ਪੇਂਡੂ ਵਿਕਾਸ, ਖੇਤੀਬਾੜੀ, ਬਾਗਬਾਨੀ ਤੇ ਪਸ਼ੂ ਪਾਲਣ ਮਹਿਕਮਿਆਂ ਦਾ ਸਾਂਝਾ ਸੂਚਨਾ ਬੈਂਕ ਵਿਕਸਤ ਕਰੇ ਪੰਜਾਬ ਸਰਕਾਰ-ਪ੍ਰੋਃ ਗੁਰਭਜਨ ਸਿੰਘ ਗਿੱਲ

Ludhiana Punjabi

DMT : ਲੁਧਿਆਣਾ : (28 ਅਪ੍ਰੈਲ 2023) : – ਪੰਜਾਬ ਦੇ ਸਰਬਪੱਖੀ ਪੇਂਡੂ ਵਿਕਾਸ ਲਈ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਤੇ ਪ੍ਰਾਸੈਸਿੰਗ ਉਦਯੋਗ ਨਾਲ ਸਬੰਧਿਤ ਸਮੁੱਚੀ ਸੂਚਨਾ ਦਾ ਬੈਂਕ ਤਿਆਰ ਕਰਨ ਦੀ ਸਖ਼ਤ ਲੋੜ ਹੈ।  ਇਸ ਵਿੱਚ ਸਬੰਧਿਤ ਯੂਨੀਵਰਸਿਟੀਆਂ ਵੱਲੋਂ ਕੀਤੀ ਖੋਜ, ਪਸਾਰ ਤੇ ਸਫ਼ਲ ਅਗਾਂਹਵਧੂ ਕਿਸਾਨਾਂ, ਬਾਗਬਾਨਾਂ ਤੇ ਪਸ਼ੂ ਪਾਲਕਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਵਿੱਚ  ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ  ਯੋਜਨਾਵਾਂ ਦਾ ਪੂਰਾ ਵੇਰਵਾ ਮਾਂ ਬੋਲੀ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤੀਹ ਸਾਲ ਸੇਵਾ ਨਿਭਾ ਚੁਕੇ ਅਧਿਆਪਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੇ ਗ੍ਰਹਿ ਵਿਖੇ ਨਿਜੀ ਮੁਲਾਕਾਤ ਵਿੱਚ ਕਹੇ। ਉਨ੍ਹਾਂ ਕਿਹਾ ਕਿ ਇਸ ਸੂਚਨਾ ਬੈਂਕ ਦੀ ਰਸਾਈ ਸਾਰੇ ਵਿਭਾਗਾਂ ਨੂੰ ਹੋਵੇ ਜਿਸ ਨਾਲ ਕੰਮ ਕਾਰ ਦੀ ਯੋਜਨਾਕਾਰੀ ਵਿੱਚ ਮਦਦ ਮਿਲੇ ਤੇ ਆਮ ਲੋਕਾਂ ਤੀਕ ਗਿਆਨ ਤੰਤਰ ਦੀ ਪਹੁੰਚ ਸੁਖਾਲੀ ਹੋ ਸਕੇ।
ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਰ ਸੁਚੇਤ ਸੰਚਾਰ ਮਾਹਿਰ ਤੇ ਵਿਗਿਆਨੀਆਂ ਕੋਲੋਂ ਅਸੀਂ ਹਮੇਸ਼ਾਂ ਚੰਗੇ ਸੁਝਾਵਾਂ ਦੀ ਮੰਗ ਕਰਦੇ ਹਾਂ ਤਾਂ ਜੋ ਕਿਸਾਨਾਂ ਤੀਕ ਗਿਆਨ ਪਾਰਦਰਸ਼ੀ ਢੰਗ ਨਾਲ ਅਸਰਦਾਰ ਰੂਪ ਵਿੱਚ ਪਹੁੰਚ ਸਕੇ। ਇਸ ਸੁਝਾਅ ਤੇ ਵੀ ਲਾਜ਼ਮੀ ਵਿਚਾਰ ਕਰਾਂਗੇ। ਇਸ ਸਬੰਧ ਵਿੱਚ ਕਿਸੇ ਇੱਕ ਯੂਨੀਵਰਸਿਟੀ ਨੂੰ ਨੋਡਲ ਏਜੰਸੀ ਬਣਾ ਕੇ ਬਾਕੀ ਵਿਭਾਗਾਂ, ਸੰਸਥਾਵਾਂ ਤੇ ਯੂਨੀਵਰਸਿਟੀਆਂ ਦਾ ਸਹਿਯੋਗ ਲਿਆ ਜਾਵੇਗਾ।
ਲੁਧਿਆਣਾ ਵਿੱਚ ਕੈਬਨਿਟ ਮੀਟਿੰਗ ਉਪਰੰਤ ਅੱਜ ਪੰਜਾਬ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਪਰਿਵਾਰਕ ਮਿਲਣੀ ਲਈ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਪੁੱਜੇ ਸਨ।
ਸਃ ਧਾਲੀਵਾਲ ਨੂੰ ਪੰਜਾਬ ਖੇਤੀ ਯੂਨੀਵਰਸਿਟੀ ਅਧਿਆਪਕਾਂ ਲਈ ਸੱਤਵਾਂ ਪੇ ਸਕੇਲ ਲਾਗੂ ਕਰਨ ਵਿੱਚ ਉਚੇਚੇ ਯੋਗਦਾਨ ਲਈ ਪ੍ਰੋਃ ਗੁਰਭਜਨ ਸਿੰਘ ਗਿੱਲ,ਡਾਃ ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਡਾਃ ਅਨਿਲ ਸ਼ਰਮਾ ਸਹਾਇਕ ਨਿਰਦੇਸ਼ਕ (ਸੰਚਾਰ) ਨੇ ਸਃ ਸੋਭਾ ਸਿੰਘ ਆਰਟਿਸਟ ਦੀ ਬਣਾਈ ਭਾਈ ਘਨੱਈਆ ਜੀ ਦਾ ਚਿਤਰ ਭੇਂਟ ਕਰਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *