ਬੀਜੇਪੀ ਨੇ ਜਿੱਤਿਆ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ

Ludhiana Punjabi
  • ਕਾਂਗਰਸ ਅਤੇ ‘ਆਪ’  ਨੂੰ ਵੋਟਰਾਂ ਨੇ ਨਕਾਰਿਆ

DMT : ਲੁਧਿਆਣਾ : (11 ਦਸੰਬਰ 2023) : –

ਲੋਕ ਸਭਾ 2024 ਦੇ ਸੈਮੀ ਫਾਈਨਲ ਵਜੋਂ ਸਮਝੀਆਂ ਜਾਂਦੀਆਂ ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ  ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਤਿੰਨ ਸੂਬਿਆਂ ਵਿੱਚ ਵੱਡੀ ਜਿੱਤ ਹਾਸਲ ਹੋਈ ਹੈ। ਇਸ ਜਿੱਤ ਪਿੱਛੋਂ ਦੇਸ਼ ਅੰਦਰ ਹੁਣ 12 ਸੂਬਿਆਂ ਬੀਜੇਪੀ ਸਰਕਾਰਾਂ ਹੋਣਗੀਆਂ ਅਤੇ 

ਕਾਂਗਰਸ ਦੇ ਕੋਲ ਸਿਰਫ਼ ਤਿੰਨ ਸੂਬਿਆਂ ਕਰਨਾਟਕਾ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਸਰਕਾਰ ਦੀ ਕਮਾਨ ਰਹੇਗੀ। ਕਰੀਬ ਅੱਧੀ ਦਰਜਨ ਸੂਬਿਆਂ ਵਿਚ ਮਜਬੂਤ ਖੇਤਰੀ ਪਾਰਟੀਆਂ  ਦੀਆਂ ਸਰਕਾਰਾਂ ਨੇ, ਜਾਂ ਕਾਫੀ ਪ੍ਰਭਾਵ ਰਖਦੀਆਂ ਨੇ । ਬੀਜੇਪੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ  ਛੱਤੀਸਗੜ੍ਹ ਵਿਚ  ਜਿੱਤਾਂ ਦਰਜ ਕੀਤੀਆਂ ਨੇ। ਬੀਜੇਪੀ ਨੇ  ਮਧ ਪ੍ਰਦੇਸ਼ ਵਿਚ ਆਪਣੀ  ਸਰਕਾਰ ਬਚਾਉਣ ਵਿਚ ਸਫਲ ਰਹੀ। ਰਾਜਸਥਾਨ ਅਤੇ ਛਤੀਸਗੜ ਵਿਚ ਕਾਂਗਰਸ ਪਾਸੋਂ ਸੱਤਾ ਖੋਹਣ ਵਿਚ ਵੀ ਕਾਮਯਾਬ ਹੋਈ। ਛਤੀਸਗੜ ਵਿਚ ਵਿਸ਼ਨੂੰਦੇਵ  ਸਾਏ  ਨੂੰ ਵਧਾਇਕ ਪਾਰਟੀ ਦਾ ਨੇਤਾ ਚੁਣਿਆ ਗਿਐ। ਕਾਂਗਰਸ ਪਾਰਟੀ ਨੇ ਤੇਲੰਗਾਨਾ ਸੂਬੇ ਵਿਚ ਵਡੀ ਜਿੱਤ ਹਾਸਿਲ ਕਰਕੇ  ਰੇਵੰਤ ਰੈਡੀ ਦੀ ਅਗਵਾਈ ਵਿੱਚ ਪਹਿਲੀ ਸਰਕਾਰ ਬਣਾਈ ਹੈ।  ਮਿਜ਼ੋਰਮ ਵਿਚ ਜਿੱਤ ਉਪਰੰਤ  ਲਾਲਜੋਹੁਮੋ ਮੁੱਖ ਮੰਤਰੀ ਬਣੇ ਨੇ।  ਕੁਲ ਮਿਲਾ ਕੇ ਦੇਖਿਆ ਤਾਂ ਸੈਮੀਫਾਈਨਲ ਜਿੱਤ ਦਾ ਤਾਜ ਬੀਜੇਪੀ ਦੇ ਸਿਰ ਸਜਿਐ ਅਤੇ ਕਾਂਗਰਸ ਪਾਰਟੀ ਪੱਲੇ ਭਾਰੀ ਨਮੋਸ਼ੀ ਪਈ। ਇਹਨਾਂ  ਨਤੀਜਿਆਂ ਦਾ  2024 ਲੋਕ ਸਭਾ ਚੋਣਾਂ ਉੱਤੇ ਵੱਡਾ ਪ੍ਰਭਾਵ ਪੈ ਸਕਦੈ। ਉਂਝ ਉਜਾਂ ਸੂਬਿਆਂ ਵਿੱਚ ਕਾਂਗਰਸ ਨੂੰ  ਕਾਂਗਰਸ ਨੂੰ ਚਾਰ ਲੱਖ 90 ਹਜਾਰ ਅਤੇ ਬੀਜੇਪੀ ਨੂੰ  4 ਲੱਖ 81 ਹਜਾਰ ਵੋਟਾਂ ਮਿਲੀਆਂ ਨੇ। ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ 80 ਕਰੋੜ ਗ਼ਰੀਬ ਲੋਕਾਂ ਨੂੰ ਹਰ ਮਹੀਨੇ 5 ਕਿੱਲੋ ਮੁਫ਼ਤ ਅਨਾਜ ਦੇਣ ਦੀ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀ ਰੱਖਣ ਦੇ ਐਲਾਨ ਦਾ ਵੋਟਰਾਂ ਤੇ ਕਾਫੀ ਪ੍ਰਭਾਵ ਸਮਝਿਆ  ਜਾਂਦੈ। ਚੋਣਾਂ ਨਤੀਜਿਆਂ ਤੋਂ ਪ੍ਰਧਾਨ ਮੰਤਰੀ ਉਤਸ਼ਾਹਿਤ ਨੇ, ਉਨਾਂ  ਦਾ ਕਹਿਣੈ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਦੇ ਨਤੀਜੇ ਦਰਸਾਉਂਦੇ ਨੇ ਕਿ ਲੋਕ ਭਾਜਪਾ ਦੇ ਚੰਗੇ ਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਨਾਲ ਖੜ੍ਹੇ ਹਨ। 

*ਇੰਡੀਆ ਗਠਜੋੜ ‘ ਚ ਖਿਲਾਰਾ*

 ਇਹਨਾਂ ਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਵਿਰੋਧੀ ਇੰਡੀਆ ਗੱਠਜੋੜ ਦੇ ਖੇਮੇ ਵਿੱਚ ਹਲਚਲ ਮਚਾਅ ਦਿੱਤੀ ਹੈ ਅਤੇ ਇਸ ਦੇ ਇੱਕਜੁੱਟ ਰਹਿਣ ਦੀ ਸੰਭਾਵਨਾ ਤੇ ਸਵਾਲ ਖੜੇ ਕਰ ਦਿੱਤੇ ਨੇ। ਇੰਡੀਆ ਗਠਜੋੜ ਵਿੱਚ ਸ਼ਾਮਿਲ ਕਈ ਵੱਡੇ ਨੇਤਾਵਾਂ ਨੇ ਕਾਂਗਰਸ ਪਾਰਟੀ ਦੇ ਗੈਰ ਜਿੰਮੇਵਾਰਾਨਾ ਰਵਈਏ ਨੂੰ ਚੋਣਾਂ ਵਿੱਚ ਵੱਡੀ ਹਾਰ ਦਾ ਕਾਰਨ ਦੱਸਿਐ। ਤ੍ਰਿਣਮੂਲ ਕਾਂਗਰਸ ਨੇ ਹਾਰ ਨੂੰ ‘ਭਾਜਪਾ ਦੀ ਜਿੱਤ ਨਾਲੋਂ ਕਾਂਗਰਸ ਦੀ ਨਾਕਾਮੀ ਜ਼ਿਆਦਾ’ ਕਰਾਰ ਦਿੱਤਾ ਹੈ। ਇਸੇ ਦੇ ਚਲਦੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ, ਨਿਤੀਸ਼ ਕੁਮਾਰ, ਐਮ ਕੇ ਸਟਾਲਨ ਅਤੇ  ਹੈਮੰਤ ਸੋਰੇਨ ਵਲੋਂ ਗਠਜੋੜ ਦੀ ਛੇ ਦਸੰਬਰ ਨੂੰ ਬੁਲਾਈ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਾਸਾ ਵਟ  ਲਿਐ।  ਕੁਝ ਨੇਤਾਵਾਂ ਦਾ ਤਰਕ ਹੈ ਕਿ ਜੇਕਰ ਗੱਠਜੋੜ ਇਕੱਠੇ ਚੋਣਾਂ ਲੜਦਾ,  ਤਾਂ ਇਨੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਨਾ ਪੈਂਦਾ। ਜਿਸ ਦੇ ਚਲਦੇ ਕਾਂਗਰਸ ਪ੍ਰਧਾਨ ਮਲਿਕਰਜੁਨ ਖੜਗੇ ਨੂੰ ਛੇ ਦਸੰਬਰ ਦੀ ਮੀਟਿੰਗ ਰੱਦ ਕਰਕੇ 19 ਦਸੰਬਰ ਨੂੰ  ਮੀਟਿੰਗ ਸੱਦੀ ਹੈ। ਪਹਿਲਾਂ ਹੀ ਇੰਡੀਆ ਗਠਜੋੜ ਵਿੱਚ ਸ਼ਾਮਿਲ ਪਾਰਟੀਆਂ ਵਿੱਚ ਅਹਿਮ ਮਤਭੇਦ ਚਲ ਰਹੇ ਸਨ ਅਤੇ ਇਹਨਾਂ ਦੇ ਇਕੱਠੇ ਚੱਲਣ ਤੇ ਸ਼ੰਕਾਵਾਂ ਉੱਠ ਖੜੀਆਂ ਨੇ। ਆਮ ਆਮ ਤੌਰ ਤੇ ਜਰੂਰੀ ਨਹੀਂ ਕਿ ਜਿਹੜੀ ਪਾਰਟੀ ਲੋਕ ਲੋਕ ਸਭਾ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੇ, ਉਹੀ ਲੋਕ ਸਭਾ ਵਿੱਚ ਜਿੱਤ ਹਾਸਿਲ ਕਰੇਗੀ। 2018 ਵਿੱਚ ਕਾਂਗਰਸ ਪਾਰਟੀ ਨੇ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛਤੀਸਗੜ ਵਿੱਚ ਚੋਣਾਂ ਜਿੱਤੀਆਂ ਸਨ, ਪਰ ਲੋਕ ਸਭਾ ਵਿੱਚ ਜਿੱਤ ਬੀਜੇਪੀ ਨੂੰ ਹਾਸਲ ਹੋਈ ਸੀ। ਵਿਧਾਨ ਸਭਾ ਚੋਣਾਂ ਵਿੱਚ ਸਥਾਨਕ ਮੁੱਦਿਆਂ ਤੇ ਵੋਟਿੰਗ ਸਮਝੀ ਜਾਂਦੀ ਹੈ, ਜਦਕਿ ਲੋਕ ਸਭਾ ਲਈ ਕੌਮੀ ਮੁੱਦੇ ਭਾਰੂ ਰਹਿੰਦੇ ਨੇ। ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਵਿੱਚ ਸ਼ਾਮਿਲ 38 ਪਾਰਟੀਆਂ ਵਿਚ ਵੀ ਮੱਤਭੇਦ ਉਭਰਦੇ ਦਿਖਾਈ ਦੇ ਰਹੇ ਨੇ। ਇੰਡੀਆ ਗਠਜੋੜ ਦੀਆਂ   ਕਈ ਪਾਰਟੀਆਂ ਦੇ ਲੋਕ ਸਭਾ ਚੋਣਾਂ ਤੱਕ ਗਠਜੋੜ ਵਿੱਚ ਬਣੇ ਰਹਿਣ ਦੀਆਂ ਸੰਭਾਵਨਾਵਾਂ ਘੱਟ ਦਿਸਦੀਆਂ ਨੇ। ਇਹ ਚੋਣਾਂ ਕਾਂਗਰਸ ਲਈ ਜ਼ਿਆਦਾ ਮਹਤੱਵਪੂਰਨ ਸਨ,  ਜੇਕਰ  ਕਾਰਗੁਜ਼ਾਰੀ ਬਿਹਤਰ ਰਹਿੰਦੀ ਤਾਂ ਪਾਰਟੀ  28 ਪਾਰਟੀਆਂ ਦੇ ‘ਇੰਡੀਆ’ ਗਠਜੋੜ ਦੇ ਲੀਡਰ ਦੇ ਰੂਪ ਵਿੱਚ ਸਥਾਪਤ  ਹੋ ਸਕਦੀ ਸੀ। ਇਸੇ ਕਰਕੇ  ਗਠਜੋੜ ਦੀਆਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਚੋਣਾਂ ਦੇ ਨਤੀਜਿਆਂ ਤਕ ਟਾਲੀ ਗਈ। ਬੰਗਾਲ ਵਿਚ ਕਮਿਊਨਿਸਟਾਂ  ਅਤੇ ਕਾਂਗਰਸ ਨੂੰ ਮਮਤਾ ਬੈਨਰਜੀ ਵਧੇਰੇ ਸੀਟਾਂ ਦੇਣ ਲਈ ਰਾਜ਼ੀ ਹੋਣ ਵਾਲੀ ਨਹੀਂ ਜਾਪਦੀ। ਇਸੇ ਤਰਾਂ ਉਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ, ਤਾਮਿਲਨਾਡੂ ਵਿਚ ਐਮ ਸਟਾਲਿਨ, ਬਿਹਾਰ ਵਿਚ ਨਿਤੀਸ਼ ਕੁਮਾਰ ਵੀ ਕਾਂਗਰਸ ਪਾਰਟੀ ਨੂੰ ਕੋਈ ਅਹਿਮੀਅਤ ਦੇਣ ਲਈ ਤਿਆਰ ਨਹੀਂ ਜਾਪਦੇ। ਹੁਣ ਇੰਡੀਆ ਗਠਜੋੜ ਦੀ ਅਗਲੀ ਮੀਟਿੰਗ 17 ਦਸੰਬਰ ਨੂੰ ਹੋਏਗੀ, ਜਿਸ ਵਿਚ ਕਈ ਮੁੱਖ ਪਾਰਟੀਆਂ ਵਲੋਂ ਤਿੱਖੇ ਸਵਾਲ ਉਠਣਗੇ। ਪਰ ਅਜੇ ਵੀ ਦੇਸ਼ ਅੰਦਰ ਕਾਂਗਰਸ ਦਾ ਦੂਜੀਆਂ ਵਿਰੋਧੀ ਪਾਰਟੀਆਂ ਮੁਕਾਬਲੇ ਆਧਾਰ ਵਡਾ ਹੈ। ਪਰ ਬਹੁਤ ਸਾਰੇ ਰਾਜਾਂ ਵਿਚ ਖੇਤਰੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ ਦੀ ਹਾਲਤ ਵੀ ਕੰਮਜ਼ੋਰ ਹੈ। ਜੇਕਰ ਆਉਂਦੀਆਂ ਲੋਕ ਸਭਾ ਚੋਣਾਂ ਲਈ ‘ਇੰਡੀਆ’ ਗਠਜੋੜ ਨੂੰ ਬੀਜੇਪੀ ਮੁਕਾਬਲੇ ਮਜਬੂਤ ਬਦਲ ਵਜੋਂ  ਪੇਸ਼ ਕਰਨਾ ਹੈ, ਤਾਂ ਗਠਜੋੜ ਦੀਆਂ ਸਾਰੀਆਂ ਧਿਰਾਂ ਨੂੰ ਸਥਾਨਿਕ ਸਥਿਤੀ ਅਨੁਸਾਰ ਜਿਤਣ ਦੀਆਂ ਸੰਭਾਵਨਾਵਾਂ  ਨੂੰ ਸਮਝਕੇ ਸੀਟਾਂ ਦੀ ਵੰਡ ਕਰਨੀ ਹੋਵੇਗੀ ਅਤੇ ਪਾਰਟੀ ਮੁਫ਼ਾਦ ਨੂੰ ਲਾਂਭੇ ਛਡਣਾ ਹੋਵੇਗਾ। ਉਂਝ ਅਜੇ ਵੀ ਇੰਡੀਆ ਗਠਜੋੜ ਦੇ ਕਈ ਵਡੇ ਲੀਡਰਾਂ ਦਾ ਕਹਿਣੈ ਕਿ ਵਿਰੋਧੀ ਪਾਰਟੀਆਂ ਦਰਮਿਆਨ ਕਿਸੇ ਤਰ੍ਹਾਂ ਦੀ ਅਣਬਣ ਨਹੀਂ ਹੈ ਅਤੇ ਅਸੀਂ ਇਕਠੇ  ਲੜਾਂਗੇ ਅਤੇ ਇਸ ਦੇ ਨਤੀਜੇ  2024 ਵਿਚ ਦਿਖਾਈ ਦੇਣਗੇ। ਪਰ ਜ਼ਮੀਨੀ ਹਾਲਾਤ ਅਨੁਸਾਰ  ‘ਇੰਡੀਆ’ ਗੱਠਜੋੜ ਵਿਚ ਸਭ ਅੱਛਾ ਨਹੀਂ ਹੈ। ਚੋਣਾਂ ਦੇ ਅਮਲ ਦੌਰਾਨ ਕਾਂਗਰਸ ਦੇ ਜਿਤਣ ਦੇ ਹੱਦੋਂ ਵੱਧ ਭਰੋਸੇ ਅਤੇ ‘ਇੰਡੀਆ’ ਦੇ ਭਾਈਵਾਲਾਂ ਪ੍ਰਤੀ ਰੁੱਖੇ ਰਵੱਈਏ ਉੱਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇੰਡੀਆ’ ਗੱਠਜੋੜ ‘ਕਰੋ ਜਾਂ ਮਰੋ’ ਦੀ ਹਾਲਤ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਵਿਚ ਇਕਜੁੱਟਤਾ ਦੇ ਪੱਖ ਤੋਂ ਪਛੜ ਰਿਹਾ ਹੈ। ਇਨ੍ਹਾਂ ਪਾਰਟੀਆਂ ਦੀ ਸਮੇਂ ਸਿਰ ਸਹਿਮਤੀ ਨਾ ਬਣਾ ਸਕਣ ਦੀ ਪਹੁੰਚ ਇਨ੍ਹਾਂ ਵਾਸਤੇ ਆਤਮਘਾਤੀ ਸਾਬਿਤ ਹੋ ਸਕਦੀ ਹੈ।

* ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਝਟਕਾ*

ਪੰਜ ਰਾਜਾਂ ਦੇ ਆਏ ਚੋਣ ਨਤੀਜਿਆਂ ਤੋਂ ਸਭ ਤੋਂ ਵਡਾ ਝਟਕਾ

 ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਸ਼ਾਖ ਨੂੰ  ਲਗਾ ਹੈ। ਪਾਰਟੀ ਨੇ ਤਿੰਨ  ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ ਵਿਚ ਉਮੀਦਵਾਰ ਉਤਾਰ ਕੇ ਇਕੱਲੇ ਚੋਣਾਂ ਲੜੀਆਂ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਡੀ ਪਧਰ ਤੇ ਚੋਣ ਰੈਲੀਆਂ ਅਤੇ ਰੋਡ ਸ਼ੋ ਕਰਕੇ ਪਾਰਟੀ ਦਾ ਚੋਣ ਪ੍ਰਚਾਰ ਕੀਤਾ। ਪ੍ਰੰਤੂ ਪਾਰਟੀ ਕਿਸੇ ਵੀ ਸੂਬੇ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ  ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਹੀ ਜ਼ਬਤ ਹੋਈਆਂ। ਆਮ ਆਦਮੀ ਪਾਰਟੀ  ਨੂੰ ਮੱਧ ਪ੍ਰਦੇਸ਼ ਵਿੱਚ ਸਿਰਫ਼ 0.42 ਫ਼ੀਸਦ, ਰਾਜਸਥਾਨ ਵਿੱਚ 0.36 ਫੀਸਦ  ਅਤੇ ਛੱਤੀਸਗੜ੍ਹ ਵਿੱਚ 0.97 ਫ਼ੀਸਦ

ਵੋਟਾਂ  ਹੀ ਪਈਆਂ ਨੇ, ਜੋ ਨੋਟਾ ਨਾਲੋਂ ਵੀ ਕਾਫੀ ਘਟ ਨੇ। ਅਜੇਹੇ ਵਿਚ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਚਰਚਾ ਹੈ ਕਿ ਕੇਜਰੀਵਾਲ ਇਨ੍ਹਾਂ  ਚੋਣਾਂ ਵਿਚ ਜਿਤਣ ਲਈ ਨਹੀਂ, ਸਗੋਂ  ਕਾਂਗਰਸ ਦਾ ਨੁਕਸਾਨ ਕਰਨ ਲਈ ਹੀ ਗਏ ਸਨ, ਇਸ ਦਾ ਲਾਭ ਵੀ ਬੀਜੇਪੀ ਨੂੰ ਹੀ ਮਿਲਿਐ। ਵਿਰੋਧੀਆਂ ਦੇ ਦੋਸ਼ ਨੇ, ਕਿ ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਮੁਹਿੰਮ ਉਪਰ ਪੰਜਾਬ ਦੇ 500 ਕਰੋੜ ਰੁਪਏ ਉਡਾਏ ਗਏ ਅਤੇ ਪੰਜਾਬ ਦੇ  ਜਹਾਜ ਦੀ ਖੁਲ ਕੇ ਦੁਰਵਰਤੋਂ ਹੋਈ। ਵਿਰੋਧੀਆਂ ਦਾ ਕਹਿਣੈ ਕਿ ਮੁੱਖ ਮੰਤਰੀ ਦੇ ਸੂਬੇ ਵਿਚੋਂ ਲੰਮਾਂ ਸਮਾਂ ਗਾਇਬ ਰਹਿਣ ਕਾਰਨ ਅਮਨ ਕਨੂੰਨ ਪੂਰੀ ਤਰਾਂ ਚਰਮਰਾ ਚੁੱਕੈ ਅਤੇ ਵਿਕਾਸ ਕੰਮ ਵੀ ਠਪ ਰਹੇ। ਇਸ ਸਮੇਂ ਸੂਬਾ ਸਵਾ 3 ਲੱਖ ਕਰੋੜ ਦੇ ਕਰਜ਼ੇ ਦੇ ਭਾਰ ਥਲੇ ਭਾਰ ਥੱਲੇ ਦੱਬਿਆ ਦਬਿਆ ਪਿਐ ਅਤੇ ਕਰਜਾ ਜੀਡੀਪੀ ਦਾ 47 ਪ੍ਰਤੀਸ਼ਤ  ਤੋਂ ਪਾਰ ਜਾ ਚੁਕੈ। ਨੌਜਵਾਨਾਂ ਦੀ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਦੌੜ ਲੱਗੀ ਪਈ ਹੈ। ਨਸ਼ਿਆਂ ਨਾਲ ਮੌਤਾਂ ਰੋਜ਼ਾਨਾਂ ਹੋ ਰਹੀਆਂ ਨੇ। ਮੁੱਖ ਮੰਤਰੀ ਦਾ ਰਾਜਪਾਲ ਨਾਲ ਟਕਰਾਅ ਵੀ ਭਾਰੀ ਨੁਕਸਾਨ ਕਰ ਰਿਹੈ। ਰਾਜਪਾਲ ਵਲੋਂ ਸਰਕਾਰ ਦੇ ਵਿਧਾਨ ਸਭਾ ਵਿਚ ਪਾਸ ਕੀਤੇ 3 ਅਹਿਮ ਬਿਲ ਅਗਲੀ ਕਰਵਾਈ ਲਈ ਰਾਸ਼ਟਰਪਤੀ ਪਾਸ ਭੇਜ ਦਿੱਤੇ ਨੇ। ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਸਿਖਰਾਂ ਛੂਹ ਰਿਹੈ, ਬਦਲਾਅ ਦੀ ਆਸਵੰਦ ਜਨਤਾ ਅੰਦਰ ਨਿਰਾਸ਼ਾ ਫੈਲ ਚੁੱਕੀ ਹੈ। ਪਾਰਟੀ ਸਥਾਨਿਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਨੂੰ ਅੱਗੇ ਪਾਉਣ ਲਈ ਮਜਬੂਰ ਦਿਸਦੀ ਹੈ। ਇਸ ਸਮੇਂ  ਮੁੱਖ ਮੰਤਰੀ ਨੂੰ ਸੂਬੇ ਦੇ ਹਾਲਤ ਸੁਧਾਰਨ ਅਤੇ ਵਿਕਾਸ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕਰਨਾ ਹੋਏਗਾ, ਤਾਂ ਕਿ ਜਨਤਾ ਦਾ ਭਰੋਸਾ ਬਰਕਰਾਰ ਰਖਿਆ ਜਾ ਸਕੇ।

ਦਰਸ਼ਨ ਸਿੰਘ ਸ਼ੰਕਰ

ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *