ਲੁਧਿਆਣਾ ਵਿੱਚ ਟਾਟਾ ਸਟੀਲ ਪ੍ਰੋਜੈਕਟ ਦੀ ਸਥਾਪਨਾ ਸੂਬੇ ਦੇ ਸਰਵਪੱਖੀ ਵਿਕਾਸ ਲਈ ਇੱਕ ਵੱਡਾ ਕਦਮ : ਅਰੋੜਾ

Ludhiana Punjabi

DMT : ਲੁਧਿਆਣਾ : (20 ਅਕਤੂਬਰ 2023) : –

ਇੱਥੋਂ ਨੇੜਲੇ ਪਿੰਡ ਕਾਦੀਆਂ ਖੁਰਦ ਵਿਖੇ ਸ਼ੁੱਕਰਵਾਰ ਨੂੰ ਟਾਟਾ ਸਟੀਲ ਲੁਧਿਆਣਾ ਪ੍ਰੋਜੈਕਟ ਦੇ ਗ੍ਰਾਉੰਡ ਬ੍ਰੈਕਿੰਗ ਸਮਾਗਮ ਵਿੱਚ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਹਾਜ਼ਰ ਸਨ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇੱਥੇ ਜਾਰੀ ਇੱਕ ਬਿਆਨ ਵਿੱਚ ਅਰੋੜਾ ਨੇ ਆਸ ਪ੍ਰਗਟਾਈ ਕਿ ਇਹ ਪ੍ਰਾਜੈਕਟ ਸਮੁੱਚੇ ਪੰਜਾਬ ਦੀ ਆਰਥਿਕਤਾ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਗਭਗ 3000 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਨਾਲ 2000 ਤੋਂ ਵੱਧ ਲੋਕਾਂ, ਮੁੱਖ ਤੌਰ ‘ਤੇ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਲੁਧਿਆਣਾ ਵਿੱਚ ਸਾਈਕਲ ਵੈਲੀ ਨੇੜੇ ਕਰੀਬ 115 ਏਕੜ ਜ਼ਮੀਨ ’ਤੇ ਬਣਾਇਆ ਜਾ ਰਿਹਾ ਹੈ।

ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ 14 ਮਹੀਨੇ ਪਹਿਲਾਂ ਇੱਕ ਐਮ.ਓ.ਯੂ. ‘ਤੇ ਹਸਤਾਖ਼ਰ ਕੀਤੇ ਗਏ ਸਨ।  

ਉਨ੍ਹਾਂ ਨੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਲਦੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ। ਜਿਸ ਦੇ ਸਿੱਟੇ ਵਜੋਂ ਅੱਜ ਗ੍ਰਾਉੰਡ ਬ੍ਰੈਕਿੰਗ ਅਤੇ ਭੂਮੀ ਪੂਜਨ ਸਮਾਗਮ ਹੋਣਾ ਸੰਭਵ ਹੋ ਸਕਿਆ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰਾਂ ਦੀ ਸਮੁੱਚੀ ਦਿੱਖ ਬਦਲ ਜਾਵੇਗੀ।

ਇਸ ਤੋਂ ਇਲਾਵਾ, ਅਰੋੜਾ ਨੇ ਕਿਹਾ ਕਿ ਜਮਸ਼ੇਦਪੁਰ ਵਿਚ ਸਟੀਲ ਪਲਾਂਟ ਤੋਂ ਬਾਅਦ ਇਹ ਦੇਸ਼ ਭਰ ਵਿਚ ਟਾਟਾ ਸਟੀਲ ਦੀ ਦੂਜੀ ਸਭ ਤੋਂ ਵੱਡੀ ਇਕਾਈ ਹੈ। ਉਮੀਦ ਹੈ ਕਿ ਪਲਾਂਟ ਅਗਲੇ 20 ਮਹੀਨਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਣਨ ਵਾਲਾ ਇਹ ਸਟੀਲ ਪਲਾਂਟ ਬਿਨਾਂ ਕਿਸੇ ਪ੍ਰਦੂਸ਼ਣ ਦੇ ਸਕਰੈਪ ਤੋਂ ਸਟੀਲ ਤਿਆਰ ਕਰੇਗਾ। ਇਸ ਸਟੀਲ ਪਲਾਂਟ ਨੂੰ ਵਾਤਾਵਰਣ ਅਨੁਕੂਲ ਬਣਾਉਣ ਲਈ ਇਸ ਪਲਾਂਟ ਨੂੰ ਚਲਾਉਣ ਲਈ ਨਵੀਂ ਅਤੇ ਵਿਲੱਖਣ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਟੀਲ ਪਲਾਂਟ ਆਸ-ਪਾਸ ਦੇ ਖੇਤਰਾਂ ਵਿੱਚ ਸਹਾਇਕ ਯੂਨਿਟਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਇਲਾਕਾ ਸੂਬੇ ਦਾ ਇੱਕ ਹੋਰ ਵੱਡਾ ਉਦਯੋਗਿਕ ਕੇਂਦਰ ਬਣ ਜਾਵੇਗਾ।

ਅਰੋੜਾ ਨੇ ਕਿਹਾ ਕਿ ਇਹ ਸਟੀਲ ਪਲਾਂਟ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਇਮਾਨਦਾਰ ਅਤੇ ਠੋਸ ਯਤਨਾਂ ਨਾਲ ਬਣਾਇਆ ਜਾ ਰਿਹਾ ਹੈ।

ਗ੍ਰਾਉੰਡ ਬ੍ਰੈਕਿੰਗ ਸਮਾਗਮ ਦੌਰਾਨ ਟਾਟਾ ਸਟੀਲ ਦੇ ਐਮਡੀ ਟੀਵੀ ਨਰੇਂਦਰਨ ਅਤੇ ਟਾਟਾ ਸਟੀਲ ਦੇ ਵੀਪੀ ਕਾਰਪੋਰੇਟ ਸਰਵਿਸਿਜ਼ ਚਾਣਕਿਆ ਚੌਧਰੀ, ਪੰਜਾਬ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *