ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ

Ludhiana Punjabi

DMT : ਲੁਧਿਆਣਾ : (10 ਅਗਸਤ 2023) : – ਪਹਿਲੀ ਵਾਰ ਡਾਃ ਆਤਮ ਹਮਰਾਹੀ ਜੀ ਦੇ ਮੂੰਹੋਂ ਬਾਬੂ ਰਜਬ ਅਲੀ ਜੀ ਦਾ ਨਾਮ ਸੁਣਿਆ ਸੀ। ਉਨ੍ਹਾਂ ਰਾਹੀ ਹੀ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਃ ਮ ਸ ਰੰਧਾਵਾ ਸਨਮੁਖ ਬਾਬੂ ਰਜਬ ਅਲੀ ਜੀ ਦੇ ਸ਼ਾਗਿਰਦ ਗੁਰਦੇਵ ਸਿੰਘ ਸਾਹੋਕੇ ਤੇ ਸਾਥੀਆਂ ਨੇ ਉਨ੍ਹਾਂ ਦਾ ਕਲਾਮ ਕਵੀਸ਼ਰੀ ਸਰੂਪ ਵਿੱਚ ਸੁਣਾਇਆ ਸੀ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸੇ ਜਥੇ ਨੂੰ ਡਾਃ ਆਤਮ ਹਮਰਾਹੀ ਰਾਹੀਂ ਅੰਮ੍ਰਿਤਸਰ ਵਿਖੇ ਬੁਲਾ ਕੇ ਸਰੋਤਿਆ ਸਨਮੁਖ ਪੇਸ਼ ਕੀਤਾ। ਡਾਃ ਰੁਲੀਆ ਸਿੰਘ ਸਿੱਧੂ ਨੇ ਬਾਬੂ ਰਜਬ ਅਲੀ ਤੇ ਪਹਿਲੀ ਪੀ ਐੱਚ ਡੀ ਕਰਕੇ ਇਤਿਹਾਸ ਰਚਿਆ। ਹੁਣ ਅਨੇਕਾਂ ਲੋਕ ਪੀ ਐੱਚ ਡੀ ਤੇ ਐੱਮ ਫਿੱਲ ਦੀ ਡਿਗਰੀ ਕਰ ਚੁਕੇ ਹਨ।

ਬਾਬੂ ਰਜਬ ਅਲੀ ਜੋ ਬਾਬੂ ਜੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਅਤੇ ਖ਼ਾਸ ਕਰ ਮਾਲਵੇ ਦੇ ਇੱਕ ਉੱਘੇ ਕਵੀਸ਼ਰ ਸਨ। ਉਹਨਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ।
ਬਾਬੂ ਰਜਬ ਅਲੀ ਜੀ ਦਾ ਜਨਮ ਦਾ ਨਾਮ
ਰਜਬ ਅਲੀ ਖ਼ਾਨ
ਸੀ ਪਰ ਉਹ ਪੂਰੀ ਉਮਰ ਬਾਬੂ ਰਜਬ ਅਲੀ ਦੇ ਨਾਮ ਨਾਲ ਜਾਣੇ ਜਾਂਦੇ ਰਹੇ।

10 ਅਗਸਤ 1894 ਨੂੰ
ਸਾਹੋਕੇ, ਜ਼ਿਲਾ ਫ਼ਿਰੋਜ਼ਪੁਰ (ਹੁਣ, ਜ਼ਿਲਾ ਮੋਗਾ) ਵਿੱਚ ਜਨਮੇ ਬਾਬੂ ਰਜਬ ਅਲੀ ਮਈ 6, 1979 ਨੂੰ 84ਸਾਲ ਦੀ  ਉਮਰ ਭੋਗ ਕੇ ਸਾਨੂੰ ਸਦਾ ਲਈ ਛੱਡ ਗਏ।
ਪਿਤਾ ਧਮਾਲੀ ਖ਼ਾਨ ਦੇ ਘਰ ਮਾਂ ਜੀਉਣੀ ਦੀ ਕੁੱਖੋਂ ਬਰਤਾਨਵੀ ਪੰਜਾਬ ਦੇ ਜ਼ਿਲਾ ਫ਼ਿਰੋਜ਼ਪੁਰ (ਹੁਣ ਮੋਗਾ) ਦੇ ਪਿੰਡ ਸਾਹੋਕੇ ਵਿਖੇ ਜਨਮੇ ਬਾਬੂ ਜੀ ਦੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ ਸੀ। ਉਸ ਦੇ ਚਾਚਾ ਹਾਜੀ ਰਤਨ ਵੀ ਕਵੀਸ਼ਰ ਸਨ।
ਉਹਨਾਂ ਨੇ ਨੇੜਲੇ ਪਿੰਡ ਬੰਬੀਹਾ ਭਾਈ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਫਿਰ 1912 ਵਿੱਚ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਤੋਂ ਦਸਵੀਂ ਪਾਸ ਕੀਤੀ।
ਉਹ ਚੰਗੇ ਅਥਲੀਟ ਅਤੇ ਫ਼ੁੱਟਬਾਲ ਖਿਡਾਰੀ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸਨ। ਬਾਅਦ ਗੁਜਰਾਤ (ਹੁਣ ਪਾਕਿਸਤਾਨ)ਜ਼ਿਲੇ ਦੇ ਰਸੂਲ ਇੰਜਨੀਰਿੰਗ ਸਕੂਲ ਤੋਂ ਸਿਵਲ ਇੰਜਨੀਅਰਿੰਗ ਪਾਸ ਕੀਤੀ ਜਿਸ ਨੂੰ ਉਸ ਵੇਲ਼ੇ ਪੰਜਾਬ ਵਿੱਚ  ਓਵਰਸੀਅਰੀ ਕਿਹਾ ਜਾਂਦਾ ਸੀ। ਆਪ ਨੇ ਪੰਜਾਬ ਦੇ ਸਿੰਚਾਈ ਮਹਿਕਮੇ ਵਿੱਚ ਸਾਰੀ ਉਮਰ ਓਵਰਸੀਅਰ ਦੀ ਨੌਕਰੀ ਕੀਤੀ। ਲੰਮਾ ਸਮਾਂ ਉਹ ਅਖਾੜਾ(ਜਗਰਾਉਂ) ਵਿਖੇ ਵੀ ਨੌਕਰੀ ਕਰਦੇ ਰਹੇ।
ਜਗਰਾਉਂ ਦੀ ਵਰਤਮਾਨ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਹ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਗਪਗ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਖਾੜਾ ਪੁਲ ਦਾ ਨਾਮ ਬਾਬੂ ਰਜਬ ਅਲੀ ਦੇ ਨਾਮ ਕਰਨ ਦੀ ਬੇਨਤੀ ਕੀਤੀ ਹੋਈ ਹੈ। ਰੱਬ ਕਰੇ, ਇਹ ਬੇਨਤੀ ਪਰਵਾਨ ਹੋਵੇ।

ਬਾਬੂ ਰਜਬ ਅਲੀ ਜੀ ਦੇ ਚਾਰ ਵਿਆਹ, ਦੌਲਤ ਬੀਬੀ, ਭਾਗੋ ਬੇਗਮ, ਰਹਿਮਤ ਬੀਬੀ ਅਤੇ ਫ਼ਾਤਿਮਾ ਨਾਲ਼ ਹੋਏ ਅਤੇ ਇਹਨਾਂ ਦੇ ਘਰ ਚਾਰ ਪੁੱਤਰ, ਅਦਾਲਤ ਖ਼ਾਨ, ਅਲੀ ਸਰਦਾਰ, ਸ਼ਮਸ਼ੇਰ ਖ਼ਾਨ ਅਤੇ ਅਕਾਲ ਖ਼ਾਨ ਅਤੇ ਦੋ ਧੀਆਂ, ਸ਼ਮਸ਼ਾਦ ਬੇਗਮ ਅਤੇ ਗੁਲਜ਼ਾਰ ਬੇਗਮ ਨੇ ਜਨਮ ਲਿਆ।

ਬਾਬੂ ਜੀ ਆਪਣੀ ਪਹਿਲੀ ਕਵਿਤਾ, ਹੀਰ ਬਾਬੂ ਰਜਬ ਅਲੀ, ਨਾਲ਼ ਕਵੀਸ਼ਰੀ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ 1940 ਵਿੱਚ ਆਪਣੀ ਸਿਰਜਣਾ  ਨਾਲ਼ ਸਮਝੌਤਾ ਨਾ ਕਰਦੇ ਹੋਏ ਨੌਕਰੀ ਛੱਡ ਦਿੱਤੀ।

ਬਾਬੂ ਜੀ ਪੰਜਾਬੀ ਅਤੇ ਉਰਦੂ ਅਤੇ ਕੁਝ ਕੁ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਵੀ ਜਾਣਦੇ ਸਨ ਪਰ ਉਹਨਾਂ ਦੀ ਕਵਿਤਾ ਦਾ ਸਿਰਫ਼ ਪੰਜਾਬੀ ਵਿੱਚ ਹੋਣਾ ਪੰਜਾਬ ਅਤੇ ਪੰਜਾਬੀ ਪ੍ਰਤੀ ਉਹਨਾਂ ਦੇ ਪਿਆਰ ਨੂੰ ਜ਼ਾਹਰ ਕਰਦਾ ਹੈ।
ਉਹਨਾਂ ਨੇ ਤਕਰੀਬਨ ਇੱਕ ਦਰਜਨ ਕਿੱਸੇ ਅਤੇ ਕਵਿਤਾਵਾਂ ਦੀਆਂ ਕਈ ਪੁਸਤਕਾਂ ਲਿਖੀਆਂ।
ਮੁੱਖ ਤੌਰ ’ਤੇ ਉਹਨਾਂ ਹਿੰਦੂ ਮਿਥਿਹਾਸ ਜਿਵੇਂ ਕਿ ਰਮਾਇਣ, ਪੂਰਨ ਭਗਤ ਅਤੇ ਕੌਲਾਂ, ਇਸਲਾਮੀ ਪੈਗੰਬਰ ਅਤੇ ਲੋਕ-ਨਾਇਕਾਂ ਜਿਵੇਂ ਕਿ ਮੁਹੰਮਦ ਸਾਹਿਬ, ਹਸਨ ਹੁਸੈਨ, ਦਹੂਦ ਬਾਦਸ਼ਾਹ ਅਤੇ ਸਿੱਖ ਇਤਿਹਾਸ ਅਤੇ ਨਾਇਕਾਂ ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ, ਸਾਕਾ ਸਰਹਿੰਦ, ਸਾਕਾ ਚਮਕੌਰ, ਬਿਧੀ ਚੰਦ, ਭਗਤ ਸਿੰਘ ਅਤੇ ਦੁੱਲਾ ਭੱਟੀ ਆਦਿ ਬਾਰੇ ਕਵਿਤਾਵਾਂ ਅਤੇ ਕਿੱਸੇ ਲਿਖੇ ਅਤੇ ਗਾਏ। ਇਸ ਤੋਂ ਬਿਨਾਂ ਉਹਨਾਂ ਨੇ ਪੰਜਾਬ ਦੀ ਤਕਰੀਬਨ ਹਰ ਪ੍ਰੀਤ-ਕਹਾਣੀ ਬਾਰੇ ਕਵਿਤਾਵਾਂ ਲਿਖੀਆ ਜਿੰਨ੍ਹਾਂ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ ਅਤੇ ਮਿਰਜ਼ਾ ਸਾਹਿਬਾਂ ਦੇ ਨਾਂ ਸ਼ਾਮਲ ਹਨ।

ਉਹਨਾਂ ਨੇ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਰਚੇ।ਅੱਜ ਵੀ ਪੰਜਾਬ ਦੇ ਬਹੁਤ ਕਵੀਸ਼ਰ ਅਤੇ ਉਹਨਾਂ ਦੇ ਵਿਦਿਆਰਥੀ ਉਹਨਾਂ ਦੀਆਂ ਲਿਖਤਾਂ ਨੂੰ ਹੀ ਗਾਉਂਦੇ ਹਨ
ਕਵੀਸ਼ਰ ਸੁਖਵਿੰਦਰ ਸਿੰਘ (ਪੱਕਾ ਕਲਾਂ) ਬਠਿੰਡਾ ਨੇ ਉਹਨਾਂ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਸੰਗਮ ਪਬਲੀਕੇਸ਼ਨਜ਼, ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਹਨ। ਇਨ੍ਰਾਂ ਵਿੱਚੋਂ ਇੱਕ ਪੁਸਤਕ ਦਾ ਮੁੱਖ ਬੰਦ ਲਿਖਣ ਦਾ ਮੈਨੂੰ ਵੀ ਮਾਣ ਮਿਲਿਆ ਸੀ। ਉਨ੍ਹਾ ਦੀਆਂ ਚੋਣਵੀਆਂ ਕਿਤਾਬਾਂ ਹਨ
ਅਲਬੇਲਾ ਰਜਬ ਅਲੀ,ਅਨਮੋਲ ਰਜਬ ਅਲੀ,ਅਣਖੀਲਾ ਰਜਬ ਅਲੀ
ਰੰਗੀਲਾ ਰਜਬ ਅਲੀ,ਅਨੋਖਾ ਰਜਬ ਅਲੀ,ਦਸਮੇਸ਼ ਮਹਿਮਾ ਤੇ ਬਾਬੂ ਰਜਬ ਅਲੀ ਦੇ ਕਿੱਸੇ।
ਇਸ ਵਿੱਚ ਬਹੁਤੀ ਜਾਣਕਾਰੀ ਵਿਕੀਪੀਡੀਆ ਚੋਂ ਲੈ ਕੇ ਵਰਤ ਰਿਹਾਂ।
ਉਨ੍ਹਾਂ ਦੀ ਪੋਤਰੀ ਰੇਹਾਨਾ ਰਜਬ ਅਲੀ ਸਾਹੀਵਾਲ ਰਹਿੰਦੀ ਹੈ। ਪਿਛਲੇ ਸਾਲ ਲਾਹੌਰ ਵਿੱਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ  ਮੈਨੂੰ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਲਾਹੌਰ ਉਚੇਚਾ ਮਿਲਣ ਆਈ। ਏਧਰਲੇ ਪੰਜਾਬ ਦੀ ਧੀ ਮੰਨ ਕੇ ਉਸ ਨੂੰ ਅਸਾਂ ਸਾਰਿਆਂ ਰਲ਼ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਦਾ ਸ਼ਗਨ ਦਿੱਤਾ।
ਪਾਕਿਸਤਾਨ ਵਿੱਚ ਅਜੇ ਤੀਕ ਵੀ ਬਹੁਤੇ ਲੋਕ ਬਾਬੂ ਰਜਬ ਅਲੀ ਦੀ ਅਦਬੀ ਹਸਤੀ ਤੋਂ ਨਾ ਵਾਕਿਫ਼ ਹਨ। ਹੁਣ ਅਸਾਂ ਕੋਸ਼ਿਸ਼ ਆਰੰਭੀ ਹੈ। ਆਸਿਫ਼ ਰਜ਼ਾ ਨੇ ਉਨ੍ਹਾਂ ਦਾ ਕਾਫ਼ੀ ਕਲਾਮ ਸ਼ਾਹਮੁਖੀ ਚ ਕਰ ਦਿੱਤਾ ਹੈ। ਮੁਨੀਰ ਹੋਸ਼ਿਆਰਪੁਰੀਆ ਨੇ ਵੀ ਕਿੱਸਾ ਹੀਰ ਰਾਂਝਾ ਸ਼ਾਹਮੁਖੀ ਚ ਤਿਆਰ ਕਰ ਲਿਐ। ਨੇੜ ਭਵਿੱਖ ਚ ਗੱਲ ਅੱਗੇ ਤੁਰੇਗੀ ਲਾਜ਼ਮੀ।

ਗੁਰਭਜਨ ਗਿੱਲ

Leave a Reply

Your email address will not be published. Required fields are marked *