ਚਰਖ਼ੜੀ ਚ ਸ਼ਾਮਿਲ ਇਹ ਕਵਿਤਾ ਕਿਵੇਂ ਲੱਭੀ , ਇੱਕ ਵਾਰ ਨਿੱਖੜ ਕੇ ਵੀ –   ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (14 ਜੂਨ 2023) : –

ਸਾਹਿੱਤਕ ਮੈਗਜ਼ੀਨ “ਰਾਗ” ਦਾ ਸ਼ੁਕਰੀਆ, ਪਤਾ ਹੈ ਕਿਉਂ? ਉਦੋਂ ਨਿਊਯਾਰਕ ਵਾਲੇ ਵੀਰ ਇੰਦਰਜੀਤ ਸਿੰਘ ਪੁਰੇਵਾਲ ਦੇ ਸਾਹਿੱਤਕ ਮੈਗਜ਼ੀਨ “ਰਾਗ” ਨੂੰ ਸਮਰੱਥ ਕਹਾਣੀਕਾਰ ਤੇ ਖੋਜੀ ਵਿਦਵਾਨ ਅਜਮੇਰ ਸਿੱਧੂ ਨਵਾਂ ਸ਼ਹਿਰ ਵਾਲਾ ਸੰਪਾਦਿਤ ਕਰਦਾ ਸੀ। ਮੈਂ ਇੰਦਰਜੀਤ ਨੂੰ ਭਾਵੇਂ  ਨਹੀਂ ਸਾਂ ਜਾਣਦਾ ਪਰ ਮੈਗਜ਼ੀਨ ਦੀ ਚੰਗੀ ਸੋਹਣੀ ਚਰਚਾ ਸੀ ਅਜਮੇਰ ਕਾਰਨ। ਅਜਮੇਰ ਮੇਰਾ ਪਿਆਰਾ ਨਿੱਕਾ ਵੀਰ ਹੈ, ਜਿਸ ਨੂੰ ਮੈਂ ਕਦੇ ਕਿਸੇ ਲਿਖਤ ਨੂੰ ਦੇਣ ਤੋਂ ਨਾਂਹ ਨਹੀਂ ਕਰ ਸਕਦਾ। ਉਸ ਇਸ ਮੈਗਜ਼ੀਨ ਲਈ ਕੁਝ ਕਵਿਤਾਵਾਂ ਮੰਗੀਆਂ।
ਉਦੋਂ ਕੁ ਜਹੇ ਮੈ ਸਾਰੀਆਂ ਕਵਿਤਾਵਾਂ ਮੋਬਾਈਲ ਫ਼ੋਨ ਵਿੱਚ ਹੀ ਜਮ੍ਹਾਂ ਰੱਖਦਾ ਸਾਂ। ਕਵਿਤਾਵਾਂ ਭੇਜ ਦਿੱਤੀਆਂ, ਛਪ ਗਈਆਂ ਪਰ ਪਰਚਾ ਨਾ ਪੁੱਜਾ ਮੇਰੇ ਤੀਕ।
ਪਤਾ ਨਾ ਲੱਗਾ ਕਿ ਛਪ ਗਈਆਂ ਨੇ ਜਾਂ ਨਹੀਂ?
ਯੂ ਪੀ ਤੋਂ ਕਈ ਸਾਲਾਂ ਬਾਦ ਵਿੱਛੜੇ  ਇੱਕ ਮਿੱਤਰ ਰਾਜਿੰਦਰ ਤਿਵਾੜੀ ਦਾ ਫ਼ੋਨ ਆਇਆ ਕਿ ਮੈਂ ਇਹ ਕਵਿਤਾਵਾਂ ਹਿੰਦੀ ਚ ਅਨੁਵਾਦ ਕਰਨਾ ਚਾਹੁੰਦਾ ਹਾਂ। ਤਿਵਾੜੀ ਕਿਸੇ ਵਕਤ ਸੀ ਪੀ ਆਈ ਕਾਰਕੁਨ ਵਜੋਂ ਲੁਧਿਆਣਾ ਦੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਯੂ ਪੀ ਤੋਂ ਲੁਧਿਆਣੇ ਆਇਆ ਹੋਇਆ ਸੀ। ਅੱਤਵਾਦ ਦੇ ਸਹਿਮੇ ਸਮਿਆਂ ਵਿੱਚ। ਉਹ ਸਾਹਿੱਤਕ ਸੁਭਾਅ ਕਾਰਨ ਪੰਜਾਬੀ ਭਵਨ ਅਕਸਰ ਆਉਂਦਾ, ਕਦੇ ਕਦਾਈਂ ਯੂਨੀਵਰਸਿਟੀ ਚ ਵੀ। ਉਸ ਨੂੰ ਯਾਦ ਸੀ ਸਾਰਾ ਕੁਝ, ਪਰ ਮੈਨੂੰ ਭੁੱਲ ਭੁਲਾ ਗਿਆ ਸੀ। ਤਿਵਾੜੀ ਵੱਲੋਂ ਕਵਿਤਾ ਬਾਰੇ ਬੋਲੇ ਕੁਝ ਸ਼ਬਦ ਤੇ ਅਨੁਵਾਦ ਦੀ ਤਾਂਘ ਚੰਗੀ ਲੱਗੀ।
ਬਹੁਤ ਖ਼ੁਸ਼ੀ ਹੋਈ ਪਰ ਮੇਰੇ ਰੀਕਾਰਡ ਤਾਂ ਕਵਿਤਾ ਲੱਭ ਨਹੀਂ ਸੀ ਰਹੀ।
ਅਜਮੇਰ ਨੂੰ ਪਰਚਾ ਭੇਜਣ ਲਈ ਕਿਹਾ, ਉਸ ਕਿਹਾ ਕਿ ਵਿਤਰਣ ਦਾ ਕੰਮ ਧਰਮਿੰਦਰ ਸਿੰਘ ਔਲਖ ਕਰਦੈ।
ਧਰਮਿੰਦਰ ਨੂੰ ਕਿਹਾ ਤਾਂ ਉੱਤਰ ਮਿਲਿਆ ਕਿ ਪਿਛਲਾ ਅੰਕ ਪੂਰਾ ਮਿੱਕ ਗਿਆ ਹੈ, ਫਿਰ ਵੀ ਲੱਭ  ਕੇ ਦੱਸਾਂਗਾ।
ਏਨੇ ਚਿਰ ਨੂੰ ਮੈਨੂੰ ਵੱਡੇ ਵੀਰ ਜੰਗ ਬਹਾਦਰ ਗੋਇਲ ਜੀ ਦਾ ਫ਼ੋਨ ਆਇਆ। ਉਦੋਂ ਉਹ “ਸਾਹਿੱਤ ਸੰਜੀਵਨੀ” ਵਰਗੀ ਮੁੱਲਵਾਨ ਕਿਤਾਬ ਲਿਖ ਰਹੇ ਸਨ। ਉਹ ਇਸ ਕਵਿਤਾ ਨੂੰ ਆਪਣੀ ਕਿਤਾਬ ਚ ਹਵਾਲਾ ਰਚਨਾ ਵਜੋਂ ਵਰਤਣਾ ਚਾਹੁੰਦੇ ਸਨ। ਮੇਰੀ ਖੁਤਖੁਤੀ ਹੋਰ ਵਧ ਗਈ। ਫੋਨ ਫੋਲਿਆ, ਕਵਿਤਾ ਫੇਰ ਨਾ ਲੱਭੀ।
ਮੇਰਾ ਫੋਨ ਵਿਗੜਨ ਕਰਕੇ ਬਹੁਤੀਆਂ ਕਵਿਤਾਵਾਂ ਗੁਆਚ ਗਈਆਂ ਜਾਪੀਆਂ। ਆਪਣੇ ਮੂੰਹ ਤੇ ਆਪ ਹੀ ਚਪੇੜ ਮਾਰਨ ਨੂੰ ਜੀਅ ਕੀਤਾ। ਏਡੀ ਨਾਲਾਇਕੀ?
ਸ਼ੁਕਰ ਕੀਤਾ ਕਿ ਰਾਜਿੰਦਰ ਤਿਵਾੜੀ ਨੇ ਇਸ ਦਾ ਫ਼ੋਟੋ ਪਰਿੰਟ ਡਾਕ ਚ ਪਾ ਕੇ ਅਨੁਵਾਦ ਸਮੇਤ ਭੇਜ ਦਿੱਤਾ। ਮੇਰੀ ਕਵਿਤਾ ਦਾ ਫੋਟੋ ਪਰਿੰਟ ਫਿੱਕਾ ਹੋਣ ਕਾਰਨ ਬਹੁਤ ਦੁਬਿਧਾ ਬਣੀ। ਮੇਲਾਨ ਕਿਵੇਂ ਕਰਾਂ?
ਇਸ ਕਵਿਤਾ ਦੇ ਸੋਹਣੇ ਅਨੁਵਾਦ ਉਪਰੰਤ ਉਸ ਮੇਰੀ ਕਿਤਾਬ ਚਰਖ਼ੜੀ ਚੋਂ ਚੋਣਵੀਆਂ ਕਵਿਤਾਵਾਂ ਹਿੰਦੀ ਚ ਅਨੁਵਾਦ ਕੀਤੀਆਂ। ਕੁਝ ਕਵਿਤਾਵਾਂ ਹਿਸਾਰ ਵਾਲੇ ਮਿਹਰਬਾਨ ਸ਼ਾਇਰ ਮਿੱਤਰ ਪ੍ਰਦੀਪ ਸਿੰਘ ਨੇ ਅਨੁਵਾਦ ਕੀਤੀਆਂ ਸਨ। ਦੋਹਾਂ ਦੇ ਅਨੁਵਾਦ ਦੀ ਸਾਂਝੀ ਕਿਤਾਬ “ਆਧਾਰ ਭੂਮੀ” ਨਾਮ ਹੇਠ ਹੰਸ ਪ੍ਰਕਾਸ਼ਨ ਦਿੱਲੀ ਨੇ ਛਾਪੀ ਹੈ। ਇਸ ਨੂੰ ਡਾਃ ਚੰਦਰ ਤ੍ਰਿਖਾ ਤੇ ਡਾਃ ਬਜਰੰਗ ਬਿਹਾਰੀ ਤਿਵਾੜੀ ਜੀ ਨੇ ਸ਼ਬਦਾਂ ਦਾ ਸ਼ਗਨ ਪਾਇਆ। ਚੰਗਾ ਲੱਗਾ।
ਖ਼ੈਰ! ਅਸਲ ਗੱਲ ਤੇ ਆਵਾਂ! ਕਵਿਤਾ ਲਈ ਅਜਮੇਰ ਨੂੰ ਕਿਹਾ! ਯਾਰ ਮੈਗਜ਼ੀਨ ਨਾ ਸਹੀ, ਮੇਰੀਆਂ ਕਵਿਤਾਵਾਂ ਤਾਂ ਫੋਟੋ ਖਿੱਚ ਕੇ ਭੇਜ ਦੇ। ਉਸ ਭੇਜੀਆਂ ਤਾਂ ਨਾਲ ਇੱਕ ਦੋ ਹੋਰ ਕਵਿਤਾਵਾਂ ਵੀ ਸਨ।
ਮੇਲੇ ਚੋਂ ਗੁਆਚੀਆਂ ਕਵਿਤਾਵਾਂ ਘਰ ਮੁੜੀਆਂ ਤਾਂ ਮੈਂ ਸ਼ੁਕਰ ਕੀਤਾ ਕਿ ਮੁੜ ਆਈਆਂ। ਪਰਵੇਜ਼ ਸੰਧੂ ਦੀ ਧੀ ਸਵੀਨਾ ਦੀ ਯਾਦ ਵਿੱਚ ਬਣੀ ਸੰਸਥਾ ਸਵੀਨਾ ਪ੍ਰਕਾਸ਼ਨ ਵੱਲੋਂ ਛਪੀ
ਮੇਰੀ ਕਿਤਾਬ “ਚਰਖ਼ੜੀ” ਚ ਸ਼ਾਮਿਲ ਹਨ ਇਹ ਕਵਿਤਾਵਾਂ ਹੁਣ।
ਜੰਗ ਬਹਾਦਰ ਗੋਇਲ ਦੀ ਮੁੱਲਵਾਨ ਕਿਤਾਬ “ਸਾਹਿੱਤ ਸੰਜੀਵਨੀ” ਵਿੱਚ ਵੀ ਇਹ ਕਵਿਤਾ ਸ਼ਾਮਿਲ ਹੈ।
ਅੱਜ ਸਵੇਰੇ ਆਪ ਹੀ ਪੜ੍ਹ ਰਿਹਾ ਤਾਂ ਦਿਲ ਕੀਤਾ ਕਿ ਤੁਹਾਨੂੰ ਵੀ ਇਹ ਕਵਿਤਾ ਪੜ੍ਹਾਵਾਂ।

ਕਵਿਤਾ ਲਿਖਿਆ ਕਰੋ

🔹

ਗੁਰਭਜਨ ਗਿੱਲ

ਕਵਿਤਾ ਲਿਖਿਆ ਕਰੋ,
ਦਰਦਾਂ ਨੂੰ ਧਰਤ ਮਿਲਦੀ ਹੈ ।
ਕੋਰੇ ਵਰਕਿਆਂ ਨੂੰ ਸੌਪਿਆ ਕਰੋ,
ਰੂਹ ਦਾ ਸਗਲ ਭਾਰ ।
ਇਹ ਲਿਖਣ ਨਾਲ,
ਨੀਂਦ ’ਚ ਖ਼ਲਲ ਨਹੀਂ ਪੈਂਦਾ ।

ਤੁਹਾਡੇ ਕੋਲ ਬਹੁਤ ਕੁਝ ਹੈ,
ਕਵਿਤਾ ਜਿਹਾ ।
ਸਿਰਫ਼ ਖ਼ੁਦ ਨੂੰ ਅਨੁਵਾਦ ਕਰੋ ।
ਪਿਘਲ ਜਾਉ ਸਿਰ ਤੋਂ ਪੈਰਾਂ ਤੀਕ,
ਹੌਕਿਆਂ ਨੂੰ ਸ਼ਬਦਾਂ ਦੇ ਵਸਤਰ ਪਾਉ ।

ਹੋਰ ਕੁਝ ਨਹੀਂ ਕਰਨਾ,
ਝਾਂਜਰਾਂ ਨੂੰ ਅੱਜ ਤੋਂ ਬੇੜੀਆਂ ਮੰਨਣਾ ਹੈ ।
ਗਹਿਣਾ ਗੱਟਾ ਸੁਨਹਿਰੀ ਚੋਗ ਜਿਹਾ ।
ਮਿੱਟੀ ਦਾ ਬੁੱਤ ਨਹੀਂ,
ਧੀ ਜਾਂ ਪੁੱਤ ਬਣਨਾ ਹੈ ।
ਕਵਿਤਾ ਲਿਖਿਆ ਕਰੋ ।

ਕਵਿਤਾ ਲਿਖਣ ਨਾਲ,
ਪੱਥਰ ਹੋਣੋਂ ਬਚਿਆ ਜਾ ਸਕਦਾ ਹੈ ।
ਅੱਖਾਂ ਵਿੱਚ ਅੱਥਰੂ ਆਉਣ ਵੀ ਤਾਂ,
ਸਮੁੰਦਰ ਬਣ ਜਾਂਦੇ ਨੇ ।
ਚੰਦਰਮਾ ਮਾਮਾ ਬਣ ਬਣ ਜਾਂਦੈ,
ਤੇ ਸਾਰੇ ਅੰਬਰ ਦੇ ਤਾਰੇ ਨਾਨਕਾ ਮੇਲ ।
ਝੀਥਾਂ ਵਿੱਚ ਦੀ ਲੰਘਦੀ,
ਤੇਜ਼ ਹਵਾ ਦਾ ਅਨਹਦ ਨਾਦ ਸੁਣਦਾ ਹੈ ।

ਕਵਿਤਾ ਲਿਖਣ ਨਾਲ ।
ਕਿਆਰੀ ’ਚ ਖਿੜੇ ਫੁੱਲ, ਵੇਲ ਬੂਟੇ,
ਕਵਿਤਾ ਦੀਆਂ ਸਤਰਾਂ ਬਣ ਜਾਂਦੇ ਹਨ ।
ਬਹੁਤ ਕੁਝ ਬਦਲਦਾ ਹੈ,
ਕਵਿਤਾ ਲਿਖਣ ਨਾਲ ।

ਫੱਗਣ ਚੇਤਰ ਮਹੀਨਿਆਂ ਦੀ,
ਉਡੀਕ ਬਣੀ ਰਹਿੰਦੀ ਹੈ ।
ਪੰਜਵਾਂ ਮੌਸਮ ਪਿਆਰ ਕਿਵੇਂ ਬਣਦੈ,
ਕਵਿਤਾ ਸਮਝਾਉਂਦੀ ਹੈ ਕੋਲ ਬਿਠਾ ਕੇ ।

ਤਪਦੀ ਧਰਤੀ ਉੱਤੇ,
ਪਈਆਂ ਪਹਿਲੀਆਂ ਕਣੀਆਂ ।
ਓਨਾ ਚਿਰ ਕਵਿਤਾ ਵਰਗੀਆਂ ਨਹੀਂ ਲੱਗਦੀਆਂ,
ਜਦ ਤੀਕ ਤੁਸੀਂ ਕਵਿਤਾ ਨਹੀਂ ਹੋ ਜਾਂਦੇ ।
ਕੁੜੀਆਂ ਨੂੰ ਧੀਆਂ ਸਮਝਣ ਸਮਝਾਉਣ ਦਾ,
ਨੁਸਖਾ ਹੈ ਕਵਿਤਾ ।
ਕਵਿਤਾ ਲਿਖਿਆ ਕਰੋ ।
ਰੰਗਾਂ ਨਾਲ ਨੇੜਤਾ ਵਧਦੀ ਹੈ ।
ਸਭ ਰੰਗਾਂ ਦੇ ਸੁਭਾਅ,
ਜਾਣ ਲੈਂਦਾ ਹੈ ਮਨ ।

ਆਪਣੇ ਆਪ ਨਾਲ,
ਲੜਨ ਸਿਖਾਉਂਦੀ ਹੈ ਕਵਿਤਾ ।
ਸਾਨੂੰ ਦੱਸਦੀ ਹੈ ਕਿ ਸੁਹਜ ਦਾ ਘਰ,
ਸਹਿਜ ਦੇ ਬਹੁਤ ਨੇੜੇ ਹੁੰਦਾ ਹੈ ।
ਸਬਰ ਨਾਲ ਜਬਰ ਦਾ ਕੀ ਰਿਸ਼ਤਾ ਹੈ?
ਤਪਦੀ ਤਵੀ ਕਿਵੇਂ ਠਰਦੀ ਹੈ?
ਤਪੀ ਤਪੀਸ਼ਰ ਸਿਦਕਵਾਨ,
ਸ਼ਬਦ ਸਿਰਜਕ ਦੇ ਬਹਿਣ ਸਾਰ,
ਰਾਵੀ ਕਿਵੇਂ ਸਿਦਕੀ ਲਈ ਬੁੱਕਲ ਬਣਦੀ ਹੈ ।

ਅੱਖਰ ਤੋਂ ਸ਼ਬਦ ਤੇ ਉਸ ਤੋਂ ਅੱਗੇ,
ਵਾਕ ਤੀਕ ਤੁਰਨਾ ਸਿਖਾਉਂਦੀ ਹੈ ।
ਕਵਿਤਾ ਸ਼ਬਦਾਂ ਦਾ ਵੇਸ ਪਹਿਨਦੀ,
ਠੁਮਕ ਠੁਮਕ ਤੁਰਦੀ ।
ਆਪ ਹੀ ਮੱਲ ਬਹਿੰਦੀ ਹੈ ਮਨ ਦੇ ਬੂਹੇ ।
ਇਤਰ ਫੁਲੇਲ ਫੰਬਾ ਬਣ ਜਾਂਦੀ,
ਰੋਮ ਰੋਮ ਮਹਿਕਾਉਂਦੀ ਹੈ,
ਸ਼ਬਦਾਂ ਦੀ ਮਹਾਰਾਣੀ ।

ਹਾਸੇ ਦੀ ਟੁਣਕਾਰ ’ਚ ਘੁੰਗਰੂ,
ਕਿਵੇਂ ਛਣਕਦੇ ਨੇ ਲਗਾਤਾਰ ।
ਵਜਦ ਵਿੱਚ ਆਈ ਰੂਹ,
ਗਾਉਂਦੀ ਹੈ ਗੀਤ ਬੇਸ਼ੁਮਾਰ ।
ਕਿਵੇਂ ਮਨ ਦਾ ਚੰਬਾ ਖਿੜਦਾ ਹੈ,
ਰਾਗ ਇਲਾਹੀ ਕਿਵਂੇ ਛਿੜਦਾ ਹੈ
ਸਮਝਣ ਲਈ ਬਹੁਤ ਜ਼ਰੂਰੀ ਹੈ
ਕਵਿਤਾ ਲਿਖਣਾ ।

ਕਵਿਤਾ ਲਿਖਣ ਨਾਲ,
ਪੜ੍ਹਨ ਦੀ ਜਾਚ ਆ ਜਾਂਦੀ ਹੈ ।
ਸਮਝਣ ਸਮਝਾਉਣ ਤੋਂ ਅੱਗੇ,
ਮਹਿਸੂਸ ਕਰਨ ਨਾਲ,
ਬਹੁਤ ਕੁਝ ਬਦਲਦਾ ਹੈ ।

ਕਵਿਤਾ ਖਿੜੇ ਫੁੱਲਾਂ ਦੇ ਰੰਗਾਂ ’ਚੋਂ,
ਕਵਿਤਾ ਕਸ਼ੀਦਣਾ ਸਿਖਾਉਂਦੀ ਹੈ ।
ਖ਼ਾਲੀ ਥਾਵਾਂ ਪੁਰ ਕਰਨ ਲਈ,
ਕਵਿਤਾ ਰੰਗ ਬਣਦੀ ਹੈ ।
ਬਦਰੰਗ ਪੰਨਿਆਂ ਤੇ,
ਕਵਿਤਾ ਲਿਖਿਆ ਕਰੋ ।

ਕਵਿਤਾ ਲਿਖਣ ਨਾਲ ਕਾਲੇ ਬੱਦਲ,
ਮੇਘਦੂਤ ਬਣ ਜਾਂਦੇ ਨੇ ।
ਸ਼ਕੁੰਤਲਾ ਦੀ ਦੁਸ਼ਿਅੰਤ ਲਈ ਤਾਂਘ,
ਮਹਾਂਕਾਵਿ ਬਣ ਜਾਂਦੀ ਹੈ ।
ਦਰਦਾਂ ਦਾ ਅੰਦਰ ਵੱਲ ਵਹਿੰਦਾ ਖ਼ਾਰਾ ਦਰਿਆ,
ਪੀੜ ਪੀੜ ਕਰ ਦੇਂਦਾ ਹੈ
ਕਵਿਤਾ ਲਿਖਣ ਨਾਲ ।

ਕੋਈ ਵੀ ਪੀੜ ਪਰਾਈ ਨਹੀਂ ਰਹਿੰਦੀ ।
ਗਲੋਬ ਤੇ ਵੱਸਿਆ ਕੁੱਲ ਆਲਮ,
ਕੀੜਿਆਂ ਦਾ ਭੌਣ ਲੱਗਦਾ ਹੈ ।
ਕੁਰਬਲ ਕੁਰਬਲ ਕਰਦਾ ।
ਸਿਕੰਦਰ ਕਬਰ ’ਚ ਖ਼ਾਲੀ ਹੱਥ ਪਿਆ,
ਕਵੀਆਂ ਨਾਲ ਹੀ ਗੱਲਾਂ ਕਰਦਾ ਹੈ ।

ਤਾਜਦਾਰ ਨੂੰ ਕਵਿਤਾ ਹੀ ਆਖ ਸਕਦੀ ਹੈ,
ਬਾਬਰਾ ਤੂੰ ਜਾਬਰ ਹੈਂ
ਰਾਜਿਆ ਤੂੰ ਸ਼ੀਂਹ ਹੈਂ
ਮੁਕੱਦਮਾ ਤੂੰ ਕੁੱਤਾ ਹੈਂ ।
ਰੱਬਾ ਤੂੰ ਬੇਰਹਿਮ ਹੈਂ ।
ਕਵਿਤਾ ਲਿਖਿਆ ਕਰੋ ।

ਸੀਸ ਦੀ ਫ਼ੀਸ ਦੇ ਕੇ ਲਿਖੀ ਕਵਿਤਾ,
ਵਕਤ ਸਾਹਾਂ ’ਚ ਰਮਾ ਲੈਂਦਾ ਹੈ ।
ਭੋਰਾ ਭੋਰਾ ਵੰਡਦਾ ਹੈ,
ਸਰਬਕਾਲ ਨਿਰੰਤਰ ।
ਜਿਵੇਂ ਤਰੇਲ ਪੈਂਦੀ ਹੈ ਸਵੇਰਸਾਰ ।
ਕਵਿਤਾ ਲਿਖਿਆ ਕਰੋ ।

ਕਵਿਤਾ ਨਾਲ ਨਾਲ ਤੁਰਦੀ ਹੈ,
ਅੱਗੇ ਅੱਗੇ ਲਾਲਟੈਣ ਬਣ ਕੇ,
ਕਦੇ ਲੰਮੇਰੀ ਰਾਤ ’ਚ ਜੁਗਨੂੰ ਬਣ ਜਾਂਦੀ ਹੈ ।
ਆਸ ਦਾ ਜਗਦਾ ਮਘਦਾ,
ਚੌਮੁਖੀਆ ਚਿਰਾਗ ।

ਸ਼ਬਦਾਂ ਸਹਾਰੇ
ਦਰਿਆ, ਪਹਾੜ, ਨਦੀਆਂ ਨਾਲੇ,
ਟੱਪ ਸਕਦੇ ਹੋ ਇੱਕੋ ਛੜੱਪੇ ਨਾਲ ।

ਵਿਗਿਆਨੀਆਂ ਤੋਂ ਪਹਿਲਾਂ,
ਚੰਨ ਤੇ ਸੁਪਨਿਆਂ ਦੀ ਖੇਤੀ,
ਕਰ ਸਕਦੇ ਹੋ ਬੜੇ ਸਹਿਜ ਨਾਲ ।
ਸੂਰਜ ਤੋਂ ਪਾਰ,
ਵੱਸਦੇ ਯਾਰ ਨੂੰ ਮਿਲ ਕੇ,
ਦਿਨ ਚੜ੍ਹਨ ਤੋਂ ਪਹਿਲਾਂ ਪਰਤ ਸਕਦੇ ਹੋ ।
ਕਵਿਤਾ ਲਿਖਿਆ ਕਰੋ ।

ਬੱਚਾ ਹੱਸਦਾ ਹੈ ਤਾਂ ਖੁੱਲ੍ਹ ਜਾਂਦੇ ਨੇ,
ਹਜ਼ਾਰਾਂ ਪਵਿੱਤਰ ਪੁਸਤਕਾਂ ਦੇ ਪੰਨੇ ।
ਅਰਥਾਂ ਤੋਂ ਪਾਰ ਲਿਖੀ
ਇਬਾਦਤ ਜਹੀ ਕਿਲਕਾਰੀ ’ਚ ਹੀ ਲੁਕੀ ਹੁੰਦੀ ਹੈ ਕਵਿਤਾ ।

ਜੇ ਤੁਸੀਂ ਧੀ ਹੋ ਤਾਂ,
ਬਾਬਲ ਦੇ ਨੇਤਰਾਂ ’ਚੋਂ ਕਵਿਤਾ ਪੜ੍ਹੋ ।
ਲਿਖੀ ਲਿਖਾਈ,
ਅਨੰਤ ਸਫ਼ਿਆਂ ਵਾਲੀ ਵਿਸ਼ਾਲ ਕਿਤਾਬ ।
ਜੇ ਤੁਸੀਂ ਪੁੱਤਰ ਹੋ ਤਾਂ,
ਮਾਂ ਦੀਆਂ ਲੋਰੀਆਂ ਤੋਂ ਔਂਸੀਆਂ ਤੀਕ,
ਕਵਿਤਾ ਹੀ ਕਵਿਤਾ ਹੈ ।
ਹੜ੍ਹ ਦੇ ਪਾਣੀ ਵਾਂਗ ਮੀਲਾਂ ਤੀਕ,
ਆਸਰੇ ਨਾਲ ਨਿੱਕੇ ਨਿੱਕੇ ਕਦਮ ਪੁੱਟਦੀ,
ਮੇਰੀ ਪੋਤਰੀ ਅਸੀਸ ਵਾਂਗ ।

ਤੁਸੀਂ ਵੀ ਕਵਿਤਾ ਦੇ ਵਿਹੜੇ ਤੁਰਿਆ ਕਰੋ ।
ਮਕਾਨ ਏਦਾਂ ਹੀ ਘਰ ਬਣਦੇ ਨੇ ।
ਕਵਿਤਾ ਲਿਖਿਆ ਕਰੋ ।

Leave a Reply

Your email address will not be published. Required fields are marked *