ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਦੀ ਅਗਵਾਈ ‘ਚ ਨਿੱਜੀ ਸਕੂਲਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਾਲ਼ ਮੀਟਿੰਗ

Ludhiana Punjabi
  •  ਭਾਸ਼ਾ ਵਿਭਾਗ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਦੌਰਾਨ ਸਕੂਲਾਂ ਦੇ ਮੁੱਖ ਬੋਰਡ ਪੰਜਾਬੀ ਭਾਸ਼ਾ ‘ਚ ਲਿਖਵਾਉਣ ਦੀ ਕੀਤੀ ਅਪੀਲ
  • ਜੱਥੇਬੰਦੀਆਂ ਨੇ ਵੀ ਦਿੱਤਾ ਭਰੋਸਾ, ਪੰਜਾਬੀ ਭਾਸ਼ਾ ਦੇ ਮਾਣ-ਸਤਿਕਾਰ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ

DMT : ਲੁਧਿਆਣਾ : (20 ਅਕਤੂਬਰ 2023) : –

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨਾਲ਼ ਇਕ ਵਿਸ਼ੇਸ਼ ਮੀਟਿੰਗ ਸਥਾਨਕ ਪੰਜਾਬੀ ਭਵਨ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਭਾਸ਼ਾ ਵਿਭਾਗ ਦਫ਼ਤਰ ਵਿਖੇ ਆਯੋਜਿਤ ਹੋਈ।

ਮੀਟਿੰਗ ਦੌਰਾਨ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਬਾਰੇ ਵਿਚਾਰ ਵਟਾਂਦਰੇ ਹੋਏ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਵਲੋਂ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਜਾਣਕਾਰੀ ਦਿੰਦਿਆਂ ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ ਨੂੰ ਸੋ ਫੀਸਦੀ ਨੇਪਰੇ ਚਾੜ੍ਹਨ ਲਈ ਸਹਿਯੋਗ ਕੀਤਾ ਜਾਵੇ।

ਇਸ ਮੌਕੇ ਏ.ਪੀ.ਐਸ. ਲੁਧਿਆਣਾ, ਸਕੂਲ ਸੰਘ ਪੰਜਾਬ, ਈ.ਸੀ.ਐਸ. ਪੋਲ ਸਟਾਰ ਜੱਥੇਬੰਦੀਆਂ ਤੋਂ ਅਹੁਦੇਦਾਰਾਂ ਰਾਜੇਸ਼ ਨਾਗਰ, ਬਲਜੀਤ ਸਿੰਘ, ਰਣਜੀਤ ਸਿੰਘ ਹਠੂਰ, ਭੁਵਨੇਸ਼ ਭੱਟ, ਕਮਲ ਨੈਨ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਮਾਣ-ਸਤਿਕਾਰ ਲਈ ਉਹ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ।  

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਜਾ ਰਹੇ ਹਨ। ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਪੱਤਰ ਰਾਹੀਂ ਪਹਿਲਾਂ ਮਿਤੀ 21 ਫ਼ਰਵਰੀ 2023 ਤੱਕ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਸ ਦੇ ਨਾਲ਼ ਹੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਅਜਿਹਾ ਕਰਦੇ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿਚ ਲਿਖਿਆ ਜਾਵੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਹੇਠਾਂ ਦੂਸਰੀ ਭਾਸ਼ਾ ਵਿਚ ਲਿਖਿਆ ਜਾਵੇ। ਹੁਣ ਨਵੇਂ ਹੁਕਮਾਂ ਰਾਹੀਂ ਇਸ ਕਾਰਜ ਨੂੰ ਮੁਕੰਮਲ ਕਰਨ ਲਈ ਸਮਾਂ ਸੀਮਾ ਵਧਾ ਕੇ 21 ਨਵੰਬਰ 2023 ਕਰ ਦਿੱਤੀ ਗਈ ਹੈ।

ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਕਾਰਜ ਕਰ ਰਹੇ ਡਾ.ਸੁਰਜੀਤ ਦੌਧਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *