ਮੇਲੇ ਦੌਰਾਨ ਉੱਘੇ ਕਲਾਕਾਰਾਂ ਵਲੋਂ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ – ਵਧੀਕ ਡਿਪਟੀ ਕਮਿਸ਼ਨਰ

Ludhiana Punjabi

DMT : ਲੁਧਿਆਣਾ : (16 ਅਕਤੂਬਰ 2023) : –

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ ਹੇਠ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ ਸ. ਰੁਪਿੰਦਰ ਪਾਲ ਸਿੰਘ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 27 ਅਕਤੂਬਰ ਤੋਂ 5 ਨਵੰਬਰ, 2023 ਤੱਕ ਆਯੋਜਿਤ ਕੀਤੇ ਜਾ ਰਹੇ ਸਾਰਸ (ਸੇਲਜ ਆਫ ਆਰਟੀਕਲਜ਼ ਆਫ ਰੂਰਲ ਆਰਟੀਸਨਜ਼ ਸੋਸਾਇਟੀ) ਮੇਲੇ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪਰਸਾਰਣ ਦਾ ਸੱਦਾ ਦਿੰਦਿਆਂ ਮੀਡੀਆ ਦੇ ਰੂਬਰੂ ਹੋਏ।

ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਮੇਲਾ ਅਫ਼ਸਰ ਸ੍ਰੀ ਨਵਨੀਤ ਜੋਸ਼ੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਅਮ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਬੱਚਤ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਵੱਖ-ਵੱਖ 20 ਰਾਜਾਂ ਦੇ ਸੈਂਕੜੇ ਕਾਰੀਗਰ ਅਤੇ ਕਲਾਕਾਰ ਸਾਰਸ ਮੇਲੇ ਵਿੱਚ ਹਿੱਸਾ ਲੈਣਗੇ। ਲੁਧਿਆਣਾ ਸ਼ਹਿਰ ਵਿੱਚ ਹੋਣ ਜਾ ਰਹੇ ਤੀਸਰੇ ਮੈਗਾ ਸਮਾਗਮ ਮੌਕੇ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਪਣੇ ਸਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕਰਨਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਕਵੀ ਦਰਬਾਰ ਤੋਂ ਹੋਵੇਗੀ ਜਿਸਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਸ. ਸੁਰਜੀਤ ਪਾਤਰ ਕਰਨਗੇ ਅਤੇ ਉੱਘੇ ਵਿਦਵਾਨ ਅਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। 10 ਦਿਨਾਂ ਮੇਲੇ ਦੌਰਾਨ ਗੀਤ-ਸੰਗੀਤ ਦੀ ਦੁਨੀਆ ਦੇ ਚਮਕਦੇ ਸਿਤਾਰੇ ਆਪਣੇ ਗੀਤਾਂ ਨਾਲ ਮੇਲੇ ਨੂੰ ਚਾਰ ਚੰਨ ਲਾਉਣਗੇ।

ਉਨ੍ਹਾ ਦੱਸਿਆ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਉੱਚ ਪੱਧਰੀ ਮੇਲੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਪਣੀ-ਆਪਣੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਾਈਟ ਯੋਜਨਾਬੰਦੀ, ਸੁਰੱਖਿਆ, ਸਟਾਲ, ਟ੍ਰੈਫਿਕ ਅਤੇ ਪਾਰਕਿੰਗ, ਸਿਹਤ, ਪ੍ਰਾਹੁਣਚਾਰੀ, ਆਵਾਜਾਈ, ਫਾਇਰ ਬ੍ਰਿਗੇਡ, ਸਭਿਆਚਾਰਕ, ਕਲਾਕਾਰ, ਸਵਾਗਤ, ਤਾਲਮੇਲ, ਆਈ.ਟੀ. ਵਿੰਗ, ਪ੍ਰਚਾਰ, ਸ਼ਿਕਾਇਤ, ਟਾਇਲਟ, ਪਾਣੀ ਅਤੇ ਸੈਨੀਟੇਸ਼ਨ, ਰਹਿਣ ਦੀ ਸਹੂਲਤ, ਫਸਟ ਏਡ, ਸਜਾਵਟ, ਵੀ.ਵੀ.ਆਈ.ਪੀ., ਬਿਜਲੀ ਆਦਿ ਸ਼ਾਮਲ ਹਨ।

ਡਿਊਟੀ ਪਾਸ, ਕੰਟਰੋਲ ਰੂਮ, ਰਿਫਰੈਸ਼ਮੈਂਟ, ਸਜਾਵਟ, ਝੂਲੇ ਦੀ ਸੁਰੱਖਿਆ, ਅਨੁਸ਼ਾਸਨੀ, ਰਜਿਸਟ੍ਰੇਸ਼ਨ ਕਮੇਟੀਆਂ ਦਾ ਮੁਖੀ ਨਿਯੁਕਤ ਕਰਨ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ।

Leave a Reply

Your email address will not be published. Required fields are marked *