ਝੋਨੇ ਦੀ ਪਰਾਲੀ ਦੀ ‘ਜੀਰੋ ਬਰਨਿੰਗ’ ਲਈ ਪ੍ਰਸ਼ਾਸਨ ਪੁਰੀ ਤਰ੍ਹਾਂ ਤਿਆਰ – ਡਿਪਟੀ ਕਮਿਸ਼ਨਰ

Ludhiana Punjabi

DMT : ਲੁਧਿਆਣਾ : (11 ਸਤੰਬਰ 2023) : –

ਪਿਛਲੇ ਸਾਲ ਜ਼ਿਲ੍ਹਾ ਲੁਧਿਆਣਾ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਵਿੱਚ 53.8 ਪ੍ਰਤੀਸ਼ਤ ਦੀ ਕਮੀ ਦਰਜ਼ ਕੀਤੀ ਗਈ ਸੀ ਜੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਵੱਧ ਸੀ। ਇਸ ਸਾਲ ਵੀ ਝੋਨੇ ਦੀ ਪਰਾਲੀ ਸੰਭਾਲਣ ਵਿੱਚ ਜ਼ਿਲ੍ਹਾ ਲੁਧਿਆਣਾ ਮੋਹਰੀ ਭੂਮਿਕਾ ਨਿਭਾਵੇਗਾ।

ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਵਲੋਂ ਪਰਾਲੀ ਸੰਭਾਲ ਅਭਿਆਨ ਨਾਲ ਸਬੰਧਤ ਸਮੂਹ ਵਿਭਾਗਾਂ ਦੀ ਮੀਟਿੰਗ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ ਗਈ ਜਿਸ ਵਿੱਚ ਖੇਤੀਬਾੜੀ ਵਿਭਾਗ, ਸਹਿਕਾਰਤਾ, ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ, ਪੰਜਾਬ ਰਿਮੋਟ ਸੈਸਿੰਗ ਸੈਂਟਰ ਆਦਿ ਵਿਭਾਗਾਂ ਵਲੋਂ ਸ਼ਮੂਲੀਅਤ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਅੰਦਰ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਗਈਆਂ ਕਰੀਬ 7000 ਖੇਤੀ ਮਸ਼ੀਨਾਂ ਕਾਰਨ ਅਤੇ ਖੇਤੀਬਾੜੀ ਵਿਭਾਗ ਵਲੋਂ ਵੱਡੇ ਪੱਧਰ ‘ਤੇ ਚਲਾਏ ਜਾਗਰੂਕਤਾ ਅਭਿਆਨ ਸਦਕਾ ਹੀ ਪਰਾਲੀ ਸੰਭਾਲ ਦਾ ਕੰਮ ਸੰਭਵ ਹੋ ਸਕਿਆ ਸੀ ਅਤੇ ਇਸੇ ਲੜੀ ਨੂੰਂ ਅੱਗੇ ਤੋਰਦਿਆਂ ਖੇਤੀਬਾੜੀ ਵਿਭਾਗ ਵਲੋਂ ਇਸ ਸਾਲ ਵੀ ਜਾਗਰੁਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਲੁਧਿਆਣਾ ਦੇ ਕਰੀਬ 340 ਪਿੰਡਾਂ ਵਿੱਚ ਕੋਈ ਵੀ ਪਰਾਲੀ ਸਾੜਨ ਦੀ ਘਟਨਾ ਪ੍ਰਾਪਤ ਨਹੀਂ ਹੋਈ ਸੀ।

ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ, ਡਾ. ਨਰਿੰਦਰ ਸਿੰਘ ਬੈਨੀਪਾਲ ਵਲੋਂ ਦੱਸਿਆ ਗਿਆ ਕਿ ਇਸ ਸਾਲ ਵੀ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਤਕਰੀਬਨ 1800 ਹੋਰ ਖੇਤੀਬਾੜੀ ਮਸ਼ੀਨਾਂ ‘ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਲਾਭਪਤਾਰੀਆਂ ਦੀ ਚੋਣ ਕਰ ਲਈ ਗਈ ਹੈ ਅਤੇ ਅਗਲੇ 1-2 ਦਿਨ੍ਹਾਂ ਵਿੱਚ ਉਨ੍ਹਾਂ ਨੂੰਂ ਆਨਲਾਈਨ ਮੰਜ਼ੂਰੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ। ਲਾਭਪਾਤਰੀਆਂ ਦੀ ਚੋਣ ਕਰਨ ਸਮੇਂ ਇਹ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਜਿੰਨ੍ਹਾਂ ਪਿੰਡਾਂ ਵਿੱਚ ਪਹਿਲਾਂ ਘੱਟ ਮਸ਼ੀਨਰੀ ਉਪਲਭਧ ਹੈ ਜਾਂ ਜਿੰਨ੍ਹਾਂ ਪਿੰਡਾਂ ਵਿੱਚ ਬਰਨਿੰਗ ਦੇ ਵੱਧ ਕੇਸ ਆਏ ਹਨ, ਨੂੰਂ ਪਹਿਲ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਜਾਗਰੁਕਤਾ ਮੁਹਿੰਮ ਅਧੀਨ ਪਿੰਡ ਪੱਧਰੀ ਕੈਂਪ ਲਗਾ ਕੇ, ਸਕੂਲੀ ਗਤੀਵਿਧੀਆਂ, ਖੇਤ ਪ੍ਰਦਰਸ਼ਨੀਆਂ, ਕੰਧਾਂ ‘ਤੇ ਸਲੋਗਨ ਪੇਟਿੰਗਜ਼, ਮੋਬਾਇਲ ਜਾਗਰੁਕਤਾ ਵੈਨਾਂ, ਪੰਚਾਇਤੀ ਮਤਿਆਂ, ਪਬਲਿਕ ਅਨਾਊਸਮੈਂਟਾਂ ਆਦਿ ਰਾਹੀਂ ਕਿਸਾਨਾਂ ਨੂੰਂ ਪਰਾਲੀ ਸਾੜਨ ਦੇ ਨੁਕਸਾਨ ਅਤੇ ਇਸ ਨੂੰਂ ਸੰਭਾਲਣ ਦੇ ਫਾਇਦਿਆਂ ਬਾਰੇ ਜਾਗਰੁਕ ਕੀਤਾ ਜਾਵੇਗਾ।

ਖੇਤੀਬਾੜੀ ਅਫ਼ਸਰ ਡਾ. ਬੈਨਪਾਲ ਨੇ ਦੱਸਿਆ ਕਿ ਜਿੰਨ੍ਹਾਂ ਪਿੰਡਾਂ ਵਿੱਚ ਪਿਛਲੇ ਸਾਲ ਅੱਗ ਲੱਗਣ ਦੀਆਂ ਵੱਧ ਘਟਨਾਵਾਂ ਪ੍ਰਾਪਤ ਹੋਈਆਂ ਸਨ, ਉਨ੍ਹਾਂ ਵਿੱਚ ਵਿਸ਼ੇਸ਼ ਜਾਗਰੁਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇੰਜ: ਅਮਨਪ੍ਰੀਤ ਸਿੰਘ ਘਈ, ਸਹਾਇਕ ਖੇਤੀਬਾੜੀ ਇੰਜੀਨਿਅਰ ਲੁਧਿਆਣਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੂੰਂ ਪੋਰਟਲ ਰਾਹੀਂ ਆਨਲਾਈਨ ਮੰਜ਼ੂਰੀ ਪੱਤਰ ਜਾਰੀ ਹੋਣਗੇ ਉਨ੍ਹਾਂ ਸਾਰਿਆਂ ਨੂੰਂ ਮੋਬਾਈਲ ‘ਤੇ ਇਸ ਸਬੰਧੀ ਸੰਦੇਸ਼ ਪ੍ਰਾਪਤ ਹੋਣਗੇ ਅਤੇ ਮੰਜ਼ੂਰੀ ਅਨੁਸਾਰ ਉਨ੍ਹਾਂ ਨੂੰਂ ਮੰਜ਼ੂਰੀ ਵਿੱਚ ਲਿਖੀ ਅੰਤਿਮ ਮਿਤੀ ਤੱਕ ਮਸ਼ੀਨਾਂ ਦੀ ਖ੍ਰੀਦ ਕਰਕੇ ਬਿੱਲ ਪੋਰਟਲ ‘ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਅੰਤਿਮ ਮਿਤੀ ਲੰਘਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਹੋਰ ਕਿਸਾਨ ਨੂੰਂ ਮੰਜ਼ੂਰੀ ਜਾਰੀ ਕਰ ਦਿੱਤੀ ਜਾਵੇਗੀ।

ਇੰਜ: ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ ਮਸ਼ੀਨਰੀ ਨਿਰਮਾਤਾ ਜਾਂ ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕੇਗਾ। ਕਿਸਾਨ ਦੀ ਬਣਦੀ ਸਬਸਿਡੀ ਸਿੱਧੀ ਉਸਦੇ ਬੈਂਕ ਖਾਤੇ ਵਿੱਚ ਪਾਈ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਜਾਂ ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *