“ਰੱਤੀਆ ਰਹਿਤਵਾਨ ਸਿੱਖ: ਇੱਕ ਅਧਿਐਨ’ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ ਤੇ ਵਿਚਾਰ ਚਰਚਾ

Ludhiana Punjabi

DMT : ਲੁਧਿਆਣਾ : (12 ਅਗਸਤ 2023) : – ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ  ਪ੍ਰਿੰਸੀਪਲ ਡਾਃ ਪਰਮਜੀਤ ਕੌਰ ਦੀ ਲਿਖੀ ਪੁਸਤਕ “ਰੱਤੀਆ ਰਹਿਤਵਾਨ ਸਿੱਖ: ਇੱਕ ਅਧਿਐਨ’ ਨੂੰ ਲੁਧਿਆਣਾ ਵਿੱਚ ਲੋਕ ਅਰਪਣ ਕੀਤਾ। ਪੁਸਤਕ ਦੀ ਪੜ੍ਹਤ ਉਪਰੰਤ ਗੰਭੀਰ ਵਿਚਾਰ ਚਰਚਾ ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ (ਮਾਛੀਵਾੜਾ), ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਗੁਰਭਗਤ ਸਿੰਘ ਗਿੱਲ ਸ੍ਰੀ ਭੈਣੀ ਸਾਹਿਬ, ਪ੍ਰੋ. ਜਸਵੀਰ ਸਿੰਘ ਸ਼ਾਇਰ ਨੇ
 ਵਿਚਾਰ ਚਰਚਾ ਵਿੱਚ ਭਾਗ ਲਿਆ।
  ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਚਾਰ ਕਰਦਿਆਂ ਕਿਹਾ ਕਿ ਇਹ ਸਲਾਹੁਣਯੋਗ ਖੋਜ ਕਾਰਜ ਹੈ ਜਿਸ ਦੀ ਪੜ੍ਹਤ ਉਪਰੰਤ ਇਹ ਕਹਿਣਾ ਉਚਿਤ ਜਾਪਦਾ ਹੈ ਕਿ ਡਾ. ਪਰਮਜੀਤ ਕੌਰ ਨੇ ‘ਗੁਰੂ ਸਾਹਿਬਾਨ ਦੇ ਰੰਗ ਵਿੱਚ ਰੱਤੇ ਰਹਿਤਵਾਨ ਸਿੱਖਾਂ’ ਦੀ ਇਤਿਹਾਸਕ ਵਾਰਤਾ ਸੁਖੈਨ ਭਾਸ਼ਾ ਵਿੱਚ ਸਾਨੂੰ ਸੁਣਾਈ  ਹੈ। ਇਸ ਵਿੱਚ ਵਿਸ਼ੇਸ਼ ਬਰਾਦਰੀ “ਰੱਤੀਆ “ਤਥਾ ਰਹਿਤ ਮਰਿਆਦਾ ਵਿੱਚ ਰਹਿ ਕੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਬਾਬਾ ਗੋਦੜੀਆ ਸਿੰਘ ਤੇ ਉਨ੍ਹਾਂ ਦੇ ਜਥੇ  ਦਾ ਵਿਹਾਰਕ ਜੀਵਨ ਕਲਮ ਬੱਧ ਕੀਤਾ ਹੈ। ਅਜਿਹੀ ਖੋਜ ਕਿਸੇ ਵੀ ਨਿਵੇਕਲੇ ਖੇਤਰ ਬਾਰੇ ਮਹੱਤਵਪੂਰਨ ਤਾਂ ਹੈ ਹੀ ਖੋਜ ਆਧਾਰਤ ਸਿੱਖ ਸਾਹਿਤ ਵਿੱਚ ਵੀ ਸ਼ੁਭ ਕਦਮ ਹੈ।
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਅੰਗਰੇਜ਼ੀ ਵਿਸ਼ੇ ਦੇ ਪ੍ਰੋਫ਼ੈਸਰ ਹੋਣ ਉਪਰੰਤ ਵੀ ਡਾ. ਪਰਮਜੀਤ ਕੌਰ ਹੁਰਾਂ ਨੇ ਆਪਣੀ ਬਰਾਦਰੀ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਲਿਖ ਕੇ ਪੁੰਨ ਖੱਟਿਆ ਹੈ ਕਿਉਂ ਜੋ ਪੰਜਾਬੀ ਰਹਿਤਲ ਦਾ ਅਸਲ ਬਿਰਤਾਂਤ ਠੇਠ ਪੰਜਾਬੀ ਭਾਸ਼ਾ ਵਿੱਚ ਹੀ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਡਾ. ਪਰਮਜੀਤ ਕੌਰ ਦੇ ਬਿਆਨ ਢੰਗ ਦੀ ਵੀ ਤਾਰੀਫ਼ ਕੀਤੀ।
  ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਿੱਖ ਇਤਿਹਾਸ ਬੜਾ ਅਮੀਰ ਵਿਰਸਾ ਹੈ ਜਿੱਥੇ ਗੁਰੂ ਮਰਿਆਦਾ ਵਿੱਚ ਰਹਿ ਕੇ ਅਨੇਕਾਂ ਸੂਰਬੀਰਾਂ ਯੋਧਿਆਂ ਨੇ ਆਪਣੇ ਜੀਵਨ ਕੁਰਬਾਨ ਕੀਤਾ ਤੇ ਰੂਹਾਨੀ ਸਫ਼ਰ ਤਹਿ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਵਾਰਤਕ ਆਪਣੇ ਨਵੇਂ ਆਯਾਮ ਸਿਰਜ ਰਹੀ ਹੈ। ਜਿਸ ਰਾਹੀਂ ਸਾਦ ਮੁਰਾਦੀ ਜ਼ਿੰਦਗੀ ਨੂੰ ਬੜੀ ਹੀ ਅਕੀਦਤ ਭਰੀ ਭਾਵਨਾ ਨਾਲ਼ ਉਸਾਰਿਆ ਜਾ ਰਿਹਾ ਹੈ। ਡਾ. ਪਰਮਜੀਤ ਕੌਰ ਦੀ ਹੱਥਲੀ ਪੁਸਤਕ ਨਿੱਜ ਤੋਂ ਪਰ ਤੱਕ ਦੇ ਬਿਰਤਾਂਤ ਦੀ ਵਿਲੱਖਣ ਪਹੁੰਚ ਕਹੀ ਜਾ ਸਕਦੀ ਹੈ। ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਦੇ ਪ੍ਰਧਾਨ ਪ੍ਰੋ. ਜਸਵੀਰ ਸਿੰਘ ‘ਸ਼ਾਇਰ’ ਨੇ ਕਿਹਾ ਕਿ ‘ਰੱਤੀਆ ਰਹਿਤਵਾਨ ਸਿੱਖ:ਇੱਕ ਅਧਿਐਨ’ ਰਾਹੀਂ ਡਾ. ਪਰਮਜੀਤ ਕੌਰ ਹੁਰਾਂ ਰੱਤੀਆ/ ਰਹਿਤਵਾਨ ਬਰਾਦਰੀ ਦੇ ਮਹਾਨ ਨਾਇਕ ਦੀ ਘੋਖ ਦਾ ਨੇਕ ਕਾਰਜ ਕੀਤਾ ਹੈ। ਨਵੀਂ ਪੀੜ੍ਹੀ ਲਈ ਉਨ੍ਹਾ ਮੁੱਲਵਾਨ ਪੁਸਤਕ ਦੀ ਸਿਰਜਣਾ ਕਰਕੇ ਬੜਾ ਮਾਣ ਮੱਤਾ ਕਾਰਜ ਕੀਤਾ ਹੈ।

Leave a Reply

Your email address will not be published. Required fields are marked *