ਲੁਧਿਆਣਾ ਨੂੰ ਤੀਜੇ ਪੜਾਅ ‘ਚ 24 ਨਵੇਂ ਆਮ ਆਦਮੀ ਕਲੀਨਿਕ ਮਿਲੇ, ਕੁੱਲ ਸੰਖਿਆ 75 ਤੱਕ ਪਹੁੰਚੀ

Ludhiana Punjabi
  • ਵਿਧਾਇਕ ਪੱਪੀ ਪਰਾਸ਼ਰ ਅਤੇ ਡਿਪਟੀ ਕਮਿਸ਼ਨਰ ਵਲੋਂ ਕਿਲਾ ਮੁਹੱਲਾ ‘ਚ ਆਮ ਆਦਮੀ ਕਲੀਨਿਕ ਦਾ ਉਦਘਾਟਨ
  • ਕਿਹਾ! ਨਵੇਂ ਕਲੀਨਿਕ ਜ਼ਿਲ੍ਹੇ ‘ਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣਗੇ
  • ਵਿਧਾਇਕਾਂ ਨੇਂ ਆਪੋ-ਆਪਣੇ ਹਲਕਿਆਂ ‘ਚ ਨਵੇਂ ਕਲੀਨਿਕ ਕੀਤੇ ਸਮਰਪਿਤ

DMT : ਲੁਧਿਆਣਾ : (14 ਅਗਸਤ 2023) : – ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਲਈ ਲੁਧਿਆਣਾ ਜ਼ਿਲ੍ਹੇ ਵਿੱਚ ਤੀਜੇ ਪੜਾਅ ਵਿੱਚ 24 ਨਵੇਂ ਆਮ ਆਦਮੀ ਕਲੀਨਿਕਾਂ ਨੂੰ ਸਮਰਪਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਪ੍ਰੋਜੈਕਟ ਨੂੰ ਵਰਚੂਅਲੀ ਲੋਕ ਅਰਪਣ ਕਰਨ ਦੇ ਨਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕਿਲਾ ਮੁਹੱਲਾ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਨੂੰ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਸਬੰਧ ਵਿੱਚ ਇੱਕ ਗੇਮ ਚੇਂਜਰ ਪ੍ਰੋਜੈਕਟ ਕਰਾਰ ਦਿੰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲੀਨਿਕ ਮੌਜੂਦਾ ਕਲੀਨਿਕਾਂ ਨੂੰ ਹੋਰ ਮਜ਼ਬੂਤ ਕਰਨਗੇ ਕਿਉਂਕਿ ਜ਼ਿਲ੍ਹੇ ਵਿੱਚ ਆਮ ਆਦਮੀ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 75 ਤੱਕ ਪਹੁੰਚ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੇਜ਼-1 ਦੌਰਾਨ ਲੁਧਿਆਣਾ ਵਿੱਚ ਕੁੱਲ 9 ਕਲੀਨਿਕ ਖੋਲ੍ਹੇ ਗਏ ਸਨ ਜਦਕਿ ਫੇਜ਼-2 ਦੌਰਾਨ 42 ਨਵੇਂ ਕਲੀਨਿਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਹੁਣ ਫੇਜ਼-3 ਤਹਿਤ ਅੱਜ 24 ਨਵੇਂ ਕਲੀਨਿਕ ਸਮਰਪਿਤ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਕਲੀਨਿਕ ਮਰੀਜ਼ਾਂ ਨੂੰ ਲਗਭਗ 38 ਡਾਇਗਨੌਸਟਿਕ ਲੈਬ ਟੈਸਟ ਪ੍ਰਦਾਨ ਕਰ ਰਹੇ ਹਨ ਜੋ ਕਿ ਬਿਲਕੁਲ ਹੀ ਮੁਫਤ ਹਨ, ਜਦਕਿ 80 ਦੇ ਕਰੀਬ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਵੀ ਮਰੀਜਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਘਰ-ਘਰ ਜਾ ਕੇ ਮੁਫਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਕਿਲਾ ਮੁਹੱਲਾ ਵਿੱਚ ਸਥਿਤ ਇਹ ਕਲੀਨਿਕ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਹ ਇਸ ਇਲਾਕੇ ਦੀ ਸਮੁੱਚੀ ਆਬਾਦੀ ਦੀਆਂ ਸਿਹਤ ਸੇਵਾਵਾਂ ਦੀਆਂ ਲੋੜਾਂ ਪੂਰੀਆਂ ਕਰੇਗਾ, ਜਿਸ ਵਿੱਚ ਮੁਫਤ ਓਪੀਡੀ, ਲੈਬ ਟੈਸਟਿੰਗ ਅਤੇ ਦਵਾਈਆਂ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।। ਇਸ ਦੌਰਾਨ ਵਸਨੀਕਾਂ ਨੇ ਵੀ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀ ਯਕੀਨੀ ਬਣਾਇਆ ਜਾਵੇਗਾ।

ਵਿਧਾਇਕਾਂ ਵਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕੇ ਵਿੱਚ ਨਵੇਂ ਕਲੀਨਿਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਬਾ ਪੱਧਰੀ ਉਦਘਾਟਨੀ ਸਮਾਗਮ ਦੀ ਲਾਈਵ ਸਟ੍ਰੀਮਿੰਗ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਸ਼ਿਮਲਾਪੁਰੀ, ਗਿਆਸਪੁਰਾ, ਸ਼ੇਰਪੁਰ ਅਤੇ ਵਾਰਡ ਨੰਬਰ 22 ਵਿਖੇ ਸਥਿਤ ਆਮ ਆਦਮੀ ਕਲੀਨਿਕਾਂ ਨੂੰ ਸਮਰਪਿਤ ਕੀਤਾ ਜਦਕਿ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਵਿਕਾਸ ਨਗਰ, ਹੈਬੋਵਾਲ ਖੁਰਦ, ਬਾੜੇਵਾਲ, ਵਾਰਡ ਨੰਬਰ 80 ਹੈਬੋਵਾਲ ਖੁਰਦ ਅਤੇ ਰਿਸ਼ੀ ਨਗਰ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਨਿਊ ਸ਼ਿਮਲਾਪੁਰੀ, ਦੁੱਗਰੀ, ਨਗਰ ਨਿਗਮ ਦਫ਼ਤਰ, ਨੇੜੇ ਦੁਰਗਾ ਮਾਤਾ ਮੰਦਿਰ ਵਿਖੇ ਕਲੀਨਿਕਾਂ ਦੀ ਸ਼ੁਰੂਆਤ ਕੀਤੀ, ਵਿਧਾਇਕ ਪੂਰਬੀ ਦਲਜੀਤ ਸਿੰਘ ਗਰੇਵਾਲ ਨੇ ਨਿਊ ਬਾਜਰਾ ਰੋਡ, ਨਿਊ ਸ਼ਾਸਤਰੀ ਨਗਰ, ਸਟਾਰ ਕਲੋਨੀ, ਨੇੜੇ ਟਿੱਬਾ ਥਾਣਾ ਵਿਖੇ ਕਲੀਨਿਕਾਂ ਦਾ ਉਦਘਾਟਨ ਕੀਤਾ। ਵਿਧਾਇਕ ਉੱਤਰੀ ਮਦਨ ਲਾਲ ਬੱਗਾ ਨੇ ਹੈਬੋਵਾਲ, ਛਾਉਣੀ ਮੁਹੱਲਾ, ਸ਼ਿਵ ਪੁਰੀ ਨੇੜੇ ਟੈਂਕੀ ਵਾਲਾ ਪਾਰਕ, ਕਮਿਊਨਿਟੀ ਸੈਂਟਰ, ਕੁੰਦਨਪੁਰੀ, ਅਤੇ ਅਨਾਜ ਮੰਡੀ ਲੁਧਿਆਣਾ ਵਿਖੇ ਕਲੀਨਿਕਾਂ ਨੂੰ ਸਮਰਪਿਤ ਕੀਤਾ। ਸਾਹਨੇਵਾਲ ਅਤੇ ਗਿੱਲ ਹਲਕੇ ਵਿੱਚ ਕ੍ਰਮਵਾਰ ਢੰਡਾਰੀ ਖੁਰਦ ਅਤੇ ਖੱਟੜਾ ਚੁਹਾਰਮ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ।

ਉਦਘਾਟਨ ਦੌਰਾਨ ਵਿਧਾਇਕਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਪਹਿਲਾਂ ਹੀ ਜ਼ਿਲ੍ਹੇ ਵਿੱਚ 5.5 ਲੱਖ ਤੋਂ ਵੱਧ ਲੋਕਾਂ ਦੀ ਸੇਵਾ ਕਰਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਮਾਪਦੰਡ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ, ਕਲੀਨਿਕ ਲੋਕਾਂ ਨੂੰ ਮੁਫਤ ਇਲਾਜ ਅਤੇ ਜਾਂਚ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ ਹਤਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨੀਸ਼ਾ ਖੰਨਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *