ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਵੈਸਟ ਇੰਡੀਜ਼ ਯੂਨੀਵਰਸਿਟੀ ਵਿਖੇ ਲੈਣਗੇ ਇੱਕ ਮਹੀਨੇ ਦੀ ਸਿਖਲਾਈ

Ludhiana Punjabi

DMT : ਲੁਧਿਆਣਾ : (20 ਜੁਲਾਈ 2023) : – ਅਕਾਦਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਸੁਚੱਜੇ ਮੌਕੇ ਰਾਹੀਂ ਕਾਲਜ ਆਫ਼ ਵੈਟਨਰੀ ਸਾਇੰਸ (ਲੁਧਿਆਣਾ), ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪੰਜ ਉੱਤਮ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦਾ ਇੱਕ ਸਮੂਹ ਇੱਕ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਲਈ ਰਵਾਨਾ ਹੋ ਰਿਹਾ ਹੈ। ਸੰਸਥਾ ਵਿਕਾਸ ਯੋਜਨਾ ਪ੍ਰਾਜੈਕਟ ਦੇ ਤਹਿਤ ਵੈਸਟ ਇੰਡੀਜ਼ ਦੀ ਯੂਨੀਵਰਸਿਟੀ ਵਿਖੇ ਰਵਾਨਗੀ ਤੋਂ ਪਹਿਲਾਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ (ਲੁਧਿਆਣਾ) ਅਤੇ ਮੁੱਖ ਨਿਰੀਖਕ ਨਾਲ ਮੁਲਾਕਾਤ ਕੀਤੀ ।

ਇਨ੍ਹਾਂ ਪੰਜ ਵਿਦਿਆਰਥੀਆਂ ਨੂੰ ਉਹਨਾਂ ਦੇ ਬੇਮਿਸਾਲ ਅਕਾਦਮਿਕ ਰਿਕਾਰਡ, ਜਾਨਵਰਾਂ ਦੀ ਦੇਖਭਾਲ ਪ੍ਰਤੀ ਸਮਰਪਣ ਅਤੇ ਅੰਤਰਰਾਸ਼ਟਰੀ ਮਾਹੌਲ ਵਿੱਚ ਆਪਣੇ ਗਿਆਨ ਦਾ ਵਿਸਥਾਰ ਕਰਨ ਦੇ ਆਧਾਰ `ਤੇ ਚੁਣਿਆ ਗਿਆ। ਵੈਸਟ ਇੰਡੀਜ਼ ਯੂਨੀਵਰਸਿਟੀ ਵਿੱਚ ਉਹਨਾਂ ਦਾ ਸਿਖਲਾਈ ਪ੍ਰੋਗਰਾਮ ਉਹਨਾਂ ਨੂੰ ਵੈਟਨਰੀ ਦਵਾਈਆਂ ਦੇ ਵੱਖ-ਵੱਖ ਪਹਿਲੂਆਂ ਵਿੱਚ ਖੋਜ ਕਰਨ, ਮਹੱਤਵਪੂਰਨ ਸੂਝ ਪ੍ਰਾਪਤ ਕਰਨ ਅਤੇ ਬਿਮਾਰੀ ਦੇ ਨਿਦਾਨ ਅਤੇ ਉਹਨਾਂ ਦੇ ਇਲਾਜ ਵਿੱਚ ਸਿੱਖਿਅਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਡਾ. ਇੰਦਰਜੀਤ ਸਿੰਘ ਨੇ ਉਹਨਾਂ ਦੇ ਸਮਰਪਣ ਭਾਵ ਦੀ ਪ੍ਰਸੰਸਾ  ਕੀਤੀ ਅਤੇ ਉਹਨਾਂ ਨੂੰ ਪਸ਼ੂ ਇਲਾਜ ਨੂੰ ਬਿਹਤਰ ਕਰਨ ਲਈ ਆਲਮੀ ਸਹਿਯੋਗ ਦੀ ਮਹੱਤਤਾ `ਤੇ ਜ਼ੋਰ ਦਿੰਦੇ ਹੋਏ ਇਸ ਕੀਮਤੀ ਤਜਰਬੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸਾਹਿਤ ਕੀਤਾ। ਡਾ. ਸਿੰਘ ਨੇ ਭਵਿੱਖ ਦੇ ਵੈਟਨਰੀ ਪੇਸ਼ੇਵਰਾਂ ਨੂੰ  ਉੱਚ ਯੋਗਤਾ ਦੇਣ ਲਈ ਅੰਤਰਰਾਸ਼ਟਰੀ ਸਾਂਝ ਦੀ ਮਹੱਤਤਾ `ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚ `ਤੇ ਯੂਨੀਵਰਸਿਟੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਵੀ ਪ੍ਰੇਰਿਤ ਕੀਤਾ।

ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਵੱਕਾਰੀ ਮੌਕੇ ਲਈ ਵਿਦਿਆਰਥੀਆਂ ਦੀ ਚੋਣ `ਤੇ ਮਾਣ ਦਾ ਪ੍ਰਗਟਾਵਾ ਕੀਤਾ ਅਤੇ ਚੰਗੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਅਜਿਹੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸੱਭਿਆਚਾਰਕ ਵਟਾਂਦਰੇ ਦੀ ਮਹੱਤਤਾ ਅਤੇ ਵਿਭਿੰਨ ਵੈਟਨਰੀ ਕਾਰਜਾਂ ਨੂੰ ਸਿੱਖਣ ਸਮਝਣ `ਤੇ ਜ਼ੋਰ ਦਿੱਤਾ, ਜਿਸ ਨਾਲ ਬਿਨਾਂ ਸ਼ੱਕ ਵਿਦਿਆਰਥੀਆਂ ਦੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਹੋਵੇਗਾ ।

ਇਸ ਸਿਖਲਾਈ ਦਾ ਸੰਯੋਜਨ ਕਰਨ ਵਾਲੇ ਵਿਗਿਆਨੀ ਡਾ. ਦੇਵੇਂਦਰ ਪਾਠਕ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿਖਲਾਈ ਦੇ ਤਜਰਬੇ ਨੂੰ ਭਰਪੂਰਤਾ ਨਾਲ ਜੀਣ ਲਈ ਕਿਹਾ।

ਵਿਦਿਆਰਥੀਆਂ ਨੇ ਇਸ ਪ੍ਰਾਜੈਕਟ ਤਹਿਤ ਯੂਨੀਵਰਸਿਟੀ ਵੱਲੋਂ ਮਿਲੇ ਸਹਿਯੋਗ ਅਤੇ ਹੌਸਲੇ ਲਈ ਧੰਨਵਾਦ ਪ੍ਰਗਟ ਕੀਤਾ।

Leave a Reply

Your email address will not be published. Required fields are marked *