ਜੋ ਦਿਖਾ, ਸੋ ਲਿਖਾ’, ਕੇਜਰੀਵਾਲ ਤੇ ਮਾਨ ਬਣੇ ਆਮ ਤੋਂ ਖਾਸ”, ਕੱਟੜ ਇਮਾਨਦਾਰੀ ਅਤੇ ਨੈਤਿੱਕਤਾ ਦੀਆਂ ਉਡੀਆਂ ਧੱਜੀਆਂ

Ludhiana Punjabi

DMT : ਲੁਧਿਆਣਾ : (09 ਮਈ 2023) : – ਉਂਝ ਤਾਂ ਲੋਕ ਦੇਸ਼ ਦੇ ਉੱਚ ਅਹੁੱਦਿਆਂ ਤੇ ਬਿਰਾਜਮਾਨ ਲੀਡਰਾਂ ਦੇ ਸ਼ਾਹੀ ਖਰਚਾਂ ਤੋਂ ਸਾਰੇ ਭਲੀ ਪ੍ਰਕਾਰ ਵਾਕਫ ਨੇ। ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਕਦੇ ਵੀ ਕੱਟੜ ਇਮਾਨਦਾਰੀ, ਵੱਡੇ ਘਰ ਅਤੇ ਬੇਲੋੜੀ ਸੁਰੱਖਿਆ ਨਾਂ ਲੈਣ ਦੀ ਗੱਲ ਨਹੀਂ ਕੀਤੀ ਅਤੇ ਨਾਂ ਹੀ ਜਨਤਾ ਇਨਾਂ ਤੋਂ ਕੋਈ ਅਜੇਹੀ ਤਵੱਕੋ ਹੀ ਰੱਖਦੀ ਹੈ। ਪਰ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਵਿਚੋਂ ਨਿਕਲੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੁੰ ਜਨਤਾ ਨੇ ਬਦਲਾਅ ਲਈ ਦਿੱਲੀ ਅਤੇ ਪੰਜਾਬ ਅੰਦਰ ਜਨਤਾ ਨੇ ਵੱਡੀ ਬਹੁਮੱਤ ਦੇ ਕੇ ਸੱਤਾ ਤੇ ਬਿਠਾਇਆ ਹੈ। ਚੋਣਾਂ ਦੌਰਾਨ ਇਸ ਪਾਰਟੀ ਦੇ ਲੀਡਰਾਂ ਨੇ ਕੱਟੜ ਇਮਾਨਦਾਰ ਹੋਣ, ਵੱਡੀਆਂ ਗੱਡੀਆਂ, ਵੱਡੇ ਘਰ ਅਤੇ ਸੁਰੱਖਿਆ ਨਾਂ ਲੈਣ ਅਤੇ ਸਾਦੇ ਜੀਵਨ ਦੇ ਵਾਅਦੇ ਕਰਕੇ ਵੱਡੀਆਂ ਉਮੀਦਾਂ ਜਗਾਈਆਂ ਸਨ। ਹੁਣ ਸੱਤਾ ਵਿਚ ਆਉਣ ਤੇ ਪਾਰਟੀ ਜਦੋਂ ਰਵਾਇਤੀ ਪਾਰਟੀਆਂ ਵਾਲੇ ਰੱਸਤੇ ਤੇ ਹੀ ਚਲਦੀ ਦਿੱਖੇ, ਤਾਂ ਜਨਤਾ ਮਾਯੂਸ ਹੋ ਰਹੀ ਹੈ। ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਟੜ ਇਮਾਨਦਾਰੀ ਅਤੇ ਸਾਦਗੀ ਤੋਂ ਭਟਕਣ ਦੀ ਚਰਚਾ ਛਿੜੀ ਹੋਈ ਹੈ। ਦੂਜੀਆਂ ਪਾਰਟੀਆਂ ਦੇ ਲੀਡਰਾਂ ਖਿਲਾਫ ਪੜਤਾਲਾਂ ਸ਼ੁਰੂ ਕਰਕੇ ਵਾਹ-ਵਾਹ ਖੱਟਣ ਵਾਲੇ ਖੁੱਦ ਗੰਭੀਰ ਦੋਸ਼ਾਂ ਵਿਚ ਘਿਰੇ ਦਿੱਸਦੇ ਨੇ। ਪਾਰਟੀ ਵਲੋਂ ਕੇਜਰੀਵਾਲ ਨੂੰ ਕੱਟੜ ਇਮਾਨਦਾਰ ਅਤੇ ਸਿਰੇ ਦਾ ਕਾਬਲ ਪ੍ਰਚਾਰ ਕੇ ਅਗਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹੈ। ਸ਼ੁਰੂਆਤੀ ਸਮੇਂ ਵਿਚ ਸਿੱਖਿਆ ਅਤੇ ਸਿਹਤ ਖੇਤਰਾਂ ਵਿਚ ਚੰਗੀ ਕਾਰਗੁਜਾਰੀ ਕਾਰਨ ਦਿੱਲੀ ਵਿਚ ਤੀਜੀ ਵਾਰ ਕੇਜਰੀਵਾਲ ਦੀ ਸਰਕਾਰ ਬਣੀ ਹੈ। ਪਰ ਹੁਣ ਇਸ ਦੇ ਨੇਤਾਵਾਂ ਵਿਰੁੱਧ ਭ੍ਰਿਸ਼ਟਾਚਾਰ, ਫਜ਼ੂਲ ਖਰਚੀ ਅਤੇ ਬੇਲੋੜੀ ਸੁਰਖਿਆ ਦੇ ਦੋਸ਼ ਆਮ ਨੇ। ਇਸ ਤਰਾਂ ਪਾਰਟੀ ਦੇ ਨੇਤਾਵਾਂ ਦਾ ਵਰਤਾਰਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਵਾਲਾ ਹੀ ਜਾਪਦੈ, ਜਿਸ ਨਾਲ ਜਨਤਾ ਵਿਚ ਨਿਰਾਸ਼ਤਾ ਵਧਣੀ ਲਾਜ਼ਮੀ ਹੈ। ਉਂਝ ਕੇਜਰੀਵਾਲ ਅਤੇ ਭਗਵੰਤ ਮਾਨ ਇਨਾਂ ਦੋਸ਼ਾ ਨੂੰ ਵਿਰੋਧੀਆਂ ਦੀ ਝੂਠੀ ਅਤੇ ਬੇਬੁਨਿਆਦ ਦੂਸ਼ਣਬਾਜ਼ੀ ਹੀ ਦੱਸ ਰਹੇ ਨੇ। ਸਾਡਾ ਇਹ ਸਭ ਕੁੱਝ ਬਿਆਨ ਕਰਨ ਦਾ ਮੰਤਵ ਕਿਸੇ ਤੇ ਬੇਵਜ਼ਾਹ ਉਂਗਲ ਉਠਾਉਣਾ ਹਰਗਿਜ਼ ਨਹੀਂ, ਸਗੋਂ ‘ਆਰ ਟੀ ਐਕਟ’ ਅਧੀਨ ਆਈ ਜਾਣਕਾਰੀ ਤੋਂ ਪਾਠਕਾਂ ਨੂੰ ਜਾਣੂ ਕਾਰਾਉਣਾ ਹੈ।
ਸਾਦਗੀ ਸਵਾਲਾਂ ‘ਚ
ਕੱਟੜ ਇਮਾਨਦਾਰੀ, ਸਾਦਗੀ ਅਤੇ ਨੈਤਿਕਤਾ ਦੀ ਮੂਰਤ ‘ਆਪ’ ਸੁਪਰੀਮੋ ਕੇਜਰੀਵਾਲ ਦੇ ਸਰਕਾਰੀ ਘਰ ਦੀ ਰੈਨੋਵੇਸ਼ਨ ਦੇ ਖੂਬ ਚਰਚੇ ਨੇ। ਉਂਝ ਸਰਕਾਰੀ ਘਰਾਂ ਦੀ ਮੁਰੰਮਤ ਆਮ ਮਾਮਲਾ ਹੈ, ਜੋ ਕਦੇ ਵੱਡੀ ਚਰਚਾ ਦਾ ਵਿਸ਼ਾ ਨਹੀਂ ਬਣਿਆ। ਜਦੋਂ ਵਿਰੋਧੀ ਲੀਡਰ ‘ਸੂਚਨਾ ਐਕਟ’ ਅਧੀਨ ਜਾਣਕਾਰੀ ਲੈ ਕੇ ਉਂਗਲ ਉਠਾਉਣ ਤਾਂ ਚਰਚਾ ਹੋਣੀ ਬਣਦੀ ਹੈ। ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਵ ਨਿਰਮਾਣ ( ਰੈਨੋਵੇਸ਼ਨ) ਤੇ 45 ਕਰੋੜ ਖਰਚ ਕੇ ਅਲੀਸ਼ਾਨ ਬੰਗਲਾ ਬਣਾਉਣ ਦੇ ਦੋਸ਼ ਲਗੇ ਨੇ। ਕਾਂਗਰਸ ਆਗੂ ਅਜੈ ਮਾਕਨ ਨੇ ਤਾਂ 45 ਕਰੋਡ਼ ਦੀ ਬਜਾਏ 171 ਕਰੋਡ਼ ਦਾ ਖਰਚਾ ਦੱਸਿਐ। ਮਾਕਨ ਅਨੁਸਾਰ ਰਿਹਾਇਸ਼ ਨਾਲ 4 ਹੋਰ ਕੰਪਲੈਕਸ ਸਨ, ਜਿਨਾਂ ਵਿਚ 22 ਅਫਸਰਾਂ ਦੀ ਰਿਹਾਇਸ਼ ਸੀ। ਇਨ੍ਹਾਂ ਵਿਚੋਂ 15 ਢਾਹੇ ਗਏ ਅਤੇ 7 ਖਾਲੀ ਰੱਖੇ ਗਏ ਨੇ। ਅਫਸਰਾਂ ਲਈ ਰਾਸ਼ਟਰ ਮੰਡਲ ਖੇਡਾਂ ਪਿੰਡ ਵਿਚ ਵੱਡੇ 5 ਫਲੈਟ 126 ਰੁਪਏ ਦੇ ਖਰੀਦੇ ਨੇ। ਇਸ ਤਰਾਂ ਸਰਕਾਰੀ ਖਜਾਨੇ ਵਿਚੋਂ ਕੁੱਲ 171 ਕਰੋਡ਼ ਰੁਪਏ ਖਰਚੇ ਗਏ। ਰੈਨੋਵੇਸ਼ਨ ਸਮੇਂ ਦਿਲੀ ਅੰਦਰ ਕੋਵਿਡ ਸਿਖਰ ਤੇ ਸੀ ਅਤੇ ਆਕਸੀਜਨ ਦੀ ਕਮੀ ਚੱਲ ਰਹੀ ਸੀ। ਸਰਕਾਰੀ ਘਰ ਨੂੰ ਅਲੀਸ਼ਾਨ ਮਹਿਲ ਦਾ ਰੂਪ ਦੇਣ ਲਈ 11.03 ਕਰੋੜ ਦੇ ਇੰਨਟੀਰੀਅਰ, 6 ਕਰੋਡ਼ ਦ‍ਾ ਵੀਅਤਨਾਮ ਤੋਂ ਮਾਰਬਲ, 5.43 ਕਰੋਡ਼ ਦੇ ਬਿਜਲੀ ਉਪਕਰਣ, 5 ਕਰੋਡ਼ ਅਧੁਹਨਿਕ ਸਜਾਵਟੀ ਸਾਮਾਨ, 1 ਕਰੋਡ਼ ਕੰਨਸਲਟੈਂਸੀ, 1 ਕਰੋੜ ਵੁਡਨ ਫਲੋਰਿੰਗ, 1.01 ਕਰੋੜ ਦੇ ਬਰਤਨ, 43 ਲੱਖ ਦੇ ਪਰਦੇ ਆਦਿ ਤੇ ਖਰਚ ਹੋਇਐ, ਜੋ ਆਮ ਆਦਮੀ ਲਈ ਬੇਲੋੜਾ ਜਾਪਦੈ। ਆਪ’ ਦਾ ਤਰਕ ਹੈ ਕਿ ਮੁੱਖ ਮੰਤਰੀ ਨਿਵਾਸ ਬਹੁਤ ਪੁਰਾਣਾ ਸੀ ਅਤੇ ਮੁਰੰਮਤ ਜਰੂਰੀ ਸੀ। ਨਾਲ ਹੀ ਦੱਸਿਆ ਕਿ ਪ੍ਰਧਾਨ ਮੰਤਰੀ ਲਈ 467 ਕਰੋਡ਼ ਦਾ ਨਵਾਂ ਘਰ ਬਣ ਰਿਹੈ। ਇਹ ਵੀ ਕਿਹਾ ਕਿ ਦਿੱਲੀ ਦੇ ਉੱਪ ਰਾਜਪਾਲ ਦੇ ਘਰ ਦੀ ਮੁਰੰਮਤ ਤੇ 15 ਕਰੋੜ ਖਰਚੇ ਗਏ ਨੇ। ਜਿਸ ਤੇ ਕੋਈ ਚਰਚਾ ਨਹੀਂ ਹੋ ਰਹੀ। ਵਿਰੋਧੀ ਲੀਡਰਾਂ ਨੇ ਤਾਂ ਕਦੇ ਸਾਦਗੀ ਦੀ ਗੱਲ ਹੀ ਨਹੀਂ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਨੁਸਾਰ ਕੇਜਰੀਵਾਲ ਦੋਹਰੀ ਜ਼ੈਡ ਪਲੱਸ ਸੁਰੱਖਿਆ ਛੱਤਰੀ ਵਾਲੇ ਦੇਸ਼ ਦੇ ਇਕੋ ਇਕ ਲੀਡਰ ਨੇ, ਜਿਨਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵੱਖ ਵੱਖ ਸੁਰੱਖਿਆ ਦਿੱਤੀ ਹੋਈ ਹੈ। ਸੂਚਨਾ ਐਕਟ ਅਧੀਨ ਜਾਣਕਾਰੀ ਅਨੁਸਾਰ ਕੇਜਰੀਵਾਲ ਨਾਲ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਢਾਈ-ਢਾਈ ਕਰੋੜ ਦੀਆਂ 2 ਲੈਂਡ ਕਰੂਜ਼ਰ ਗੱਡੀਆਂ ਅਤੇ 80 ਕਮਾਂਡੋ ਲਗਾਏ ਨੇ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵੀ ਇਕ ਲੈਂਡ ਕਰੂਜ਼ਰ ਅਤੇ 50 ਕਮਾਂਡੋ ਦੇ ਰੱਖੇ ਨੇ। ਸ. ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਰਕਾਰੀ ਰਿਹਾਇਸ਼ ਤੋਂ ਇਲਾਵਾ ਕਰੀਬ ਦਰਜਨ ਵੱਡੀਆਂ ਕੋਠੀਆਂ ਅਣਅਧਿਕਾਰਤ ਵਿਅੱਕਤੀਆਂ ਨੂੰ ਦੇ ਰੱਖੀਆਂ ਨੇ। ਬਾਜਵਾ ਅਨੁਸਾਰ ਪਹਿਲੇ ਮੁੱਖ ਮੰਤਰੀਆਂ ਦੀ ਵੱਡੀ ਸੁਰੱਖਿਆ ਤੇ ਸਵਾਲ ਉਠਾਉਣ ਵਾਲੇ ਭਗਵੰਤ ਮਾਨ ਦੇ ਕਾਫਲੇ ਵਿਚ ਢਾਈ-ਢਾਈ ਕਰੋਡ਼ ਦੀਆਂ 8 ਲੈਂਡ ਕਰੂਜ਼ਰ ਸਮੇਤ 122 ਗੱਡੀਆਂ ਅਤੇ 1100 ਸੁਰੱਖਿਆ ਮੁਲਾਜ਼ਿਮ ਨੇ। ਅਲੀਸ਼ਾਨ ਘਰ, ਗੱਡੀਆਂ ਦੇ ਵੱਡੇ ਕਾਫਲਾ ਅਤੇ ਸਖਤ ਸੁਰੱਖਿਆ ਲੈਣ ਨਾਲ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਅਕਸ਼ ਆਮ ਆਦਮੀ ਵਾਲਾ ਨਹੀਂ ਜਾਪਦਾ।
ਭ੍ਰਿਸ਼ਟਾਚਾਰ ਦੇ ਲੱਗਦੇ ਦੋਸ਼
ਇਸ ਸਮੇਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਦੇ ਕਥਿਤ 100 ਕਰੋਡ਼ ਦੇ ਘੁਟਾਲੇ ਵਿਚ ਪਾਰਟੀ ਦੇ ਵੱਡੇ ਲੀਡਰ ਘਿਰੇ ਹੈਏ ਨੇ। ਸੀਬੀਆਈ ਅਤੇ ਈਡੀ ਵਲੋਂ ਮਾਮਲੇ ਦਰਜ ਕਰਕੇ ਸਰਕਾਰ ਦੇ ਕਈ ਵੱਡੇ ਅਹੁਦੇਦਾਰਾਂ ਦੀ ਗਿ੍ਫਤਾਰੀ ਵੀ ਹੋ ਚੁੱਕੀ ਹੈ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਸੀਬੀਆਈ ਵਲੋਂ 25 ਫਰਵਰੀ ਗ੍ਰਿਫਤਾਰ ਕੀਤੇ ਗਏ ਅਤੇ ਈਡੀ ਦੀ ਚਾਰਜਸ਼ੀਟ ਵਿਚ ਉਨਾਂ ਨੂੰ ਮੁੱਖ ਦੋਸ਼ੀ ਵਜੋਂ ਰੱਖਿਆ ਗਿਐ। ਕੇਜਰੀਵਾਲ ਦੇ ਭਰੋਸੇਮੰਦ ਵਿਜੇ ਨਾਇਰ ਅਤੇ ਕਈ ਸ਼ਰਾਬ ਦੇ ਕਾਰੋਬਾਰੀ ਪਹਿਲਾਂ ਹੀ ਜੇਲ ਵਿੱਚ ਨੇ। ਮਜਬੂਰਨ ਸਿਸੋਦੀਆ ਤੋਂ ਅਸਤੀਫਾ ਲਿਆ ਗਿਐ। ਇਸ ਮਾਮਲੇ ਵਿਚ ਕੇਜਰੀਵਾਲ ਤੋਂ ਵੀ ਈਡੀ ਪੁਛਗਿੱਛ ਕਰ ਚੁੱਕੀ ਹੈ। ਸਿਸੋਦੀਆ ਨੂੰ ਅਜੇ ਤੱਕ ਅਦਾਲਤ ਵਿਚੋਂ ਜਮਾਨਤ ਨਹੀਂ ਮਿਲੀ। ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਵੀ ਮਨੀ ਲਾਂਡਰਿੰਗ ਮਾਮਲੇ ਵਿਚ ਕਰੀਬ ਇਕ ਸਾਲ ਤੋਂ ਜੇਲ ਦੀ ਹਵਾ ਖਾ ਰਹੇ ਨੇ ਅਤੇ ਜਮਾਨਤ ਨਹੀਂ ਮਿਲ ਸਕੀ। ਕੇਜਰੀਵਾਲ ਵਲੋੰ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਤੁਲਣਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਗਈ। ਪਹਿਲੀ ਸਰਕਾਰ ਸਮੇਂ ਵੀ ਇਕ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਅਧੀਨ ਵਜਾਰਤ ਚੋਂ ਕੱਢਿਆ ਗਿਆ।
ਪੰਜਾਬ ਅੰਦਰ ਦੀ ਸਥਿਤੀ
ਇਸੇ ਤਰਾਂ ਪੰਜਾਬ ਵਿਚ ਵਿਜ਼ੀਲੈਂਸ ਰਾਹੀਂ ਸਾਬਕਾ ਮੰਤਰੀਆਂ, ਵਧਾਇਕਾਂ ਅਤੇ ਕਈ ਅਧਿਕਾਰੀਆਂ ਖਿਲਾਫ ਭ੍ਰਿਸ਼ਟਾਚਾਰ ਮਾਮਲਿਆਂ ਵਿਚ ਤਾਂ ਕਾਰਵਾਈ ਕੀਤੀ ਹੈ। ਪ੍ਰੰਤੂ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰੀ ਮੰਤਰੀ ਵਿਜੇ ਸਿੰਗਲਾ ਅਤੇ ਫੌਜਾ ਸਿੰਘ ਸਰਾਰੀ ਖਿਲਾਫ ਨਰਮ ਰਵੱਈਏ ਤੇ ਉਂਗਲਾਂ ਉਠਦੀਆਂ ਨੇ । ਮੁੱਖ ਮੰਤਰੀ ਨੇ ਵਿਜੇ ਸਿੰਗਲਾ ਨੂੰ ਪ੍ਰਾਜੈਕਟਾਂ ਚੋਂ ਕਮਿਸ਼ਨ ਮੰਗਣ ਦੇ ਦੋਸ਼ ਤੇ ਖੁੱਦ ਗਿ੍ਰਫਤਾਰ ਕਰਵਾਇਆ ਸੀ, ਪਰ ਅਦਾਲਤ ਵਿਚ ਕੋਈ ਸਬੂਤ ਪੇਸ਼ ਹੀ ਨਹੀਂ ਕੀਤਾ। ਰਿਸ਼ਵਤ ਲੈਂਦੇ ਫੜੇ ਗਏ ‘ਆਪ’ ਵਧਾਇਕ ਅਮਿਤ ਰਤਨ ਦੀ ਮੀਡੀਆ ਦੇ ਦਬਾਅ ਨਾਲ ਹੀ ਗਿ੍ਫ਼ਤਾਰੀ ਹੋ ਸਕੀ। ਜਲਾਲਾਬਾਦ ਦੇ ਵਧਾਇਕ ਗੋਲਡੀ ਕੰਬੋਜ਼ ਦਾ ਪਿਤਾ ਸੁਰਿੰਦਰ ਕੰਬੋਜ਼ 10 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਹੋ ਚੁਕੈ। ਕਰਤਾਰਪੁਰ ਦੇ ਵਧਾਇਕ ਬਲਕਾਰ ਸਿੰਘ ਤੇ ਅਪਾਹਜਤਾ ਦਾ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਲੱਗ ਚੁੱਕੇ ਨੇ। ਇਕ ਵਧਾਇਕ ਤੇ ਦੋ ਸ਼ਾਦੀਆਂ ਦੇ ਦੋਸ਼ ਲੱਗੇ ਨੇ । ਬੀਤੇ ਦਿਨੀਂ ਮੰਤਰੀ ਕਟਾਰੂਚੱਕ ਦੀ ਗੰਦੀ ਵੀਡੀਓ ਤੇ ਕਾਰਵਾਈ ਲਈ ਰਾਜਪਾਲ ਵਲੋਂ ਲਿਖਣ ਦੇ ਬਾਵਯੂਦ ਮੁੱਖ ਮੰਤਰੀ ਚੁੱਪ ਨੇ। ਇਸ ਸਭ ਨਾਲ ਸਰਕਾਰ ਦੀ ਨੈਤਿਕਤਾ ਅਤੇ ਕੱਟੜ ਇਮਾਨਦਾਰੀ ਤੇ ਪ੍ਰਸ਼ਨ ਚਿੰਨ ਲੱਗ ਰਿਹੈ। ਜਨਤਾ ਨੇ ਰਵਾਇਤੀ ਪਾਰਟੀਆਂ ਦੀ ਲੁੱਟ ਤੋਂ ਨਿਜ਼ਾਤ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੀਆਂ ਉਮੀਦਾਂ ਨਾਲ ਬਣਾਈ ਸੀ, ਜੋ ਅਜੇ ਵੀ ਕਾਇਮ ਨੇ। ਪਾਰਟੀ ਦੇ ਨੇਤਾਵਾਂ ਨੂੰ ਚਾਹੀਦੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਲਈ ਆਪਣਾ ਵਰਤਾਰਾ ਲੋਕ ਪੱਖੀ ਬਣਾ ਕੇ ਚਲਣ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *