾਈਕਲ ਟਰੈਕ ਅਤੇ ਪਾਰਕਿੰਗ ਸਲਾਟ ਦਾ ਦਿੱਤਾ ਭਰੋਸਾ: ਅਰੋੜਾ

Ludhiana Punjabi

DMT : ਲੁਧਿਆਣਾ : (28 ਜੁਲਾਈ 2023) : – ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਲੁਧਿਆਣਾ ਆਉਣ ਦੀ ਬੇਨਤੀ ਕੀਤੀ। ਅਰੋੜਾ ਨੇ ਕਿਹਾ, “ਮੇਰੀ ਬੇਨਤੀ ‘ਤੇ, ਗਡਕਰੀ ਨੇ ਸੰਸਦ ਦੇ ਮੌਜੂਦਾ ਮਾਨਸੂਨ ਸੈਸ਼ਨ ਤੋਂ ਬਾਅਦ ਅਗਲੇ ਮਹੀਨੇ ਲੁਧਿਆਣਾ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਗਡਕਰੀ ਦਾ ਪ੍ਰਸਤਾਵਿਤ ਦੌਰਾ ਲੁਧਿਆਣਾ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਰਦਾਨ ਸਾਬਤ ਹੋਵੇਗਾ। ,

ਆਪਣੀ ਮੀਟਿੰਗ ਦੌਰਾਨ ਅਰੋੜਾ ਨੇ ਕੇਂਦਰੀ ਮੰਤਰੀ ਨੂੰ ਤਿੰਨ ਮੰਗਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਮੰਤਰੀ ਨੂੰ ਮੁਕੰਮਲ ਹੋਣ ਜਾ ਰਹੇ ਐਲੀਵੇਟਿਡ ਹਾਈਵੇਅ ਦੇ ਨਾਲ ਪਾਰਕਿੰਗ ਸਲਾਟ ‘ਤੇ ਧਿਆਨ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਨੈਸ਼ਨਲ ਹਾਈਵੇਅਜ਼  ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਪਹਿਲਾਂ ਹੀ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰ ਲਈ ਹੈ ਜਿੱਥੇ ਸਰਵਿਸ ਰੋਡ ਅਤੇ ਮੇਨ ਕੈਰੇਜ ਵਿਚਕਾਰ ਲਗਭਗ 750 ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਲਈ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ।

ਅਰੋੜਾ ਨੇ ਗਡਕਰੀ ਨੂੰ ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅਜ਼ ਦੇ ਨਾਲ ਜਿੱਥੇ ਵੀ ਸੰਭਵ ਹੋਵੇ ਸਾਈਕਲ ਟਰੈਕ ਬਣਾਉਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਵਿਸ਼ਵ ਦੀ ਸਾਈਕਲ ਰਾਜਧਾਨੀ ਹੈ ਅਤੇ ਸਾਈਕਲ ਵਾਤਾਵਰਣ ਅਨੁਕੂਲ, ਲੋਕਾਂ ਦੀ ਸਿਹਤ ਲਈ ਵਧੀਆ ਅਤੇ ਆਮ ਲੋਕਾਂ ਲਈ ਆਵਾਜਾਈ ਦਾ ਕਿਫ਼ਾਇਤੀ ਸਾਧਨ ਹੈ।

ਅਰੋੜਾ ਨੇ ਗਡਕਰੀ ਨੂੰ ਦੱਸਿਆ ਕਿ ਇਹ ਸਾਰੇ ਮੁੱਦੇ ਪਹਿਲਾਂ ਹੀ ਐਨਐਚਏਆਈ ਦੇ ਧਿਆਨ ਵਿੱਚ ਹਨ ਅਤੇ ਐਨਐਚਏਆਈ ਦੇ ਚੇਅਰਮੈਨ ਨਾਲ ਵੀ ਇਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਅਤੇ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ।

ਪੁੱਛੇ ਜਾਣ ‘ਤੇ ਐਨਐਚਏਆਈ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਪਾਰਕਿੰਗ ਸਲਾਟ ਬਣਾਏ ਜਾਣਗੇ ਅਤੇ ਐਸਟੀਮੇਟ ਪਹਿਲਾਂ ਹੀ ਤਿਆਰ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 7 ਕਰੋੜ ਰੁਪਏ ਹੋਵੇਗੀ। ਨਾਲ ਹੀ, ਪਹਿਲੇ ਪੜਾਅ ਵਿੱਚ, 21 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ 21 ਕਿਲੋਮੀਟਰ ਦਾ ਇੱਕ ਸਾਈਕਲ ਟਰੈਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਿੱਧਵਾਂ ਨਹਿਰ ‘ਤੇ 19 ਕਰੋੜ ਰੁਪਏ ਦੇ ਬਜਟ ਨਾਲ ਪਹਿਲਾਂ ਹੀ ਮਨਜ਼ੂਰ ਚਾਰ ਪੁਲ ਟੈਂਡਰਿੰਗ ਸਟੇਜ ‘ਤੇ ਹਨ।

ਅਰੋੜਾ ਨੇ ਕਿਹਾ, “ਕੇਂਦਰੀ ਮੰਤਰੀ ਨੇ ਮੇਰੇ ਨਾਲ ਵਿਚਾਰੇ ਗਏ ਸਾਰੇ ਮੁੱਦਿਆਂ ‘ਤੇ ਮੈਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਐਲੀਵੇਟਿਡ ਹਾਈਵੇਅ ਦੇ ਨਾਲ ਪਾਰਕਿੰਗ ਸਥਲ ਬਣ ਜਾਣ ਤੋਂ ਬਾਅਦ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਤੋਂ ਇਲਾਵਾ ਸਾਈਕਲ ਟਰੈਕ ਦੀ ਤਜਵੀਜ਼ ਵੀ ਲਾਗੂ ਹੋਣ ਤੋਂ ਬਾਅਦ ਸ਼ਹਿਰ ਲਈ ਵਰਦਾਨ ਸਾਬਤ ਹੋਵੇਗੀ।

Leave a Reply

Your email address will not be published. Required fields are marked *