ਪੰਜਾਬੀ ਸੰਗਤ ਪਾਕਿਸਤਾਨ ਵੱਲੋਂ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ” ਬਾਰੇ ਵਿਸ਼ਾਲ ਵਿਚਾਰ ਵਟਾਂਦਰਾ

Ludhiana Punjabi

DMT : ਲੁਧਿਆਣਾ : (13 ਜੂਨ 2023) : – ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਗੁਰਭਜਨ ਗਿੱਲ ਦੀ ਹਿੰਦ ਪਾਕਿ ਦੀ ਸਾਂਝੀ ਲੋਕ ਵਿਰਾਸਤ, ਪੰਜਾਬੀਅਤ  ਪਰੁੱਚੀ ਇਨਸਾਨੀਅਤ ਨੂੰ ਸਮਰਪਿਤ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ ਬਾਰੇ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ਼ਿਜ਼ (ਪਿਲਾਕ) ਲਾਹੌਰ ਵਿਖੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੀ ਸਦਾਰਤ ਪੰਜਾਬੀ ਤੇ ਉਰਦੂ ਜ਼ਬਾਨ ਦੇ ਸ਼ਾਇਰ ਜਨੀਬ ਨਜ਼ੀਰ ਕੈਸਰ ਸਾਹਿਬ ਨੇ ਕੀਤੀ। ਸਮਾਗਮ ਦੇ ਉਚੇਚੇ ਪ੍ਰਾਹੁਣੇ ਸਰਬਾਂਗੀ ਲੇਖਕ ਤੇ ਚਿੰਤਕ ਪ੍ਰੋਃ ਗੁਲਾਮ ਹੁਸੈਨ ਸਾਜਿਦ ਸਨ। ਉਨ੍ਹਾਂ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਇਹ ਸ਼ਾਇਰੀ ਸਰਸਵਤੀ ਤੇ ਰਾਵੀ ਦਰਿਆਵਾਂ ਦੀ ਜਾਈ ਹੈ। ਇਸ ਵਿੱਚ ਸੁਖ਼ਨ ਦਾ ਜਲ ਹੈ, ਜੋ ਲਗਾਤਾਰ ਵਹਿੰਦਾ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਸਵਤੀ ਕੋਲ ਜ਼ਮੀਨ ਨਹੀਂ ਤੇ ਰਾਵੀ ਕੋਲ ਪਾਣੀ ਨਹੀਂ। ਇਹ ਕਿਤਾਬ ਸਾਨੂੰ ਸਰਬ ਸਾਂਝੀ ਰਹਿਤਲ ਨਾਲ ਜੋੜਦੀ ਹੈ।
“ਖ਼ੈਰ ਪੰਜਾਂ ਪਾਣੀਆਂ ਦੀ” ਕਾਵਿ ਪੁਸਤਕ ਬਾਰੇ ਡਾਃ ਇਕਬਾਲ ਕੈਸਰ, ਬਾਬਾ ਨਜਮੀ, ਅਫ਼ਜ਼ਲ ਸਾਹਿਰ, ਪ੍ਰੋਃ ਅਲੀ ਉਸਮਾਨ ਬਾਜਵਾ, ਪੰਜਾਬੀ ਸੰਗਤ ਪਾਕਿਸਤਾਨ ਦੇ ਸਹਿ ਸਕੱਤਰ ਇਹਤੇਸ਼ਾਮ ਕਾਜ਼ਮ ਤੇ ਹੇਤਮ ਤਨਵੀਰ ਅਕਰਮ ਨੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਅਫ਼ਜ਼ਲ ਸਾਹਿਰ ਤੇ ਹੇਤਮ ਤਨਵੀਰ ਅਕਰਮ ਨੇ ਇਸ ਕਿਤਾਬ ਵਿੱਚੋਂ ਚੋਣਵੀਆਂ ਰਚਨਾਵਾਂ ਵੀ ਸੁਣਾਈਆਂ।
ਬਾਬਾ ਨਜਮੀ ਨੇ ਸਭ ਲਿਖਾਰੀਆਂ ਤੇ ਪੰਜਾਬੀ ਪਿਆਰਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਗੁਰਭਜਨ ਗਿੱਲ ਮੇਰਾ ਨਿੱਕਾ ਵੀਰ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸਾਡੀ ਬੁੱਕਲ ਸਾਂਝੀ ਹੈ। ਸਾਂਝ ਪ੍ਰਕਾਸ਼ਨ ਦੇ ਮਾਲਕ ਅਮਜਦ ਸਲੀਮ ਮਿਨਹਾਸ ਨੇ ਕਿਹਾ ਕਿ ਪਾਕਿਸਤਾਨ ਵਿੱਚ ਗੁਰਭਜਨ ਗਿੱਲ ਸਾਹਿਬ ਦੀ ਪਹਿਲੀ ਕਿਤਾਬ  ਰਾਵੀ ਦਾ ਸ਼ਾਹਮੁਖੀ ਐਡੀਸ਼ਨ ਸਾਂਝ ਨੇ 2019 ਚ ਛਾਪਿਆ ਸੀ। ਉਨ੍ਹਾਂ ਦੱਸਿਆ ਕਿ ਉਸ ਪਿੱਛੋਂ ਸੁਰਤਾਲ ਤੇ ਖ਼ੈਰ ਪੰਜਾਂ ਪਾਣੀਆਂ ਦਾ ਲਿਪੀਅੰਤਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।
ਮੌਸਮ ਖ਼ਰਾਬ ਹੋਣ ਦੇ ਬਾਵਜੂਦ ਇਸ ਭਰਵੇਂ ਇਕੱਠ ਵਿੱਚ ਰਿਆਜ਼ ਦਾਨਿਸ਼ਵਰ, ਅੰਜੁਮ ਗਿੱਲ,ਅਹਿਮਦ ਰਜ਼ਾ ਵੱਟੂ, ਡਾਃ ਰਿਜ਼ਵਾਨ ਯੂਸਫ਼,ਨਸੀਰ ਅਹਿਮਦ,ਮਕਸੂਦ ਖ਼ਾਲਿਕ, ਆਬਿਦ ਜ਼ਿਆ(ਸੰਚਾਲਕ ਵੇਖ ਪੰਜਾਬ ਟੀ ਵੀ) ਇਰਫ਼ਾਨ ਅਲੀ, ਸ਼ਮੀਮ ਅਖ਼ਤਰ, ਸਾਦੀਆ ਖ਼ਾਨ, ਨਾਸਿਰ ਵੈਰਾਜ਼ ਤੇ ਯੂਸਫ਼ ਪੰਜਾਬੀ ਵਰਗੀਆਂ ਪ੍ਰਮੁੱਖ ਸ਼ਖ਼ਸੀਅਤਾ ਹਾਜ਼ਰ ਸਨ।
ਮੰਚ ਸੰਚਾਲਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ ਅਲੀ ਉਸਮਾਨ ਬਾਜਵਾ ਨੇ ਕੀਤਾ। ਉਨ੍ਹਾਂ ਪੰਜਾਬ ਇੰਸਟੀਚਿਉਟ ਆਫ਼ ਲੈਂਗੂਏਜ ਐਡ ਕਲਚਰ ਦੀ ਡਾਇਰੈਕਟਰ ਜਨਰਲ ਬੀਨਸ਼ ਫ਼ਾਤਿਮਾ ਸ਼ਾਹੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਸਮਾਗਮ ਲਈ ਭਰਵਾਂ ਸਹਿਯੋਗ ਦਿੱਤਾ।
ਕਿਤਾਬ ਦੇ ਲੇਖਕ ਗੁਰਭਜਨ ਗਿੱਲ ਨੇ ਸਾਰੇ ਲੇਖਕਾਂ ਦਾ ਕਿਤਾਬ ਵਿਚਾਰਨ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *