ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ – ਡਿਪਟੀ ਕਮਿਸ਼ਨਰ

Ludhiana Punjabi
  • ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਕਿਹਾ! ਘਬਰਾਉਣ ਦੀ ਲੋੜ ਨਹੀਂ, ਜ਼ਰੂਰੀ ਨਾ ਹੋਵੇ ਤਾਂ ਦਰਿਆ ਦੇ ਕੰਢਿਆਂ ‘ਤੇ ਜਾਣ ਤੋਂ ਕੀਤਾ ਜਾਵੇ ਗੁਰੇਜ਼

DMT : ਲੁਧਿਆਣਾ : (10 ਜੁਲਾਈ 2023) : – ਪੰਜਾਬ ਭਰ ਅਤੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧਿਆ ਹੈ ਅਤੇ ਪਾਣੀ ਦਾ ਵਹਾਅ ਵੀ ਤੇਜ਼ ਹੋ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਗਰ ਨਿਗਮ ਲੁਧਿਆਣਾ ਅਤੇ ਐਕਸੀਅਨ ਡਰੇਨੇਜ ਦੀਆਂ ਟੀਮਾਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ ਕਿ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ।

ਰੋਪੜ ਹੈੱਡਵਰਕਸ ਤੋਂ ਪਾਣੀ ਛੱਡਿਆ ਗਿਆ ਹੈ ਜੋ ਦੁਪਹਿਰ ਤੱਕ ਲੁਧਿਆਣਾ ਸਤਲੁਜ ਵਿੱਚ ਪਹੁੰਚ ਜਾਵੇਗਾ। ਨੇੜਲੀਆਂ ਪੰਚਾਇਤਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਦਰਿਆਵਾਂ ਦੇ ਕੰਢਿਆਂ ‘ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, ਬੁੱਢਾ ਦਰਿਆ ਵਿੱਚ ਵਹਾਅ ਦੇ ਪੱਧਰ ਵਿੱਚ ਵਾਧਾ ਹੋਣ ਕਾਰਨ, ਦਰਿਆ ਦੇ ਕਿਨਾਰੇ ਨੀਵੇਂ ਇਲਾਕਿਆਂ ਅਤੇ ਘਰਾਂ/ਝੁੱਗੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।

ਸਾਰੀਆਂ ਟੀਮਾਂ ਮੁਸਤੈਦ ਹਨ; ਸਾਰੇ ਮਾਲ ਕਰਮਚਾਰੀ ਮੁਨਾਦੀ ਕਰਵਾ ਰਹੇ ਹਨ ਅਤੇ ਲੋੜ ਪੈਣ ‘ਤੇ ਰਾਹਤ ਕੈਂਪਾਂ ਲਈ ਸੁਰੱਖਿਅਤ ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਲੋੜ ਪੈਣ ‘ਤੇ ਤੁਰੰਤ ਮਦਦ ਲਈ ਗੈਰ ਸਰਕਾਰੀ ਸੰਗਠਨਾਂ/ਉਦਯੋਗਿਕ ਐਸੋਸੀਏਸ਼ਨਾਂ/ਗੁਰਦੁਆਰਿਆਂ ਨਾਲ ਵੀ ਰਾਬਤਾ ਕਰ ਰਿਹਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਸਾਰੀਆਂ ਰਾਹਤ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ ਹੈ ਜਿਸਦੇ ਤਹਿਤ ਐਨ.ਡੀ.ਆਰ.ਐਫ. ਵਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ.) ਅਤੇ ਪੀ.ਡਬਲਿਊ.ਡੀ. ਦੇ ਸਟਾਫ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਜੋ ਹੜ੍ਹ ਵਰਗੀ ਸਥਿਤੀ ਦੌਰਾਨ ਸੜ੍ਹਕਾਂ ‘ਤੇ ਇਕੱਠਾ ਹੋਣ ਵਾਲੇ ਪਾਣੀ ਨਾਲ ਨਜਿੱਠਿਆ ਜਾ ਸਕੇ।

Leave a Reply

Your email address will not be published. Required fields are marked *