ਜੋ ਦਿਖਾ, ਸੋ ਲਿਖਾ’, ਚੋਣਾਂ ਲਈ ਬੀਜੇਪੀ ਨੇ ਖੇਡਿਆ ‘ਸਾਂਝੇ ਸਿਵਲ ਕੋਡ’ ਦਾ ਪੱਤਾ, ਵਿਰੋਧੀ ਪਾਰਟੀਆਂ ‘ਚ ਏਕਤਾ ਲਈ ਯਤਨ ਸ਼ੁਰੂ

Ludhiana Punjabi

DMT : ਲੁਧਿਆਣਾ : (04 ਜੁਲਾਈ 2023) : – 2024 ਦੀਆਂ ਲੋਕ ਸਭਾ ਚੋਣਾਂ ਵਿਚ ਕਰੀਬ ਕਰੀਬ 9 ਮਹੀਨੇ ਦਾ ਸਮਾਂ ਹੀ ਬਚਿਆ ਹੈ। 2019 ਚੋਣਾਂ  ਵਿਚ ਬੀਜੇਪੀ ਨੇ 542 ਵਿਚੋਂ 303 ਸੀਟਾਂ ਜਿੱਤੀਆਂ ਅਤੇ ਕਾਂਗਰਸ  ਨੇ  ਸਿਰਫ 52 ਸੀਟਾਂ ਹੀ ਜਿੱਤੀਆਂ ਸਨ।  ਬੀਜੇਪੀ ਦਾ 37.76% ਅਤੇ  ਕਾਂਗਰਸ ਦਾ 9.18% ਵੋਟ ਸ਼ੇਅਰ ਸੀ। ਦੇਸ਼ ਅੰਦਰ ਚੋਣ ਸਰਗਰਮੀਆਂ ਵਿਚ ਕਾਫੀ ਤੇਜੀ ਆ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ‘ਯੂਨੀਫਾਰਮ ਸਿਵਲ ਕੋਡ’ ਦਾ ਜ਼ਿਕਰ ਕਰਕੇ ਚੋਣਾਂ ਦਾ ਏਜੰਡਾ ਤੈਅ ਕਰ ਦਿੱਤੈ। ਪ੍ਰਧਾਨ ਮੰਤਰੀ ਦਾ ਕਹਿਣੈ ਕਿ ਸਭਕਾ ਸਾਥ, ਸਭਕਾ ਵਿਕਾਸ ਦੀ ਭਾਵਨਾ ਨਾਲ ਕੰਮ ਲਈ ਦੇਸ਼ ਵਿਚ ਸਿੰਗਲ ਪ੍ਰਣਾਲੀ ਜਰੂਰੀ ਹੈ। ‘ਸਾਂਝੇ ਸਿਵਲ ਕੋਡ’ ਤੇ  ਪਾਰਲੀਮੈਂਟ ਸਥਾਈ ਕਮੇਟੀ ਦੀ ਮੀਟਿੰਗ ਵਿਚ ਵਿਰੋਧੀ ਪਾਰਟੀਆਂ  ਨੇ ਇਸ ਨੂੰ ਲਿਆਉਣ ਦੇ ਸਮੇਂ ਤੇ ਸਵਾਲ ਉਠਾਏ। ਇਸ ਦਾ ਮੁਸਲਮਾਨ, ਸਿੱਖ ਅਤੇ ਇਸਾਈ  ਭਾਈਚਾਰਿਆਂ ਵਲੋਂ ਸਖਤ ਵਿਰੋਧ ਹੋ ਰਿਹੈ ਅਤੇ ਇਸ ਨੂੰ  ਬੀਜੇਪੀ ਵਲੋਂ  ਧਰੁਵੀਕਰਨ ਲਈ ਖੇਡਿਆ ਖਤਰਨਾਕ ਪੱਤਾ ਦੱਸਿਆ ਜਾ ਰਿਹੈ। ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਦੀਆਂ  ਵਿਧਾਨ ਸਭਾ ਚੋਣਾਂ ਵਿਚ ਹਾਰਾਂ ਨਾਲ ਬੀਜੇਪੀ ਵਿਚ ਭਾਰੀ ਖਲਬਲੀ ਮੱਚੀ ਦਿਸਦੀ ਹੈ  ਅਤੇ
ਕਾਂਗਰਸ ਕਾਫੀ ਉਤਸ਼ਾਹਿਤ ਹੈ ਅਤੇ  ਵਿਰੋਧੀ ਧਿਰਾਂ ਦਾ ਆਤਮ ਵਿਸ਼ਵਾਸ਼ ਵੀ ਵਧਿਐ। ਸਮਝਿਆ ਜਾ ਰਿਹੈ ਕਿ ਜੇਕਰ ਵਿਰੋਧੀ ਇਕਜੁੱਟ ਹੁੰਦੇ ਨੇ, ਤਾਂ ਬੀਜੇਪੀ ਨੂੰ  ਕੇਂਦਰੀ ਸੱਤਾ ਤੋਂ ਲਾਂਭੇ ਕਰਨਾ ਅਸੰਭਵ ਨਹੀਂ ਹੈ। ਕਰਨਾਟਕਾ ਵਿਚ   ਕਾਂਗਰਸ   ਨੇ 10 ਸਾਲ ਬਾਅਦ  ਆਪਣੇ ਦਮ ਤੇ ਪੂਰਨ ਬਹੁਮੱਤ ਹਾਸਿਲ ਕੀਤਾ ਹੈ। ਇਸ ਹਾਰ ਨਾਲ ਪੂਰਾ ਦੱਖਣੀ ਭਾਰਤ ਬੀਜੇਪੀ ਮੁੱਕਤ ਹੋ ਚੁੱਕੈ। ਹਿਮਾਚਲ ਪ੍ਰਦੇਸ਼ ਵਿਚ ਵੀ ਬੀਜੇਪੀ ਦੀ ਸੱਤਾ  ਪਲਟਣ  ਨਾਲ ਵੱਡਾ ਉਲਟਫੇਰ  ਹੋਇਐ। ਘਬਰਾਈ ਬੀਜੇਪੀ ਨੇ ਬੀਤੇ ਵਿਚ ਗੱਠਬੰਧਨ ਵਿਚੋਂ ਵੱਖ ਹੋਈਆਂ ਪਾਰਟੀਆਂ  ਨੂੰ  ਫਿਰ ਤੋਂ ਨਾਲ ਰਲਾਉਣ ਦੇ ਯਤਨ ਆਰੰਭੇ ਨੇ। ਪ੍ਰਧਾਨ ਮੰਤਰੀ  ਮੋਦੀ ਅਤੇ ਅਮਿਤ ਸ਼ਾਹ ਵਲੋਂ  ਸੂਬਿਆਂ ਵਿਚ ਪ੍ਰਚਾਰ  ਲਈ ਰੈਲੀਆਂ ਨੂੰ  ਸੰਬੋਧਨ ਕੀਤਾ ਜਾ ਰਿਹੈ। ਸਾਰੇ ਕੇਂਦਰੀ ਮੰਤਰੀਆਂ ਨੂੰ  ਵੱਖ ਵੱਖ ਸੂਬਿਆਂ ਵਿਚ ਪ੍ਰਚਾਰ ਦੀ ਜਿੰਮੇਵਾਰੀ ਸੰਭਾਲੀ ਗਈਹੈ।  ਇਸੇ  ਦੌਰਾਨ ਬੀਜੇਪੀ ਨੇ ਮਹਾਰਾਸ਼ਟਰਾ ਵਿਚ  ਸ਼ਰਦ ਪਵਾਰ  ਦੇ ਭਤੀਜੇ ਅਜੀਤ ਪਵਾਰ ਸਮੇਤ ਐਨਸੀਪੀ ਦੇ  ਵਧਾਇਕਾਂ ਤੋਂ ਬਗਾਵਤ ਕਰਾ ਕੇ ਉਸ ਨੂੰ  ਉੱਪ ਮੁੱਖ ਮੰਤਰੀ  ਬਣਾ ਦਿਤੈ। ਇਸ ਸਮੇਂ  ਕੋਈ ਵੀ ਇਕੱਲੀ ਪਾਰਟੀ  ਬੀਜੇਪੀ ਨੂੰ  ਟੱਕਰ ਦੇਣ ਦੀ ਸਥਿਤੀ ਵਿਚ ਨਹੀਂ  ਹੈ ਅਤੇ  ਵਿਰੋਧੀ ਪਾਰਟੀਆਂ  ਦਾ ਕੁਨਬਾ ਅਜੇ ਤੱਕ ਖਿਲਰਿਆ ਦਿਸਦੈ। ਵੱਖ ਵੱਖ ਸੂਬਿਆਂ ਵਿਚ  ਵਿਰੋਧੀ ਪਾਰਟੀਆਂ ਦਾ ਆਪਸੀ ਟਕਰਾਅ ਵੀ ਵੱਡੀ ਰੁਕਾਵਟ ਖੜੀ ਕਰ ਰਿਹੈ। ਫਿਰ ਵੀ ਵਿਰੋਧੀ ਪਾਰਟੀਆਂ  ਨੇ  ਬੀਜੇਪੀ ਖਿਲਾਫ ਇਕ ਮਜਬੂਤ ਗੱਠਬੰਧਨ ਅਮਲ ਵਿਚ ਲਿਆਉਣ ਦੀ ਕਵਾਇਦ  ਜਰੂਰ ਆਰੰਭੀ  ਹੈ। 23 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ 17 ਭਾਜਪਾ ਵਿਰੋਧੀ ਸਿਆਸੀ ਪਾਰਟੀਆਂ  ਇੱਕ ਵਿਸ਼ੇਸ਼ ਮੀਟਿਗ ਹੋਈ। ਇਸ ਵਿਚ ਕਾਂਗਰਸ ਤੋਂ  ਪ੍ਰਧਾਨ ਮਲਿਕਾਰਜੁਨ ਖੜਗੇ ਅਤੇ  ਰਾਹੁਲ ਗਾਂਧੀ, ਜੇਡੀਯੂ ਮੁੱਖੀ  ਨਿਤਿਸ਼ ਕੁਮਾਰ, ਆਰਜੇਡੀ ਤੋਂ ਲਾਲੁੂ ਪ੍ਰਸਾਦ ਯਾਦਵ ਅਤੇ ਤੇਜੱਸ਼ਵੀ ਯਾਦਵ, ਬੰਗਾਲ ਸੀਐਮ ਮਮਤਾ ਬੈਨਰਜੀ, ਡੀਐਮਕੇ ਨੇਤਾ ਐਮ ਕੇ ਸਟਾਲਿਨ, ‘ਆਪ’ ਤੋਂ ਅਰਵਿੰਦ  ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ,  ਜੇਐਮਐਮ ਦੇ ਸੀਐਮ  ਹੇਮੰਤ ਸੋਰੇਨ, ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ,  ਨੈਸ਼ਨਲ ਕਾਂਨਫਰੰਸ ਮੁੱਖੀ ਓਮਰ ਅਬਦੁੱਲਾ, ਸ਼ਿਵ ਸੈਨਾਂ ਮੁੱਖੀ ਉਦਵ ਠਾਕਰੇ,  ਪੀਡੀਪੀ ਮੁੱਖੀ ਮਹਿਬੂਬਾ ਮੁਫਤੀ, ਸੀਪੀਐਮ ਲੀਡਰ ਸੀਤਾ ਰਾਮ ਯੇਚੁਰੀ, ਸੀਪੀਆਈ ਲੀਡਰ ਡੀ ਰਾਜਾ ਅਤੇ ਸਮੇਤ ਦੋ ਦਰਜਨ ਤੋਂ ਵੱਧ ਵਿਰੋਧੀ ਨੇਤਾ  ਸ਼ਾਮਿਲ ਹੋਏ। ਮੀਟਿੰਗ ਵਿਚ ਬੀਜੇਪੀ ਦੀਆਂ  ਦਮਨਕਾਰੀ ਅਤੇ ਲੋਕਤੰਤਰ ਖਿਲਾਫ  ਨੀਤੀਆਂ ਵਿਰੁੱਧ ਮਜਬੂਤ ਗੱਠਜੋੜ ਬਣਾ ਕੇ 2024 ਲੋਕ ਸਭਾ ਚੋਣਾਂ ਲੜਨ ਦੀ ਰਾਏ ਬਣੀ।ਸੂਬਿਆਂ ਵਿਚ ਸੀਟਾਂ ਦੀ ਵੰਡ ਅਤੇ ਸਾਂਝੇ ਪ੍ਰਚਾਰ  ਸਬੰਧੀ ਪ੍ਰੋਗਰਾਮ ਉਲੀਕਣ ਲਈ ਜੁਲਾਈ ਵਿਚ ਬੰਗਲੂਰੂ ਵਿਖੇ ਇਕ ਹੋਰ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਉਂਝ ਤੇਲੰਗਾਨਾ ਵਿਚ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਅਤੇ ਆਂਧਰਾ ਪ੍ਰਦੇਸ਼ ਵਿਚ ਜਗਨ ਮੋਹਨ ਰੈਡੀ ਦੀ ਵਾਈਐਸਆਰਸੀਪੀ ਅਪਣੇ ਤੌਰ ਤੇ ਕਾਫੀ ਮਜਬੂਤ ਟੱਕਰ ਦੇਣ ਦੀ ਸਥਿਤੀ ਵਿਚ ਨੇ। ਓਡੀਸ਼ਾ ਵਿਚ ਨਵੀਨ ਪਟਨਾਇਕ  ਦੀ ਬੀਜੇਡੀ ਕਾਫੀ ਮਜਬੂਤ ਹੈ, ਪਰ ਉਹ ਅਕਸਰ ਕੇੰਦਰ ਸਰਕਾਰ ਦੇ ਨਾਲ ਹੀ ਖੜਦੀ ਰਹੀ ਹੈ। ਇਸ ਸਮੇਂ ਐਨਡੀਏ ਦੇ ਤਿੰਨ ਭਾਈਵਾਲ ਨਿਤਿਸ਼ ਕੁਮਾਰ ਦੀ ਆਰਜੇਡੀ, ਉਧਵ ਠਾਕਰੇ ਦੀ ਸ਼ਿਵ ਸੈਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਗੱਠਜੋੜ ਤੋਂ  ਕਿਨਾਰਾ ਕਰ ਚੁੱਕੇ ਨੇ ਅਤੇ   ਬਿਹਾਰ, ਮਹਾਰਾਸ਼ਟਰਾ ਅਤੇ ਪੰਜਾਬ ਵਿਚ ਬੀਜੇਪੀ ਨੂੰ  ਵੱਡੀ ਚੁਣੌਤੀ ਪੇਸ਼ ਕਰਨ ਵਾਲੇ ਨੇ।   ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ  ‘ਨਫਰਤ ਦੀ ਰਾਜਨੀਤੀ ਖਿਲਾਫ ਸਮਾਜ ਜੋੜੋ ਦੀ ਰਾਜਨੀਤੀ’  ਨੂੰ  ਮਿਲੇ ਹੁੰਗਾਰੇ  ਨਾਲ ਪਾਰਟੀ  ਅੰਦਰ ਜੋਸ਼ ਵਧਿਐ।
*ਕੇਜਰੀਵਾਲ ਨੇ ਅਲਾਪਿਆ ਵੱਖਰਾ ਰਾਗ*
ਅਰਵਿੰਦ ਕੇਜਰੀਵਾਲ,  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਰੋਧੀ ਪਾਰਟੀਆਂ  ਦੀ ਪਟਨਾ ਮੀਟਿੰਗ  ਸ਼ਾਮਿਲ ਤਾਂ ਰਹੇ, ਪਰ  ਪਿੱਛੋਂ ਦੋਵੇਂ ਲੀਡਰ ਸਾਂਝੀ ਪ੍ਰੈਸ ਕਾਨਫਰੰਸ ਤੋਂ ਕਿਨਾਰਾ ਕਰ ਗਏ।  ਕੇਜਰੀਵਾਲ ਨੇ ਗੱਠਬੰਧਨ ਦਾ ਹਿੱਸਾ ਬਣੇ ਰਹਿਣ ਲਈ ਕਾਂਗਰਸ ਪਾਰਟੀ  ਤੇ ਕੇਂਦਰ ਸਰਕਾਰ ਦੇ ਦਿੱਲੀ ਮੁੱਖ  ਮੰਤਰੀ  ਦੇ ਅਧਿਕਾਰਾਂ ਬਾਰੇ  ਆਰਡੀਨੈਂਸ ਸਬੰਧੀ  ਪੱਖ ਸਪੱਸ਼ਟ ਕਰਨ ਦੀ ਸ਼ਰਤ ਰੱਖੀ। ਉਨਾਂ ਕਿਹਾ ਕਿ ਜੇਕਰ ਕਾਂਗਰਸ  ਰਾਜ ਸਭਾ ਵਿਚ ਆਰਡੀਨੈਂਸ ਬਿਲ  ਦੇ ਵਿਰੋਧ  ਦਾ ਭਰੋਸਾ ਨਹੀਂ ਦਿੰਦੀ, ਤਾਂ ਉਹ ਅਗਲੀ  ਕਿਸੇ ਵੀ ਮੀਟਿੰਗ  ਵਿਚ ਹਿੱਸਾ ਨਹੀਂ  ਲੈਣਗੇ।  ਕਾਂਗਰਸ  ਪ੍ਰਧਾਨ ਖੜਗੇ ਨੇ ਕਿਹਾ ਕਿ ਉਨਾਂ ਦੀ ਪਾਰਟੀ  ਪਾਰਲੀਮੈਂਟ  ਇਜਲਾਸ ਸ਼ੁਰੂ ਹੋਣ ਸਮੇਂ ਹੀ ਆਪਣੀ ਰਣਨੀਤੀ ਤੈਅ ਕਰਦੀ ਹੈ। ਬਾਕੀ ਵਿਰੋਧੀ  ਪਾਰਟੀਆਂ  ਨੇ ਵੀ ਕੇਜਰੀਵਾਲ ਦੀ ਸ਼ਰਤ ਨੂੰ ਮਹਿਜ਼ ਮੌਕਾਪ੍ਰਸਤੀ ਦੱਸਿਆ। ਓਮਰ ਅਬਦੁਲਾ ਅਤੇ ਮਹਿਬੂਬਾ ਮੁਫਤੀ ਨੇ  ਕੇਜਰੀਵਾਲ ਨੂੰ  ਪੁੱਛਿਆ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਕੇ ਪੂਰੇ ਸੂਬੇ  ਦੇ ਟੁਕੜੇ ਕੀਤੇ ਜਾਣ ਤੇ ਉਨਾਂ ਕੇਂਦਰ ਸਰਕਾਰ ਦੇ ਫੈਸਲੇ ਨੂੰ  ਸਹੀ ਠਹਿਰਾਇਆ ਸੀ, ਪਰ ਹੁਣ ਜਦੋਂ ਉਨਾਂ ਖਿਲਾਫ ਕਾਰਵਾਈ ਹੋਈ ਹੈ, ਤਾਂ ਲੋਕਤੰਤਰ  ਦੇ ਘਾਣ ਦਾ ਸ਼ੋਰ ਮਚਾਅ ਰਹੇ ਨੇ। ਕੇਜਰੀਵਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਦੌਰਾਨ ਕਾਂਗਰਸ  ਦੇ ਵੋਟ ਨੂੰ  ਆਪਣੇ ਵਲ ਖਿਚਣ ‘ਚ ਲੱਗੇ  ਰਹੇ ਨੇ, ਪਰ ਉਨਾਂ ਨੂੰ  ਜਨਤਾ ਨੇ ਪੂਰੀ ਤਰਾਂ ਨਕਾਰ ਦਿੱਤੈ। ਕਾਂਗਰਸ ਦਾ ਕਹਿਣੈ ਕਿ ਪੰਜਾਬ ਅੰਦਰ ਮੁੱਖ ਮੰਤਰੀ  ਉਸ ਦੇ ਲੀਡਰਾਂ ਪਿੱਛੇ ਵਿਜੀਲੈਂਸ ਲਗਾ ਕੇ ਬਦਨਾਮ ਕਰ ਰਿਹੈ, ਜਦ ਕਿ ਆਪ ਦੇ ਮੰਤਰੀ ਅਤੇ ਵਧਾਇਕ ਰੋਜ਼ਾਨਾਂ  ਭ੍ਰਿਸ਼ਟਾਚਾਰ ਕੇਸਾਂ ‘ਚ  ਸੰਮਿਲਿਤ ਦਿੱਸਦੇ  ਨੇ। ਇਸ ਤਰਾਂ ਕੇਜਰੀਵਾਲ ਨੇ ਵਿਰੋਧੀ ਧਿਰਾਂ ਦੀ ਏਕਤਾ ਦੇ ਸ਼ੁਰੂਆਤ ਵਿਚ ਹੀ ਕਾਂਜੀ ਘੋਲ  ਦਿੱਤੀ ਹੈ। ਪਰ ਵਿਰੋਧੀ ਪਾਰਟੀਆਂ ਦਿਲੀ ਅਤੇ ਪੰਜਾਬ ਤੋਂ  ਅੱਗੇ ਕੇਜਰੀਵਾਲ ਦਾ ਖਾਸ ਪ੍ਰਭਾਵ ਨਹੀਂ ਮੰਨਦੀਆਂ। ਉਧਰ ਪੰਜਾਬ  ਵਿਚ ਵੀ ਉਹ ਕਾਂਗਰਸ ਜਾਂ ਅਕਾਲੀ ਦਲ ਨਾਲ ਸੀਟਾਂ ਦੇ ਲੈਣ ਦੇਣ ਤੇ ਸਹਿਮਤ ਹੁੰਦਾ ਨਜ਼ਰ ਨਹੀਂ ਆਉਂਦਾ । ਕੇਜਰੀਵਾਲ ਬਾਕੀ ਸਭ ਪਾਰਟੀਆਂ  ਨੂੰ  ਭ੍ਰਿਸ਼ਟ ਦੱਸਦੈ, ਜਦ ਕਿ ਉਸ ਦਾ ਉਪ ਮੁੱਖ ਮੰਤਰੀ ਸਿਸੋਧੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਭ੍ਰਿਸ਼ਟਾਚਾਰ  ਮਾਮਲਿਆਂ ‘ਚ ਫੱਸੇ ਹੋਏ ਨੇ।
* ਅੱਗੇ 9 ਵਿਧਾਨ ਸਭਾ ਚੋਣਾਂ *
ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ 9  ਸੂਬਿਆਂ ਮੱਧ ਪ੍ਰਦੇਸ਼,  ਰਾਜਸਥਾਨ, ਛੱਤੀਸਗੜ੍ਹ,  ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ  ਮਿਜ਼ੋਰਮ ਵਿੱਚ ਵੀ ਵਿਧਾਨ ਸਭਾ ਚੋਣਾਂ  ਹੋਣੀਆਂ ਨੇ। ਰਾਜਸਥਾਨ ਵਿਚ  ਕਾਂਗਰਸ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਤੇਲੰਗਾਨਾ ਵਿਚ ਚੰਦਰਸ਼ੇਖਰ ਰਾਓ ਦੀ ਬੀਆਰਐਸ, ਓਡੀਸ਼ਾ ਵਿਚ ਨਵੀਨ ਪਟਨਾਇਕ ਦੀ ਬੀਜੇਡੀ ਅਤੇ ਆਂਧਰਾ ਪ੍ਰਦੇਸ਼ ਵਿਚ ਜਗਨ ਮੋਹਨ ਰੈਡੀ ਦੀ ਵਾਈਐਸਆਰਸੀਪੀ ਦੀਆਂ  ਸਰਕਾਰਾਂ ਨੇ। ਇਹਨਾਂ ਸੂਬਿਆਂ ਦੀਆਂ  ਅਸੈਂਬਲੀ ਚੋਣਾਂ ਨੂੰ  ਲੋਕ ਸਭਾ ਚੋਣਾਂ ਦੇ ਸੈਮੀਫਾਇਨਲ ਸਮਝਿਆ ਜਾ ਰਿਹੈ ਅਤੇ ਇਨਾਂ ਦੇ ਨਤੀਜੇ  2024  ਲੋਕ ਸਭਾ ਚੋਣਾਂ  ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨਗੇ। ਅਜੇ ਆਉਣ ਵਾਲੇ ਸਮੇਂ ਵਿਚ  ਕਈ ਨਵੇਂ  ਸਿਆਸੀ ਸਮੀਕਰਣ ਵੀ ਬਣਦੇ ਦਿੱਖਣਗੇ। 
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਸਮੇਂ ਵਿਰੋਧੀ ਧਿਰਾਂ ਵਲੋਂ ਇਕ ਮਜਬੂਤ ਗੱਠਬੰਧਨ ਬਣਾਉਣ ਦੇ ਗੰਭੀਰ ਯਤਨ ਤਾਂ ਹੋ ਰਹੇ ਨੇ, ਪਰ ਬੀਜੇਪੀ ਦੇ ਮਜਬੂਤ ਐਨਡੀਏ ਗਠਬੰਧਨ ਨੂੰ  ਸਖਤ ਟੱਕਰ ਦੇਣ ਲਈ ਸਭ ਪਾਰਟੀਆਂ ਨੂੰ ਸਾਰੀਆਂ ਸੀਟਾਂ ਤੇ ਸਾਂਝੇ ਅਤੇ ਮਜਬੂਤ ਉਮੀਦਵਾਰ ਖੜੇ  ਕਰਨੇ ਹੋਣਗੇ। ਉਧਰ ਚੋਣਾਂ ਦੌਰਾਨ ਵੋਟਾਂ ਬਟੋਰਨ ਲਈ ਸਭ ਪਾਰਟੀਆਂ  ਵਲੋਂ ਵੱਡੇ ਵੱਡੇ ਵਾਅਦੇ  ਕੀਤੇ ਜਾਣਗੇ। ਇਸ ਲਈ ਵੋਟਰਾਂ ਨੂੰ ਪੂਰੀ ਤਰਾਂ ਪਾਰਟੀ  ਅਤੇ ਉਮੀਦਵਾਰ ਦੀ ਭਰੋਸੇਯੋਗਤਾ ਨੂੰ ਘੋਖ ਕੇ ਹੀ ਆਪਣੇ ਮੱਤ ਦਾ ਸਹੀ ਇਸ਼ਤੇਮਾਲ ਕਰਨਾ ਹੋਵੇਗਾ।

ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ  ਲੋਕ  ਸੰਪਰਕ  ਅਫਸਰ  (ਰਿਟਾ.)

Leave a Reply

Your email address will not be published. Required fields are marked *