ਵੈਟਨਰੀ ਯੂਨੀਵਰਸਿਟੀ ਦੇ ਡਿਪਲੋਮਾ, ਛੋਟੇ ਅਤੇ ਸਰਟੀਫਿਕੇਟ ਕੋਰਸਾਂ ਲਈ ਉਮੀਦਵਾਰਾਂ ਦੀ ਭਾਰੀ ਰੁਚੀ

Ludhiana Punjabi

DMT : ਲੁਧਿਆਣਾ : (01 ਜੂਨ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅਕਾਦਮਿਕ ਵਰ੍ਹੇ 2021-22 ਤੋਂ ਨਵੇਂ ਪੋਸਟ ਗ੍ਰੈਜੂਏਟ ਡਿਪਲੋਮਾ, ਛੋਟੇ ਅਤੇ ਸਰਟੀਫਿਕੇਟ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਸੀ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਇਹ ਵਿਭਿੰਨ ਕੋਰਸ ਨਵੀਂ ਸਿੱਖਿਆ ਨੀਤੀ ਅਧੀਨ ਤਿਆਰ ਕੀਤੇ ਗਏ ਸਨ। ਇਨ੍ਹਾਂ ਕੋਰਸਾਂ ਲਈ ਮੁੱਖ ਤੌਰ ’ਤੇ ਦਾਖਲਾ ਯੋਗਤਾ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਹੈ ਜਦਕਿ ਕੁਝ ਪੋਸਟਾਂ ਲਈ ਵਿਗਿਆਨ ਦੇ ਵੱਖਰੇ-ਵੱਖਰੇ ਵਿਸ਼ਿਆਂ ਦੀ ਬੀ. ਐਸ. ਸੀ. ਵਾਲੇ ਉਮੀਦਵਾਰ ਵੀ ਪਾਤਰ ਹੋ ਸਕਦੇ ਹਨ। ਡਿਪਲੋਮਾ ਕੋਰਸ ਦੀ ਅਵਧੀ ਇਕ ਸਾਲ, ਸਰਟੀਫਿਕੇਟ ਕੋਰਸ ਦੀ ਛੇ ਮਹੀਨੇ ਅਤੇ ਛੋਟੇ ਕੋਰਸਾਂ ਦੀ ਛੇ ਹਫ਼ਤੇ ਹੈ। ਇਨ੍ਹਾਂ ਕੋਰਸਾਂ ਦਾ ਮੁੱਖ ਉਦੇਸ਼ ਪਸ਼ੂਆਂ ਨਾਲ ਸੰਬੰਧਿਤ ਵੱਖੋ-ਵੱਖਰੇ ਖੇਤਰਾਂ ਵਿਚ ਉਮੀਦਵਾਰਾਂ ਨੂੰ ਪੇਸ਼ੇਵਰ ਮੁਹਾਰਤ ਦੇਣਾ ਹੈ। ਇਸ ਵਿਚ ਪਸ਼ੂ ਪ੍ਰਜਣਨ, ਛੋਟੇ ਜਾਨਵਰਾਂ ਦੀਆਂ ਇਲਾਜ ਵਿਧੀਆਂ, ਵਨ ਹੈਲਥ, ਦੁਧਾਰੂ ਪਸ਼ੂਆਂ ਦੀਆਂ ਇਲਾਜ ਵਿਧੀਆਂ ਅਤੇ ਘੋੜਿਆਂ ਦੀਆਂ ਇਲਾਜ ਵਿਧੀਆਂ ਸ਼ਾਮਿਲ ਹਨ। ਛੋਟੇ ਕੋਰਸਾਂ ਵਿਚ ਜਾਨਵਰਾਂ ਦਾ ਨਿਰੀਖਣ, ਅਪਰੇਸ਼ਨ ਲਈ ਬੇਹੋਸ਼ ਕਰਨ ਦੇ ਢੰਗ ਅਤੇ ਹੋਰ ਕਈ ਕਿਸਮ ਦੀ ਵਿਦਿਆ ਦਿੱਤੀ ਜਾਂਦੀ ਹੈ। ਡਾ. ਘੁੰਮਣ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਹੁਣੇ ਹੋਈ ਕਾਊਂਸਲਿੰਗ ਵਿਚ ਉਮੀਦਵਾਰਾਂ ਨੇ ਭਾਰੀ ਉਤਸਾਹ ਵਿਖਾਇਆ ਅਤੇ ਲਗਭਗ ਹਰੇਕ ਕੋਰਸ ਲਈ ਨਿਰਧਾਰਿਤ ਸੀਟਾਂ ਤੋਂ ਕਾਫੀ ਵਧੇਰੇ ਉਮੀਦਵਾਰਾਂ ਨੇ ਬਿਨੈ-ਪੱਤਰ ਦਿੱਤੇ। ਇਨ੍ਹਾਂ ਕੋਰਸਾਂ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਖੇਤਰ ਅਤੇ ਪੇਸ਼ੇਵਰ ਲੋੜਾਂ ਅਨੁਸਾਰ ਮਨੁੱਖੀ ਸਾਧਨ ਤਿਆਰ ਕਰਦੀ ਹੈ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਨ੍ਹਾਂ ਕੋਰਸਾਂ ਲਈ ਉਮੀਦਵਾਰਾਂ ਦੀ ਵੱਡੀ ਰੁਚੀ ਨੂੰ ਵੇਖਦੇ ਹੋਏ ਕਿਹਾ ਕਿ ਇਹ ਕਾਲਜ ਦੇ ਡੀਨ, ਅਧਿਆਪਕਾਂ ਅਤੇ ਸਟਾਫ ਦੀ ਕਾਰਗੁਜ਼ਾਰੀ ਦੀ ਪਛਾਣ ਹੈ ਕਿ ਲੋਕ ਏਨੇ ਉਤਸਾਹ ਨਾਲ ਦਾਖਲਾ ਲੈਣ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਉਮੀਦਵਾਰਾਂ ਨੂੰ ਉੱਚ ਮਾਪਦੰਡ ਵਾਲੀ ਸਿੱਖਿਆ ਦੇਵਾਂਗੇ ਜਿਸ ਨਾਲ ਕਿ ਉਹ ਆਪਣੇ ਵਧੀਆ ਉਦਮ ਸਥਾਪਿਤ ਕਰ ਸਕਣ ਅਤੇ ਸਮਾਜ ਦੀ ਸੇਵਾ ਵਿਚ ਆਪਣੀ ਭੂਮਿਕਾ ਨਿਭਾ ਸਕਣ।

Leave a Reply

Your email address will not be published. Required fields are marked *