ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਗਿੱਦੜਵਿੰਡੀ ਵਿਖੇ 66ਕੇਵੀ ਸਬ ਸਟੇਸ਼ਨ ਦਾ ਉਦਘਾਟਨ

Ludhiana Punjabi
  • ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ – ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ

DMT : ਲੁਧਿਆਣਾ : (22 ਮਈ 2023) : – ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਸੋਮਵਾਰ ਨੂੰ ਲੁਧਿਆਣਾ ਦੇ ਗਿੱਦੜਵਿੰਡੀ ਵਿਖੇ 66 ਕੇਵੀ ਸਬ ਸਟੇਸ਼ਨ ਦਾ ਉਦਘਾਟਨ ਕੀਤਾ।
ਇਸ ਦੌਰਾਨ ਸ. ਹਰਭਜਨ ਸਿੰਘ ਈਟੀਓ ਨਾਲ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਹਲਕਾ ਇੰਚਾਰਜ ਡਾ ਕੇਐਨਐਸ ਕੰਗ, ਪ੍ਰੋ ਸੁਖਵਿੰਦਰ ਸਿੰਘ, ਡਾਇਰੈਕਟਰ ਡਿਸਟਰੀਬਿਊਸ਼ਨ ਪੀਐਸਪੀਸੀਐਲ ਇੰਜ ਡੀਪੀਐਸ ਗਰੇਵਾਲ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਸੈਂਟਰਲ ਜ਼ੋਨ (ਪੀਐਸਪੀਸੀਐਲ), ਇੰਜ ਐਸ ਆਰ ਵਸ਼ਿਸ਼ਟ, ਚੀਫ ਇੰਜੀਨੀਅਰ ਟਰਾਂਸਮਿਸ਼ਨ ਲਾਈਨ ਇੰਜ ਇੰਦਰਜੀਤ ਸਿੰਘ, ਇੰਜ ਪੁਨਰਦੀਪ ਸਿੰਘ ਬਰਾੜ ਚੀਫ਼ ਇੰਜੀਨੀਅਰ ਪੀ ਐਂਡ ਐਮ, ਅਤੇ ਐਸ ਈ ਸਬ-ਅਰਬਨ ਲੁਧਿਆਣਾ ਇੰਜ ਜਗਦੇਵ ਹੰਸ, ਸਾਰੇ ਸੀਈ/ਐੱਸਈ ਆਦਿ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।
ਸ. ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਨਵੇਂ 66 ਕੇਵੀ ਸਬ ਸਟੇਸ਼ਨ ਗਿੱਦੜਵਿੰਡੀ ਲਈ ਇੱਕ ਨਵਾਂ 12.5 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਸਬ ਸਟੇਸ਼ਨ ਲਈ ਇੱਕ ਨਵੀਂ 6.5 ਕਿਲੋਮੀਟਰ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 409.47 ਲੱਖ ਰੁਪਏ ਰਹੀ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਬ ਸਟੇਸ਼ਨ 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਅਤੇ 66 ਕੇਵੀ ਸਬਸਟੇਸ਼ਨ ਕਿਸ਼ਨਪੁਰਾ ਦਾ ਲੋਡ ਘਟਾਉਣ ਵਿੱਚ ਸਹਾਈ ਹੋਵੇਗਾ। ਜਿਸ ਨਾਲ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਮਲਸੀਆਂ ਬਾਜਨ, ਸੋਢੀਵਾਲ, ਜਨੇਤਪੁਰਾ, ਸ਼ੇਰੇਵਾਲ, ਕੰਨੀਆਂ ਹੁਸੈਨੀ, ਪਰਜੀਆਂ, ਬਹਾਦਰਕੇ ਅਤੇ ਸਫੀਪੁਰਾ ਸਮੇਤ ਕਈ ਹੋਰ ਪਿੰਡਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਹੋਵੇਗਾ।
ਇਸ ਤੋਂ ਇਲਾਵਾ, 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਨੂੰ ਸਿੰਗਲ ਸੋਰਸ – 220 ਕੇਵੀ ਸਬਸਟੇਸ਼ਨ ਜਗਰਾਉਂ ਦੁਆਰਾ ਬਿਜਲੀ ਸਪਲਾਈ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਵੱਲੋਂ 244.5 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੀਂ 10.6 ਕਿਲੋਮੀਟਰ ਲੰਬੀ 66 ਕੇਵੀ ਸਿੱਧਵਾਂ ਬੇਟ-ਭੂੰਦੜੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਹੁਣ, ਇਹ ਨਵਾਂ 66ਕੇਵੀ ਲਿੰਕ ਸਬਸਟੇਸ਼ਨ ਸਿੱਧਵਾਂ ਬੇਟ ਲਈ ਬੈਕਅੱਪ ਸਪਲਾਈ ਵਜੋਂ ਕੰਮ ਕਰੇਗਾ। ਜਿਸ ਨਾਲ ਸਬ ਸਟੇਸ਼ਨ ਸਿੱਧਵਾਂ ਬੇਟ ਦੀ ਬਿਜਲੀ ਸਪਲਾਈ 220 ਕੇਵੀ ਸਬ ਸਟੇਸ਼ਨ ਜਗਰਾਓਂ ਤੋਂ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਵੀ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤਰ੍ਹਾਂ ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।
ਸ ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੇਵਾਵਾਂ ਵਿੱਚ ਸੁਧਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਸਰਕਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਏਗੀ।
ਜਿਸ ਸਬੰਧੀ ਉਨ੍ਹਾਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਜਾਂਚ ਕਰਨ ਤੇ ਜੇਕਰ ਕੋਈ ਨੁਕਸ ਹੈ, ਤਾਂ ਉਸਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ 20 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਸਪਲਾਈ ਦੇ ਸਮੇਂ ਦੇ ਵੇਰਵੇ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਹਰੇਕ ਖੇਤੀਬਾੜੀ ਫੀਡਰ ਨੂੰ ਬਦਲਵੇਂ ਦਿਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਡੀਐਸਆਰ ਖੇਤਰਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੰਨਾ, ਸ੍ਰੀ ਫਤਹਿਗੜ੍ਹ ਸਾਹਿਬ ਅਤੇ ਤਰਨਤਾਰਨ ਗਰੁੱਪ ਏ1 (ਏ) ਅਧੀਨ ਖੇਤਰਾਂ ਅਤੇ ਫਿਰੋਜ਼ਪੁਰ, ਬਰਨਾਲਾ ਅਤੇ ਮਲੇਰਕੋਟਲਾ ਗਰੁੱਪ ਏ1 (ਬੀ) ਅਧੀਨ ਪੈਂਦੇ ਖੇਤਰਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗਰੁੱਪ ਏ 2 (ਏ) ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ (ਸਿਟੀ ਅਤੇ ਸਬ-ਅਰਬਨ) ਅਤੇ ਗਰੁੱਪ ਏ2 (ਬੀ) ਵਿੱਚ ਸੰਗਰੂਰ, ਐਸਬੀਐਸ ਨਗਰ (ਨਵਾਂਸ਼ਹਿਰ) ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ।
ਜਦਕਿ ਗਰੁੱਪ ਬੀ1 (ਏ) ਜਿਸ ਵਿੱਚ ਫਰੀਦਕੋਟ, ਮੋਗਾ, ਅੰਮ੍ਰਿਤਸਰ (ਸਿਟੀ ਅਤੇ ਸਬ-ਅਰਬਨ) ਹਨ ਅਤੇ ਗਰੁੱਪ ਬੀ1 (ਬੀ) ਸਮੇਤ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਐਸ.ਏ.ਐਸ. ਨਗਰ (ਮੋਹਾਲੀ), ਗੁਰਦਾਸਪੁਰ, ਪਠਾਨਕੋਟ ਅਤੇ ਰੋਪੜ ਨੂੰ ਸਵੇਰੇ 8.30 ਵਜੇ ਤੋਂ ਸ਼ਾਮ 4.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ।
ਇਸ ਦੌਰਾਨ ਇੰਟਰਨੈਸ਼ਨਲ ਬਾਰਡਰ ਏਰੀਆ ਗਰੁੱਪ (ਕੰਡੇਦਾਰ ਤਾਰ ਤੋਂ ਪਾਰ ਫੀਡਰ) ਅਤੇ ਖੇਤਰਾਂ – ਪਟਿਆਲਾ, ਕਪੂਰਥਲਾ, ਬਠਿੰਡਾ ਅਤੇ ਮਾਨਸਾ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।
ਇਸੇ ਤਰ੍ਹਾਂ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਰਾਏਕੋਟ ਦੇ ਪਿੰਡ ਬਰਮੀ ਵਿਖੇ ਸਥਾਪਤ ਨਵੇਂ 66 ਕੇਵੀ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਸਬ ਸਟੇਸ਼ਨ ਲਈ ਜ਼ਮੀਨ ਪਿੰਡ ਦੀ ਪੰਚਾਇਤ ਵੱਲੋਂ ਪੀਐਸਪੀਸੀਐਲ ਨੂੰ ਮੁਫ਼ਤ ਵਿੱਚ ਦਿੱਤੀ ਗਈ ਸੀ। ਇਸ ਸਬ ਸਟੇਸ਼ਨ ਤੇ 8.0/10.0 ਐਮਵੀਏ ਦਾ ਪਾਵਰ ਟਰਾਸ਼ਫਾਰਮਰ ਸਥਾਪਤ ਕੀਤਾ ਗਿਆ ਹੈ। ਇਸ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਪਿੰਡ ਬਰਮੀ ਦੇ ਨਾਲ-ਨਾਲ ਨੂਰਪੁਰਾ, ਤਾਜਪੁਰ, ਕੈਲੇ, ਬੁਰਜ ਲਿਟਾਂ, ਗੋਂਦਵਾਲ, ਹਲਵਾਰਾ ਆਦਿ ਪਿੰਡਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ। ਇਸ ਬਰਮੀ ਨੂੰ ਕੈਟਾਗਰੀ-1 (ਸ਼ਹਿਰੀ ਪੈਟਰਨ) ਫੀਡਰ ਰਾਹੀਂ ਸਿੱਧਾ ਸਬ ਸਟੇਸ਼ਨ ਨਾਲ ਜੋੜਿਆ ਗਿਆ ਹੈ।
ਇਸ ਤੋਂ ਇਲਾਵਾ, ਨੂਰਪੁਰ ਪਿੰਡ ਨੂੰ 24 ਘੰਟੇ ਯੂਪੀਐੱਸ ਫੀਡਰ ਨਾਲ ਜੋੜਿਆ ਗਿਆ ਹੈ। ਇਸ ਸਬ ਸਟੇਸ਼ਨ ਤੋਂ 4 ਨੰਬਰ ਏਪੀ (ਖੇਤੀਬਾੜੀ) ਫੀਡਰਾਂ ਰਾਹੀਂ ਸੱਤ ਪਿੰਡਾਂ ਨੂੰ ਖੇਤੀਬਾੜੀ ਲਈ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਸਬ ਸਟੇਸ਼ਨ ਨਾਲ ਇਲਾਕੇ ਦੇ ਕਿਸਾਨਾਂ ਦੀ ਘੱਟ ਵੋਲਟੇਜ ਅਤੇ ਓਵਰਲੋਡਿੰਗ ਦੀ ਸਮੱਸਿਆ ਦਾ ਹੱਲ ਹੋਵੇਗਾ। ਇਸ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ 66 ਕੇਵੀ ਸਬ-ਸਟੇਸ਼ਨ ਰਾਏਕੋਟ ਅਤੇ 66 ਕੇਵੀ ਸਬ ਸਟੇਸ਼ਨ ਪੱਖੋਵਾਲ ਤੋਂ ਵਾਧੂ ਲੋਡ ਉਤਰਨ ਨਾਲ ਰਾਏਕੋਟ ਸ਼ਹਿਰ ਅਤੇ 15 ਪਿੰਡਾਂ ਦੇ ਤਕਰੀਬਨ 20000 ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਇਸ ਸਬ ਸਟੇਸ਼ਨ ਨੂੰ ਬਣਾਉਣ ਅਤੇ 11 ਕੇਵੀ ਲਾਈਨਾਂ ਦੀ ਉਸਾਰੀ ਤੇ ਲਗਭਗ ਤਿੰਨ ਕਰੋੜ 86 ਲੱਖ ਰੁਪਏ ਦਾ ਖਰਚਾ ਆਇਆ ਹੈ।

Leave a Reply

Your email address will not be published. Required fields are marked *