ਬੇਅਸੁਲੀ ਰਾਜਨੀਤੀ ਦੇ ਦੌਰ ਵਿੱਚੋਂ ਲੰਘ ਰਿਹੈ ਪੰਜਾਬ

Ludhiana Punjabi
  • ਆਉਂਦੇ ਦਿਨਾਂ ਵਿੱਚ ਦਲ ਬਦਲੀਆਂ ਦਾ ਚੱਲ ਸਕਦੈ ਦੌਰ

DMT : ਲੁਧਿਆਣਾ : (18 ਸਤੰਬਰ 2023) : – ਦੇਸ਼ ਦੀ 18ਵੀਂ ਲੋਕ ਸਭਾ ਲਈ ਚੋਣਾਂ ਦਾ ਬਿਗਲ ਬਿਗਲ ਵੱਜ ਚੁੱਕਾ ਹੈ। ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਦੇ ਮੁਕਾਬਲੇ 26 ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਨਾਂ ਦਾ ਗਠਜੋੜ ਬਣਾ ਕੇ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਇਸੇ ਨਾਲ ਸੂਬਿਆਂ ਦੀ ਰਾਜਨੀਤੀ ਵਿੱਚ ਵੀ ਨਵੇਂ ਗੱਠਜੋੜਾਂ ਲਈ ਸਰਗਰਮੀਆਂ ਸ਼ੁਰੂ ਨੇ। ਇਸ ਸਮੇਂ ਪੰਜਾਬ ਦੀ ਰਾਜਨੀਤੀ ਬਹੁਤ ਹੀ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਹੀ ਹੈ। ਬਹੁਤੇ ਲੀਡਰ ਆਪਣੀ ਪਾਰਟੀ ਵਿਚ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਅਤੇ ਪਾਲਾ ਬਦਲਣ ਲਈ ਵੀ ਤਰਲੋਮਛੀ ਹੋਏ ਦਿਖਦੇ ਨੇ। ਜਲਦੀ ਸੂਬੇ ਵਿਚ ਨਗਰ ਸੰਸਥਾਵਾਂ, ਜਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਵੀ ਹੋਣ ਵਾਲੀਆਂ ਨੇ। ਇਸ ਦੇ ਮੱਦੇ ਨਜ਼ਰ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਗੋਟੀਆਂ ਫਿਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਇਸ ਸਮੇਂ ਸੂਬੇ ਵਿੱਚ ਕਿਸੇ ਵੀ ਰਾਜਸੀ ਪਾਰਟੀ ਦੀ ਹਾਲਤ ਮਜਬੂਤ ਨਹੀਂ ਦਿਖਦੀ। ਜਨਤਾ ਵਿੱਚ ਪਾਰਟੀਆਂ ਵਲੋਂ ਵਾਅਦੇ ਕਰਕੇ ਮੁਕਰ ਜਾਣ ਕਾਰਨ ਕਾਫੀ ਗੁੱਸਾ ਦਿਖਾਈ ਦੇ ਦੇ ਰਿਹੈ। ਅਜਿਹੇ ਵਿਚ ਪਾਰਟੀਆਂ ਇਕ ਦੂਜੀ ਦੇ ਖੇਮੇ ਵਿਚ ਸੰਨ ਲਾਉਣ ਲਈ ਤਿਆਰ ਬੈਠੀਆਂ ਨੇ। ਸੱਤਾਧਾਰੀ ਆਮ ਆਦਮੀ ਪਾਰਟੀ ਦੀ ਦਸ਼ਾ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਨੂੰ ਭਰਿਸ਼ਟ ਦੱਸ ਕੇ ਸੂਬੇ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਦੱਸਕੇ ਕੋਸਦੀ ਰਹੀ। ਪਰ ਹੁਣ ਦੇਸ਼ ਹਿੱਤ ਦੱਸਕੇ ਉਨ੍ਹਾਂ ਨਾਲ ਹੀ ਗੱਠਜੋੜ ਕਰ ਚੁੱਕੀ ਹੈ। ਬੇਸ਼ਕ ਸੂਬੇ ਵਿਚ ਵਿਰੋਧੀ ਪਾਰਟੀਆ ਦੀ ਸਥਿਤੀ ਇਸ ਸਮੇਂ ਮਜਬੂਤ ਦਿਖਾਈ ਨਹੀਂ ਦਿਖਦੀ, ਪਰ ਮਾੜੀ ਕਾਰਗੁਜਾਰੀ ਕਾਰਨ “ਆਪ” ਦਾ ਗ੍ਰਾਫ ਵੀ ਕਾਫੀ ਨੀਚੇ ਸਰਕ ਚੁੱਕਾ ਹੈ ਅਤੇ ਇਹ ਅਜੇ ਹੇਠਲੇ ਪਧਰ ਤਕ ਮਜਬੂਤ ਜਥੇਬੰਦਕ ਢਾਂਚਾ ਵੀ ਖੜ੍ਹਾ ਨਹੀਂ ਕਰ ਸਕੀ। ਅਮ੍ਰਿਤਸਰ ਉੱਤਰੀ ਹਲਕੇ ਵਿਚ ਆਪਣੀ ਸਭ ਤੋਂ ਅਹਿਮ ‘ਸਕੂਲ ਔਫ ਐਮੀਨੇਸ” ਸਕੀਮ ਦਾ ਉਦਘਾਟਨ ਸਮੇਂ ਕੇਜਰੀਵਾਲ ਅਤੇ ਮੁੱਖ ਮੰਤਰੀ ਨੇ 1600 ਕਰੋੜ ਨਾਲ ਸਿੱਖਿਆ ਕ੍ਰਾਂਤੀ ਦਾ ਐਲਾਨ ਕੀਤਾ। ਉਸੇ ਹਲਕੇ ਤੋਂ “ਆਪ” ਦੇ ਵਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਕੂਲ ਨੂੰ ਪਹਿਲਾਂ ਹੀ ਸਮਾਰਟ ਸਕੂਲ ਕਹਿ ਕੇ ਸਰਕਾਰ ਦੇ ਦਾਅਵੇ ਦੀ ਪੋਲ ਖੋਲਤੀ ਅਤੇ ਕਿਹਾ ਕਿ ਸਰਕਾਰ ਨੇ ਬਗੈਰ ਖਰਚ ਕੀਤੇ ਕਰੈਡਿਟ ਲਿਆ ਹੈ। ਹਲਕੇ ਦੇ ਸਾਬਕਾ ਐਮਐਲਏ ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ ਪਹਿਲਾਂ ਹੀ ਸਕੂਲ ਦੀ ਪੂਰੀ ਇਮਾਰਤ ‘ਸਮਾਰਟ ਸਕੂਲ ਸਕੀਮ’ ਅਧੀਨ ਬਣੀ ਸੀ ਅਤੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਵੀ ਆਪਣੇ ਫੰਡ ਵਿਚੋਂ 10 ਲੱਖ ਰੁਪਏ ਸਕੂਲ ਦੇ ਵਿਕਾਸ ਲਈ ਦਿੱਤੇ ਨੇ। ਅਜਿਹੇ ਝੂਠੇ ਪ੍ਰਚਾਰ ਨਾਲ ਜੇਕਰ “ਆਪ” ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰੇ, ਤਾਂ ਉਸ ਦਾ ਜਨਤਾ ਵਿਚ ਉਲਟ ਪ੍ਰਭਾਵ ਤਾਂ ਜਾਏਗਾ ਹੀ। ਅਜਿਹਾ ਹੀ ਪ੍ਰਚਾਰ ਸਿਹਤ ਸਹੂਲਤਾਂ, ਭ੍ਰਿਸ਼ਟਾਚਾਰ ਅਤੇ ਨਸ਼ੇ ਖਤਮ ਕਰਨ ਦੇ ਦਾਅਵਿਆਂ ਦਾ ਲਗਾਤਾਰ ਇਸ਼ਤਿਹਾਰਬਾਜ਼ੀ ਰਾਹੀਂ ਹੋ ਰਿਹੈ, ਜਿਸ ਨਾਲ ਪਾਰਟੀ ਨੂੰ ਲਾਭ ਦੀ ਬਜਾਏ ਨੁਕਸਾਨ ਹੀ ਹੋ ਸਕਦੈ। ਕਈ ਵਜੀਰਾਂ ਅਤੇ ਲੀਡਰਾਂ ਉਪਰ ਭ੍ਰਿਸ਼ਟਾਚਰ ਅਤੇ ਅਨੈਤਿਕਤਾ ਦੇ ਦੋਸ਼ ਲੱਗੇ ਨੇ ਪਰ ਕਾਰਵਾਈ ਨਹੀਂ ਹੋਈ। ਚਿਰਾਂ ਤੋਂ ਲਟਕਦੇ ਪੰਜਾਬ ਦੇ ਪਾਣੀਆਂ, ਚੰਡੀਹੜ ਦੇ ਮੁਦਿਆਂ ਤੇ ਚੁੱਪ, ਨਸ਼ਾ ਵਪਾਰ ਅਤੇ ਕਿਸਾਨੀ ਮੁਦਿਆਂ ਤੇ ਹੋ ਰਹੇ ਅੰਦੋਲਨਾਂ ਕਾਰਨ ਵੀ ਲੋਕ ਆਲੋਚਨਾ ਕਰਦੇ ਦਿਖਦੇ ਨੇ। ਬੇਸ਼ਕ ਕੇਜਰੀਵਾਲ ਅਤੇ ਭਗਵੰਤ ਮਾਨ ਸੂਬੇ ਵਿਚੋਂ ਭ੍ਰਿਸ਼ਟਾਚਰ ਦੇ ਮੁਕੰਮਲ ਖਾਤਮੇ ਦੇ ਦਾਅਵੇ ਦੂਜੇ ਸੂਬਿਆਂ ਵਿਚ ਕਰਦੇ ਨੇ, ਪਰ ਜ਼ਮੀਨੀ ਸਚਾਈ ਉਲਟ ਜਾਪਦੀ ਹੈ। ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੇ ਪੁਲਿਸ ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਨੇ। • ਪਾਟੋ-ਧਾੜ ਹੋ ਰਹੀ ਕਾਂਗਰਸ* “ਇੰਡੀਆ” ਗਠਜੋੜ ਵੱਲੋਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਖ਼ਿਲਾਫ਼ ਸਾਂਝੇ ਉਮੀਦਵਾਰ ਉਤਾਰਨ ਤੇ ਹੋਈ ਸਹਿਮਤੀ ਹੋਣ ਪਿੱਛੋਂ ਸੂਬੇ ਵਿਚ ਬਾਵੇਲਾ ਖੜਾ ਹੋ ਗਿਆ ਹੈ। ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ, ਪ੍ਰਧਾਨ ਰਾਜਾਵੜਿੰਗ, ਸੁਖਜਿੰਦਰ ਰੰਧਾਵਾ ਸਮੇਤ ਬਹੁਤੇ ਲੀਡਰ ‘ਆਪ’ ਦੇ ਨਾਲ ਮਿਲ ਕੇ ਸੂਬੇ ਵਿਚ ਚੋਣਾਂ ਲੜਨ ਦੇ ਖਿਲਾਫ਼ ਨੇ। ਜਦ ਕਿ ਨਵਜੋਤ ਸਿੱਧੂ, ਚਰਨਜੀਤ ਚੰਨੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਮੁਹੰਮਦ ਸਦੀਕ ਸਮੇਤ ਕਈ ਐਮਪੀ ‘ਆਪ’ ਨਾਲ ਗਠਜੋੜ ਬਾਰੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦੇ ਨਾਲ ਨੇ। ਹੈਦਰਾਬਾਦ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਲੀਡਰਾਂ ਨੇ ਸੂਬੇ ਵਿਚ ‘ਆਪ’ ਨਾਲ ਗਠਜੋੜ ਦਾ ਵਿਰੋਧ ਕੀਤਾ ਅਤੇ ਦਸਿਆ ਕਿ ਮਿਲ ਕੇ ਚੋਣਾਂ ਲੜਨ ਨਾਲ ਸੂਬੇ ਵਿੱਚ ਕਾਂਗਰਸ ਸਫਾਇਆ ਹੋ ਜਾਏਗਾ। ਫਿਲਹਾਲ ਕਾਂਗਰਸ ਪ੍ਰਧਾਨ ਖੜਗੇ ਨੇ ਸੂਬਾ ਯੂਨਿਟ ਨਾਲ ਮਸ਼ਵਰਾ ਕਰਕੇ ਹੀ ਚੋਣ ਸਮਝੌਤਾ ਕਰਨ ਦਾ ਯਕੀਨ ਦਵਾਇਆ ਹੈ। ਅਜਿਹੀ ਸਥਿਤੀ ਵਿੱਚ ਸੂਬੇ ਵਿੱਚ ਕਾਂਗਰਸ ਪੂਰੀ ਤਰ੍ਹਾਂ ਵੰਡੀ ਦਿਖਾਈ ਦੇ ਰਹੀ ਹੈ, ਇਸ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪਏਗਾ। ਇੱਕਠੇ ਚੋਣਾਂ ਦਾ ਵਿਰੋਧ ਕਰਨ ਵਾਲਿਆਂ ਵਲੋਂ ਪਿਛਲੇ ਦਿਨੀਂ ਮੋਗਾ ਵਿਖੇ ਮੀਟਿੰਗ ਕਰਕੇ ਤਾਕਤ ਦਿੱਖਾ ਦਿੱਤੀ ਹੈ। ਗੱਠਜੋੜ ਵਿਚ ਹੀ ਚੋਣਾਂ ਲੜਨ ਦੀ ਸੂਰਤ ਵਿਚ ਨਾਰਾਜ਼ ਲੀਡਰ ਨਵੀਂ ਪਾਰਟੀ ਬਣਾ ਕੇ ਵੀ ਚੋਣਾਂ ਲੜ ਸਕਦੇ ਨੇ। ਬੀਜੇਪੀ ਹੋਈ ਪੱਬਾਂ ਭਾਰ ਆਮ ਚਰਚਾ ਹੈ ਕਿ ਜੇਕਰ ‘ਆਪ’ ਅਤੇ ਕਾਂਗਰਸ ਮਿਲ ਕੇ ਲੜਦੇ ਨੇ, ਤਾਂ ਬੀਜੇਪੀ ਦਾ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਗੱਠਜੋੜ ਸੰਭਵ ਹੋ ਸਕਦੈ। ਫਿਲਹਾਲ ਪਾਰਟੀ ਢੀਂਡਸਾ ਵਲੇ ਅਕਾਲੀ ਦਲ ਦੇ ਨਾਲ ਹੈ। ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਤਿਆਰੀਆਂ ਨੂੰ ਤੇਜ਼ ਕਰਨ ਲਈ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ 21 ਮੈਂਬਰੀ ਕੌਰ ਕਮੇਟੀ ਦਾ ਵੀ ਗਠਨ ਕੀਤਾ ਹੈ। ਨਵੀਂ ਟੀਮ ਵਿਚ ਪੁਰਾਣੇ ਭਾਜਪਾਈਆਂ ਦੇ ਨਾਲ ਦੂਜੀਆਂ ਪਾਰਟੀਆਂ ਵਿਚੋਂ ਆਏ ਬਹੁਤ ਸਾਰੇ ਨੇਤਾਵਾਂ ਨੂੰ ਵੀ ਥਾਂ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਦੀ ਬੇਟੀ ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ ਪ੍ਰਧਾਨ ਬਣਾਇਆ ਗਿਐ। ਉਂਝ ਬੀਜੇਪੀ ਜੀ-20 ਅਤੇ ਚੰਦ੍ਰਯਾਨ-3 ਦੀ ਸਫ਼ਲਤਾ ਨਾਲ ਕਾਫੀ ਉਤਸ਼ਾਹਿਤ ਦਿਖਾਈ ਦਿੰਦੀ ਹੈ। ਦੂਜੀਆਂ ਪਾਰਟੀਆਂ ਚੋਂ ਲਈ ਕਾਫੀ ਲੀਡਰਾਂ ਦੇ ਬਾਵਯੂਦ ਬੀਜੇਪੀ ਪਿੰਡਾਂ ਵਿਚ ਬਹੁਤ ਕੰਮਜ਼ੋਰ ਹੈ, ਪਰ ਸ਼ਹਿਰਾਂ ਵਿਚ ਇਹ ਮੁਕਾਬਲੇ ਵਿਚ ਹੈ। ਪਾਰਲੀਮੈਂਟ ਦੇ ਚੱਲ ਰਹੇ ਵਿਸ਼ੇਸ਼ ਇਜਲਾਸ ਵਿੱਚ ਲੈ ਜਾਣ ਵਾਲੇ ਫੈਸਲੇ ਵੀ ਬੀਜੇਪੀ ਦੀ ਸਥਿਤੀ ਨੂੰ ਪ੍ਰਭਾਵਤ ਕਰ ਸਕਦੇ ਨੇ। ਅਕਾਲੀ ਦਲ ਦੇ ਬੁਰੇ ਦਿਨ ਸੂਬੇ ਵਿਚ ਕਰੀਬ 25 ਸਾਲ ਸਰਕਾਰਾਂ ਚਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਿਤਾਰੇ ਇਸ ਸਮੇਂ ਪੂਰੀ ਤਰ੍ਹਾਂ ਗਰਦਿਸ਼ ਵਿਚ ਚਲ ਰਹੇ ਨੇ। ਲਗਾਤਾਰ 5 ਸ਼ਰਮਨਾਕ ਹਾਰਾਂ ਕਾਰਨ ਇਸ ਨੂੰ ਸੱਤਾ ਦੀ ਦੌੜ ਵਿਚੋਂ ਬਾਹਰ ਸਮਝਿਆ ਜਾ ਰਿਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਜਥੇਦਾਰਾਂ ਨੂੰ ਤਲਬ ਕਰਕੇ ਰਾਮ ਰਹੀਮ ਨੂੰ ਮੁਆਫ਼ੀ ਮਾਮਲਿਆਂ ਦੇ ਦੋਸ਼ਾਂ ਵਿਚ ਘਿਰਨ ਨਾਲ ਅਕਾਲੀ ਦਲ ਤੋਂ ਖੁੱਸਿਆ ਪੰਥਕ ਆਧਾਰ ਅਜੇ ਬਹਾਲ ਨਹੀਂ ਹੋਇਆ। ਇਸੇ ਤਰ੍ਹਾਂ ਕੇਂਦਰ ਦੇ ਕਿਸਾਨ ਵਰੋਧੀ ਕਨੂੰਨਾਂ ਦੀ ਹਮਾਇਤ ਕਰਨ ਨਾਲ ਕਿਸਾਨੀ ਵੋਟ ਬੈਂਕ ਵੀ ਟੁੱਟ ਚੁੱਕਾ ਹੈ। 25 ਸਾਲ ਚਲੇ ਗਠਜੋੜ ਵਿਚ ਰਹਿ ਕੇ ਸੱਤਾ ਹੰਡਾਉਣ ਵਾਲੀ ਬੀਜੇਪੀ ਵੀ ਇਸ ਤੋਂ ਦੂਰ ਭੱਜ ਰਹੀ ਹੈ। ਪਰ ਮੌਜੂਦਾ ਸਥਿਤੀ ਵਿਚ ਅਕਾਲੀ ਲੀਡਰ ਬੀਜੇਪੀ ਨਾਲ ਗਠਜੋੜ ਲਈ ਤਰਲੋਮਛੀ ਹੁੰਦੇ ਦਿਸਦੇ ਨੇ। ਅਕਾਲੀ ਦਲ ਦੇ ਕਈ ਨਾਰਾਜ਼ ਲੀਡਰ ਬੀਤੇ ਦਿਨੀਂ ਬੀਜੇਪੀ ਵਿਚ ਸ਼ਾਮਿਲ ਹੋਏ ਨੇ। ਸੁਖਬੀਰ ਬਾਦਲ ਵੱਲੋਂ ਹਰਬੋਬਿੰਦ ਕੌਰ ਨੂੰ ਸੂਬਾ ਮਹਿਲਾ ਪ੍ਰਧਾਨ ਬਣਾਉਣ ਤੇ ਸਾਰੀਆਂ ਟਕਸਾਲੀ ਮਹਿਲਾ ਲੀਡਰ ਅਹੁਦੇ ਤਿਆਗ ਕੇ ਘਰ ਬੈਠੀਆਂ ਨੇ। ਅਕਾਲੀ ਸਫਾਂ ਵਿਚ ਚਰਚਾ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਪਿੱਛੋਂ ਹੁਣ ਸੁਖਬੀਰ ਬਾਦਲ ਵਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਗੈਰ ਪਾਰਟੀ ਦੀ ਮੁੜ ਸੁਰਜੀਤੀ ਸੰਭਵ ਨਹੀਂ, ਫਿਰ ਵੀ ਖੁੱਲਕੇ ਸਾਹਮਣੇ ਆਉਣ ਤੋਂ ਸਾਰੇ ਡਰਦੇ ਨੇ। ਬਦਲੀਆਂ ਦਾ ਚਲੇਗਾ ਦੌਰ ਇਸ ਸਮੇਂ ਸੂਬੇ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਵਿੱਚ ਕਾਫ਼ੀ ਬੇਚੈਨੀ ਦਿਖਦੀ ਹੈ। ਰਾਜਨੀਤੀ ਪੂਰੀ ਤਰ੍ਹਾਂ ਅਸੂਲ ਅਤੇ ਵਿਚਾਰਧਾਰਾ ਰਹਿਤ ਦਿਖਾਈ ਦਿੰਦੀ ਹੈ। ਹਰ ਲੀਡਰ ਰਾਜਨੀਤੀ ਵਿਚ ਨਿੱਜੀ ਹਿੱਤ ਨੂੰ ਪਹਿਲ ਦੇ ਰਿਹੈ। ਸੱਤਾਧਾਰੀ ‘ਆਪ’ ਅਤੇ ਬੀਜੇਪੀ ਪਾਸ ਜ਼ਮੀਨੀ ਪਧਰ ਤੇ ਚੋਣ ਲੜਨ ਵਾਲੇ ਆਗੂਆਂ ਦੀ ਵੀ ਘਾਟ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵਿੱਚ ਨਿੱਜੀ ਦੀ ਲੀਡਰਸ਼ਿਪ ਨਾਲ ਕਾਫੀ ਨਾਰਾਜ਼ਗੀ ਚੱਲ ਰਹੀ ਹੈ। ਅਜਿਹੇ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਰਾਹੇ ਪਈ ਰਾਜਨੀਤੀ ਦੇ ਚਲਦੇ ਸੂਬੇ ਵਿਚ ਵੱਡੇ ਪੱਧਰ ਤੇ ਦਲੱਦਲੀਆਂ ਦਾ ਦੌਰ ਚੱਲਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਦਰਸ਼ਨ ਸਿੰਘ ਸ਼ੰਕਰ ਜਿਲ੍ਹਾ ਲੋਕ ਸੰਪਰਕ ਅਫ਼ਸਰ (ਰਿਟਾ.)

Leave a Reply

Your email address will not be published. Required fields are marked *