ਬਾਦਲ ਪਰਵਾਰ ਦਾ ਸ਼੍ਰੋਮਣੀ ਕਮੇਟੀ ਰਾਹੀਂ ਆਤਮਘਾਤੀ ਫੈਸਲਾ

Ludhiana Punjabi
  • ਅਕਾਲ ਤੱਖਤ ਦੇ ਜਥੇਦਾਰ ਦੀ ਸਰਵਉੱਚ ਪੱਦਵੀ ਦਾ ਨਿਰਾਦਰ

DMT : ਲੁਧਿਆਣਾ : (20 ਜੂਨ 2023) : – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕਾਹਲੀ ਵਿਚ ਸੱਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਦੇਸ਼ ਦੌਰੇ ਦੌਰਾਨ ਹੀ ਕਾਰਜਕਾਰੀ ਜਥੇਦਾਰ ਦੇ ਅਹੁੱਦੇ ਤੋਂ ਬਰਖਾਸਿਤ ਕਰ ਦਿੱਤਾ ਗਿਆ। ਸਿੱਖ ਕੌਮ ਦੀ ਸਰਵਉੱਚ ਪੱਦਵੀ ਤੇ ਬਿਰਾਜ਼ਮਾਨ ਅਤਿ ਸਨਮਾਨਿਤ ਸਖਸ਼ੀਅਤ ਦੇ ਅਪਮਾਨ ਨਾਲ ਵਿਸ਼ਵ ਦੇ ਸਮੂਹ ਸਿੱਖ ਭਾਈਚਾਰੇ ਨੂੰ ਗਹਿਰੀ ਠੇਸ ਪੁੱਜੀ ਹੈ। ਆਕਾਲ ਤਖਤ ਸਹਿਬ ਦੇ ਜਥੇਦਾਰ ਦਾ ਰੁੱਤਬਾ ਸਿਰਮੌਰ ਮੰਨਿਆਂ ਜਾਂਦੈ ਅਤੇ ਉਨਾਂ ਵਲੋਂ ਜਾਰੀ ਹਰ ਹੁੱਕਮ ਸਮੂਹ ਸਿੱਖਾਂ ਵਲੋਂ ਇਲਾਹੀ ਸਮਝਿਆ ਜਾਂਦੈ। ਉਨਾਂ ਨੂੰ ਧਾਰਮਿਕ ਅਵੱਗਿਆ ਦੇ ਦੋਸ਼ੀ ਸਿੱਖਾਂ ਨੂੰ ਤਲਬ ਕਰਕੇ ਸਜ਼ਾ ਲਗਾਉਣ ਦਾ ਵੀ ਅਧਿਕਾਰ ਹੈ। ਸਿੱਖ ਜਗਤ ਵਿਚ ਅਕਾਲ ਤਖਤ ਦੀ ਸਰਬੋਤਮ ਪੱਦਵੀ ਤੇ ਬਿਰਜਮਾਨ ਅਤਿ ਸਨਮਾਨਿਤ ਸਖਸ਼ੀਅਤ ਸਬੰਧੀ ਹਰ ਫੈਸਲੇ ਨੂੰ ਸਿੱਖ ਭਾਈਚਾਰੇ ਵਲੋਂ ਬਹੁੱਤ ਗੰਭੀਰਤਾ ਨਾਲ ਦੇਖਿਆ ਜਾਂਦੈ ਅਤੇ ਵਿਸ਼ਵ ਦੀ ਸਮੁੱਚੀ ਸਿੱਖ ਸੰਗਤ ਅਤੇ ਜਥੇਬੰਦੀਆਂ ਵਲੋਂ ਸੇਧ ਲਈ ਜਾਂਦੀ ਹੈ। ਮੌਜੂਦਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਾਬਜ਼ ਹੈ ਅਤੇ ਇਸ ਦੇ ਅਹਿਮ ਫੈਸਲੇ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਜਾਂ ਹਿੱਤ ਅਨੁਸਾਰ ਹੀ ਹੁੰਦੈ ਨੇ। ਧਾਰਮਿਕ ਮਾਮਲਿਆਂ ਨਾਲ ਸਬੰਧਿਤ ਸੰਵੇਦਨਸ਼ੀਲ ਮੁੱਦਿਆਂ ਤੇ ਤੱਖਤਾਂ ਦੇ ਜਥੇਦਾਰਾਂ ਰਾਹੀਂ ਕਰਵਾਏ ਗਏ ਬਹੁੱਤ ਸਾਰੇ ਗਲਤ ਫੈਸਲਿਆਂ ਦਾ ਖਮਿਆਜ਼ਾ ਵੀ ਕਾਬਜ਼ ਪਾਰਟੀ ਨੂੰ ਹੀ ਭੁਗਤਣਾ ਪੈਂਦਾ। ਮਜਬੂਤ ਪੰਥਕ ਆਧਾਰ ਵਾਲਾ ਅਕਾਲੀ ਦਲ ਪਿੱਛਲੇ ਤਿੰਨ ਦਹਾਕਿਆਂ ਦੌਰਾਨ ਇਸ ਦੀ ਸਜ਼ਾ ਵੀ ਬੁਗਤ ਚੁਕੈ ਅਤੇ ਸਿਖਾਂ ਦੀ ਬਹੁਗਿਣਤੀ ਵਾਲੇ ਪੰਜਾਬ ਵਿਚ 3 ਸੀਟਾਂ ਤਕ ਸਿਮਟ ਗਿਐ। ਅਜੇ ਵੀ ਸ਼੍ਰੋਮਣੀ ਕਮੇਟੀ ਤੋਂ ਬਾਦਲ ਪ੍ਰਵਾਰ ਆਪਣਾਂ ਗੱਲਬਾ ਰੱਤੀ ਭਰ ਵੀ ਢਿੱਲਾ ਕਰਨ ਨੂੰ ਤਿਆਰ ਨਹੀਂ ।
ਸਮੁੱਚਾ ਫੈਸਲਾ ਹੈ ਕੀ?
16 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਸ. ਧਾਮੀ ਵਲੋਂ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਰਜਕਾਰੀ ਜਥੇਦਾਰ ਦਾ ਅਹੁੱਦਾ ਛੱਡਣ ਦੀ ਇੱਛਾ ਜਤਾਈ ਸੀ ਅਤੇ ਸੰਗਤਾਂ ਵਲੋਂ ਵੀ ਸਥਾਈ ਜਥੇਦਾਰ ਦੀ ਮੰਗ ਤੇ ਤੱਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ ਹੈ ਅਤੇ ਨਾਲ ਹੀ ਉਨਾਂ ਨੂੰ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਕਾਰਜਕਾਰੀ ਮੁੱਖ ਗ੍ਰੰਥੀ ਦੀ ਜਿੰਮੇਵਾਰੀ ਵੀ ਸੌਂਪੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਦੀ ਤਰਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ। ਸ. ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਲਈ ‘ਅਹੁਦੇ ਤੋਂ ਲਾਹੇ ਗਏ’ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ। ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਬਾਰੇ ਪ੍ਰਤੀਕਿ੍ਆ ਸਾਹਮਣੇ ਨਹੀਂ ਆਈ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੂੰ ਤੱਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦਾ ਨਵਾਂ ਜਥੇਦਾਰ ਥਾਪਿਆ ਗਿਐ।
ਫੈਸਲੇ ਤੇ ਉਠਿਆ ਵਬਾਲ
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨ ਜਨਕ ਢੰਗ ਨਾਲ ਸਰਵਉੱਚ ਅਹੁਦੇ ਤੋਂ ਲਾਹੁਣ ਦੇ ਫੈਸਲੇ ਤੇ ਸਮੁੱਚੇ ਸਿੱਖ ਜਗਤ ਵਿਚ ਵੱਡਾ ਵਬਾਲ ਖੜਾ ਹੋ ਚੁੱਕੈ। ਮੀਟਿੰਗ ਦੇ ਸਮੇਂ ਉਪਰ ਵੀ ਸਵਾਲ ਉੱਠੇ ਨੇ। ਫੈਸਲਾ ਸੁਖਬੀਰ ਬਾਦਲ ਅਤੇ ਸਿੰਘ ਸਾਹਿਬ ਦੇ ਵਿਦੇਸ਼ ਦੌਰਿਆਂ ਸਮੇਂ ਸੋਚੀ ਸਮਝੀ ਨੀਤੀ ਤਹਿਤ ਲਿਆ ਮੰਨਿਆ ਜਾ ਰਿਹੈ। ਤਾਂ ਕਿ ਫੈਸਲੇ ਵਿਚ ਪਾਰਟੀ ਪ੍ਰਧਾਨ ਦੀ ਮਰਜ਼ੀ ਨਾਂ ਹੋਣ ਦਾ ਪ੍ਰਭਾਵ ਜਾਏ। ਪਰ ਚਰਚਾ ਹੈ ਕਿ ਬਾਦਲ ਪਰਵਾਰ ਦੇ ਹਿੱਤਾਂ ਦੀ ਪੂਰਤੀ ਲਈ ਹੀ ਫੈਸਲਾ ਹੋਇਐ। ਸਿੰਘ ਸਾਹਿਬ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ ਗਈ। ਫਿਰ ਵੀ ਉਨ੍ਹਾਂ ਦਾ ਘੋਰ ਨਿਰਾਦਰ ਕਰਕੇ ਸਰਵੋਤਮ ਅਹੁੱਦੇ ਤੋਂ ਅਚਾਨਕ ਲਾਂਭੇ ਕਰਨ ਦੇ ਫੈਸਲੇ ਨਾਲ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹੈ। ਇਹ ਵੀ ਚਰਚਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੇ ਨਾਮ ਤੇ ਵੀ ਵਿਚਾਰ ਹੋਇਆ। ਫਿਰ ਕਾਹਲੀ ਵਿਚ ਗਿਆਨੀ ਰਘਵੀਰ ਸਿੰਘ ਤੇ ਫੈਸਲਾ ਹੋਇਆ, ਜੋ ਸ਼੍ਰੀ ਹਰਮੰਦਿਰ ਸਾਹਿਬ ਦੇ ਮੁੱਖ ਗ੍ਰੰਥੀ ਬਣਨ ਦੇ ਹੀ ਇੱਛਕ ਸਨ। ਇਕ ਪਾਸੇ ਤਾਂ ਪੱਕਾ ਜਥੇਦਾਰ ਲਗਾਇਆ ਗਿਐ, ਨਾਲ ਹੀ ਦਰਬਾਰ ਸਾਹਿਬ ਦਾ ਕਾਰਜਕਾਰੀ ਮੁੱਖ ਗ੍ਰੰਥੀ ਨਿਯੁੱਕਤ ਕੀਤਾ ਜਾਂਦੈ। ਤਰਕ ਹੈ ਕਿ ਕਮੇਟੀ ਪਾਸ ਗ੍ਰੰਥੀਆਂ ਦੀ ਘਾਟ ਹੈ। ਸ਼੍ਰੋਮਣੀ ਕਮੇਟੀ ਤੇ ਸਾਰੇ ਗੁਰਦਵਾਰਿਆਂ ਲਈ ਨਿਪੁੰਨ ਗ੍ਰੰਥੀ ਪ੍ਰਦਾਨ ਕਰਨ ਦੀ ਜਿੰਮੇਵਾਰੀ ਹੈ, ਅਜੇਹੇ ਵਿਚ ਸ਼੍ਰੀ ਹਰਮੰਦਿਰ ਸਾਹਿਬ ਲਈ ਗ੍ਰੰਥੀਆਂ ਦੀ ਘਾਟ ਤਾਂ ਗੰਭੀਰ ਸਵਾਲ ਖੜੇ ਕਰਦੀ ਹੈ। ਅਕਾਲ ਤੱਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਸ਼ਾਨਦਾਰ ਧਾਰਮਿਕ ਸੇਵਾ ਵਾਲੀ ਸਖਸ਼ੀਅਤ ਨੇ। ਉਨ੍ਹਾਂ ਨੇ ਤਖਤ ਸ਼੍ਰੀ ਕੇਸਗੜ ਦੇ ਕਾਰਜਕਾਰੀ ਜਥੇਦਾਰ ਥਾਪੇ ਜਾਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਪੰਥ ਦੀ ਸੂਝਵਾਨ ਅਤੇ ਵਿਦਵਾਨ ਧਾਰਮਿਕ ਸਖਸ਼ੀਅਤ ਦੱਸਦਿਆ ਕਿਹਾ ਕਿ ਉਨਾਂ ਤੇ ਕਦੇ ਵੀ ਧਾਰਮਿਕ ਅਵੱਗਿਆ ਦਾ ਦੋਸ਼ ਨਹੀਂ ਲੱਗਾ ਅਤੇ ਉਹ ਸਮੂਹ ਸਿੱਖ ਸੰਸਥਾਵਾਂ ਨੂੰ ਜੋੜ ਕੇ ਪੰਥ ਨੂੰ ਮੁੜ ਤੋਂ ਉਭਾਰਨ ਲਈ ਯਤਨਸ਼ੀਲ ਸਨ। ਉਨਾਂ ਨੂੰ ਇਕ ਪਰਵਾਰ ਦੇ ਇਸ਼ਾਰੇ ਤੇ ਸਰਵਉੱਚ ਅਹੁੱਦੇ ਤੋਂ ਅਪਮਾਣਿਤ ਕਰਕੇ ਲਾਂਭੇ ਕਰਨਾਂ ਹਰਗਿਜ਼ ਸਹੀ ਨਹੀਂ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਦਾਦੂਵਾਲ ਦਾ ਮੰਨਣੈ ਕਿਹੈ ਕਿ ਜਥੇਦਾਰ ਨੂੰ ਬਾਦਲ ਪਰਵਾਰ ਦੀ ਇੱਛਾ ਅਨੁਸਾਰ ਨਾਂ ਚਲਣ ਕਰਕੇ ਬੇਇੱਜਤ ਕੀਤਾ ਗਿਐ। ਅਕਾਲ ਤੱਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਕਹਿਣੈ ਕਿ ਬਾਦਲ ਪਰਵਾਰ ਵਲੋਂ ਮਿਆਦ ਪੁੱਗਾ ਚੁੱਕੀ ਸ਼੍ਰੋਮਣੀ ਕਮੇਟੀ ਕੌਮ ਦੇ ਸਰਵਉੱਚ ਅਹੁੱਦੇ ਦੇ ਮਾਣ ਸਨਮਾਨ ਦਾ ਘਾਣ ਕੀਤਾ ਗਿਐ। ਉਨਾਂ ਕਿਹਾ ਕਿ ਬਾਦਲ ਪਰਵਾਰ ਸਿੱਖ ਸੰਸਥਾਵਾਂ ਤੇ ਗੱਲਬਾ ਛੱਡਣ ਲਈ ਤਿਆਰ ਨਹੀਂ। ਬਾਦਲਾਂ ਵਲੋਂ ਬੇਅੱਦਬੀ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਸਿੰਘ ਸਾਹਿਬਾਨਾਂ ਤੇ ਦਬਾਅ ਪਾ ਕੇ ਮੁਆਫੀਨਾਮੇ ਤੇ ਦਸਤਲਖਤ ਕਰਵਾਉਣ ਤੇ ਜਥੇਦਾਰਾਂ ਦੇ ਸਰਵਉੱਚ ਰੁਤਬੇ ਦੇ ਅਪਮਾਨ ਦਾ ਸੰਗਤਾਂ ਵਿਚ ਅਜੇ ਵੀ ਭਾਰੀ ਗੁੱਸਾ ਹੈ। ਪਹਿਲਾਂ ਵੀ ਅਕਾਲ ਤਖਤ ਦੇ ਕਈ ਜਥੇਦਾਰਾਂ ਨੂੰ ਉਤਾਰ ਕੇ ਵਿਸ਼ਵਾਸ ਪਾਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਰਾਜਸੀ ਹਿੱਤਾਂ ਅਨੁਸਾਰ ਫੈਸਲੇ ਕਰਾਏ ਜਾਂਦੇ ਰਹੇ।
ਜਥੇਦਾਰ ਸਨ ਨਿਸ਼ਾਨੇ ਤੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੰਮੇ ਸਮੇਂ ਤੋਂ ਅਕਾਲ ਤੱਖਤ ਦੇ ਕਾਰਜਕਾਰੀ ਜਥੇਦਾਰ ਸਨ। ਅਕਾਲੀ ਦਲ ਨਾਲੋਂ ਟੁੱਟ ਚੁੱਕੇ ਪੰਥਕ, ਕਿਸਾਨੀ ਅਤੇ ਮਜ਼ਦੂਰ ਆਧਾਰ, ਨੂੰ ਮੁੜ ਤੋਂ ਜੋੜਨ ਲਈ ਉਹ ਅਕਾਲੀ ਲੀਡਰਸ਼ਿਪ ਨੂੰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਯਤਨ ਕਰਨ ਦੀ ਰਾਏ ਦਿੰਦੇ ਰਹੇ ਨੇ। ਉਨਾਂ ਦੀ ਰਾਘਵ ਚੱਢਾ ਦੀ ਮੰਗਣੀ ਦੇ ਸਮਾਗਮ ਵਿਚ ਜਾਣ ਤੇ ਅਕਾਲੀ ਲੀਡਰਾਂ ਵਲੋਂ ਤਿੱਖੀ ਨੁਕਤਾਚੀਨੀ ਹੋਈ। ਚਰਚਾ ਹੈ ਕਿ ਕੁੱਝ ਸੀਨੀਅਰ ਅਕਾਲੀ ਆਗੂਆਂ ਵਲੋਂ ਜਥੇਦਾਰ ਸਾਹਿਬ ਨੂੰ ਮਿਲ ਕੇ ਸੁਖਬੀਰ ਬਾਦਲ ਨੂੰ ਅਣਜਾਣੇ ‘ਚ ਹੋਈਆਂ ਭੁੱਲਾਂ ਲਈ ਮੁਆਫੀ ਦੇਣ ਦਾ ਦਬਾਅ ਪਾਇਆ ਗਿਆ। ਪਰ ਜਥੇਦਾਰ ਨੇ ਖਾਸ ਭੁੱਲ ਦੇ ਜ਼ਿਕਰ ਤੋਂ ਬਗੈਰ ਮੁਆਫੀ ਨੂੰ ਹਾਮੀ ਨਹੀਂ ਭਰੀ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਵਲੋਂ ਉਨਾਂ ਦੀ ਥਾਂ ਪੱਕਾ ਜਥੇਦਾਰ ਨਿਯੁੱਕਤ ਕਰਨ ਦੇ ਇਸ਼ਾਰੇ ਵੀ ਆਏ। ਆਪਣੀ ਛੁੱਟੀ ਨੂੰ ਭਾਂਪਦੇ ਜਥੇਦਾਰ ਸਾਹਿਬ ਦਾ ਰੁੱਖ ਹੋਰ ਸਖਤ ਨਜ਼ਰ ਆਇਆ। ਸਾਕਾ ਨੀਲਾ ਤਾਰਾ ਦੀ ਬਰਸੀ ਸਮਾਗਮ ਸਮੇਂ ਉਨ੍ਹਾਂ ਕੇਂਦਰ ਸਰਕਾਰ ਤੇ ਸਿੱਖ ਸੰਸਥਾਵਾਂ ਨੂੰ ਕੰਮਜ਼ੋਰ ਕਰਨ ਦੇ ਦੋਸ਼ ਲਗਾਏ ਅਤੇ ਕੇਂਦਰ ਅੱਗੇ ਗਿੜਗੜਾਉਣ ਦੀ ਬਜਾਏ ਕੌਮ ਦੀ ਸ਼ਕਤੀ ਇੱਕਜੁੱਟ ਕਰਨ ਲਈ ਆਖਿਆ। ਪੰਥਕ ਫੁੱਟ ਲਈ ਉਨਾਂ ਦਾ ਸਿੱਧਾ ਇਸ਼ਾਰਾ ਅਕਾਲੀ ਦਲ ਦੀ ਲੀਡਰਸ਼ਿੱਪ ਵਲ ਸੀ। ਪਹਿਲਾਂ ਵੀ ਜਥੇਦਾਰਾਂ ਤੇ ਦਬਾਅ ਪਾ ਕੇ ਬੇਅੱਦਬੀ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਮੁਆਫੀ ਦਵਾਉਣ ਅਤੇ ਫਿਰ ਸਹੀ ਸਾਬਿਤ ਕਰਨ ਲਈ ਸ਼੍ਰੋਮਣੀ ਕਮੇਟੀ ਤੋਂ 95 ਲੱਖ ਦੇ ਇਸ਼ਤਿਹਾਰ ਜਾਰੀ ਕਰਾਉਣ ਨਾਲ ਅਕਾਲੀ ਦਲ ਸਿੱਖ ਸੰਗਤਾਂ ਦਾ ਗੁੱਸਾ ਭੁੱਗਤ ਚੁੱਕੈ। ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਤੇ ਬਿਰਾਜ਼ਮਾਨ ਅਤਿ ਸਨਮਾਨਿਤ ਸਖਸ਼ੀਅਤ ਦੀ ਅਪਮਾਨ ਜਨਕ ਬਰਸਾਖਤਗੀ ਨਾਲ ਸਮੁੱਚੇ ਭਾਈਚਾਰੇ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ। ਇਸ ਨੂੰ ਵੀ ਬਾਦਲ ਪਰਵਾਰ ਦੇ ਹੰਕਾਰੀ ਵਤੀਰੇ ਦਾ ਪ੍ਰਗਟਾਵਾ ਹੀ ਸਮਝਿਆ ਜਾ ਰਿਹੈ। ਇਸ ਸਮੇਂ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਮੁੱਚੇ ਪ੍ਰਸਾਰ ਦੇ ਅਧਿਕਾਰ ਬਾਦਲ ਪਰਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਪਾਸ ਹੋਣ ਦਾ ਮੁੱਦਾ ਵੀ ਚਰਚਾ ਵਿਚ ਹੈ ਅਤੇ ਸਰਕਾਰ ਗੁਰਬਾਣੀ ਦਾ ਪਸਾਰ ਸਮੂਹ ਮੀਡੀਏ ਰਾਹੀਂ ਮੁੱਫਤ ਪ੍ਰਸਾਰਨ ਲਈ ਕਨੂੰਨ ਵਿਚ ਸੋਧ ਕਰਨ ਜਾ ਰਹੀ ਹੈ। ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਬਾਦਲ ਪਰਵਾਰ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜਿੰਮੇਵਾਰ ਮੰਨਿਆ ਜਾ ਰਿਹੈ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *