ਗੁਰਭਜਨ ਗਿੱਲ ਨੇ ਹੁਣ ਤੀਕ ਲਿਖੀ ਗ਼ਜ਼ਲ ਦਾ ਸੰਪੂਰਨ ਸੰਗ੍ਰਹਿ `ਅੱਖਰ ਅੱਖਰ` ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੂੰ ਭੇਟ ਕੀਤਾ

Ludhiana Punjabi

DMT : ਲੁਧਿਆਣਾ : (05 ਜੁਲਾਈ 2023) : – ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਗੁਰਭਜਨ ਗਿੱਲ ਨੇ ਆਪਣੀ 1973 ਤੋਂ ਮਈ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਤਹਿਤ ਆਪਣਾ ਨਵਾਂ ਸੰਪੂਰਨ ਗ਼ਜ਼ਲ ਸੰਗ੍ਰਹਿ `ਅੱਖਰ ਅੱਖਰ` ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਤੇ ਪੰਜਾਬੀ ਕਵੀ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਭੇਟ ਕੀਤਾ ।
ਇੱਥੇ ਗੁੱਡਵਿੱਲ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਹੀ ਸੰਖੇਪ, ਸਾਦੀ ਅਤੇ ਪ੍ਰਭਾਵਸ਼ਾਲੀ ਰਸਮ  ਦੌਰਾਨ ਪ੍ਰੋ: ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪਿਛਲੇ 37-38 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਭਾ ਦੇ ਮਰਹੂਮ ਬਾਨੀ ਸਰਪ੍ਰਸਤ ਸ: ਪ੍ਰਿਥੀਪਾਲ ਸਿੰਘ ਅਠੌਲਾ ਮਿੱਖ ਸੰਪਾਦਕ ਕੌਮੀ ਸਵਤੰਤਰ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਵੀ ਯਾਦ ਕੀਤਾ । ਜਿਕਰਯੋਗ ਹੈ ਕਿ `ਅੱਖਰ ਅੱਖਰ` ਪ੍ਰੋ: ਗੁਰਭਜਨ ਗਿੱਲ ਹੋਰਾਂ ਦੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਹੈ, ਇਸਤੋਂ ਪਹਿਲਾਂ ਦੋ ਦਰਜਨ ਤੋਂ ਵੱਧ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ । ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਅਤੇ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਸਾਂਝੇ ਉੱਦਮ ਸਦਕਾ ਸਿੰਘ ਬ੍ਰਦਰਜ਼ ਅੰਮ੍ਰਿਤਸਰ ਰਾਹੀਂ ਵਿਤਰਿਤ ਇਸ ਬੇਸ਼ਕੀਮਤੀ ਵੱਡ ਆਕਾਰੀ ਪੁਸਤਕ ਨੂੰ ਪ੍ਰੋ: ਗੁਰਭਜਨ ਗਿੱਲ ਨੇ ਆਪਣੇ ਜੱਦੀ ਪਿੰਡ ਬਸੰਤ ਕੋਟ ਵਿੱਚ ਬੀਬੀ ਜੀ ਦੇ ਚੁੱਲ੍ਹੇ ਅੱਗੇ ਸੁਆਹ ਵਿਛਾਕੇ ਪਹਿਲੀ ਵਾਰ “ਊੜਾ” ਲਿਖਕੇ ਦੇਣ ਵਾਲੀ ਉਨ੍ਹਾਂ ਦੀ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਤੋਂ ਲੈਕੇ ਉਨ੍ਹਾਂ ਦੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਰੋਤ ਪੋਤਰੀ ਅਸੀਸ ਕੌਰ ਗਿੱਲ` ਦੇ ਨਾਮ ਸਮਰਪਣ ਕੀਤਾ ਹੈ । ਇਸ ਮੌਕੇ ਸ਼ਾਇਰ ਤ੍ਰੈਲੋਚਨ ਲੋਚੀ, ਬੇਟੇ ਅਮਨਪ੍ਰੀਤ ਸਿੰਘ, ਗੁੱਡਵਿੱਲ ਦੇ ਮਾਲਕ ਪਰਮਿੰਦਰ ਸਿੰਘ ਨੇ ਇਸ ਸਾਹਿਤਕ ਮਿਲਣੀ ਦਾ ਭਰਪੂਰ ਆਨੰਦ ਮਾਣਿਆ ।
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਮ ਡਾ: ਪਰਮਜੀਤ  ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਆਦਿ ਨੇ ਪ੍ਰੋ: ਗੁਰਭਜਨ ਗਿੱਲ ਹੋਰਾਂ ਇਸ ਬੇਸ਼ਕੀਮਤੀ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ, ਇਹ ਅਨਮੋਲ ਖਜ਼ਾਨਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੋਕ ਗੀਤਾਂ ਜਿੰਨੀ ਲੰਬੀ ਉਮਰ` ਦੀ ਕਾਮਨਾ ਵੀ ਕੀਤੀ।

Leave a Reply

Your email address will not be published. Required fields are marked *