ਵੈਟਨਰੀ ਯੂਨੀਵਰਸਿਟੀ ਨੇ ‘ਕੌਮੀ ਮੱਛੀ ਕਿਸਾਨ ਦਿਵਸ’ ’ਤੇ ਮੱਛੀ ਪਾਲਕਾਂ ਦੀ ਕੀਤੀ ਸਰਾਹਨਾ

Ludhiana Punjabi

DMT : ਲੁਧਿਆਣਾ : (11 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ‘ਕੌਮੀ ਮੱਛੀ ਕਿਸਾਨ ਦਿਵਸ’ ’ਤੇ ਮੱਛੀ ਪਾਲਕਾਂ ਵੱਲੋਂ ਨੀਲੇ ਇਨਕਲਾਬ ਵਿਚ ਯੋਗਦਾਨ ਪਾਉਣ ਹਿਤ ਉਨ੍ਹਾਂ ਦੀ ਸ਼ਲਾਘਾ ਤੇ ਧੰਨਵਾਦ ਕੀਤਾ। ਇਹ ਦਿਵਸ ਮੱਛੀ ਪਾਲਣ ਸੰਬੰਧੀ ਸਿੱਖਿਆ ਦੇਣ ਦੇ ਮੋਹਰੀ ਡਾ. ਹੀਰਾ ਲਾਲ ਚੌਧਰੀ ਨੂੰ ਯਾਦ ਕਰਦਿਆਂ ਹੋਇਆਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਜਲਜੀਵ ਪਾਲਣ ਦੇ ਖੇਤਰ ਵਿਚ ਵਿਕਾਸ ਕਰਨ ਹਿਤ ਬਹੁਤ ਉੱਘਾ ਕੰਮ ਕੀਤਾ।

          ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਮੁਲਕ ਵਿਚ ਪਿਛਲੇ ਚਾਰ ਦਹਾਕਿਆਂ ਵਿਚ ਮੱਛੀ ਉਤਪਾਦਨ 2.36 ਮਿਲੀਅਨ ਟਨ ਤੋਂ ਵੱਧ ਕੇ 2021-22 ਤਕ 16.28 ਮਿਲੀਅਨ ਟਨ ਹੋ ਚੁੱਕਾ ਹੈ। ਇਹ ਸਾਰਾ ਕੁਝ ਮੱਛੀ ਪਾਲਣ ਦੇ ਖੇਤਰ ਵਿਚ ਨਵੀਆਂ ਤਕਨੀਕਾਂ, ਗਿਆਨ, ਸਮਰਪਣ ਭਾਵ ਅਤੇ ਭਾਰਤ ਵੱਲੋਂ ਇਸ ਖੇਤਰ ਨੂੰ ਹੁਲਾਰਾ ਦੇਣ ਕਾਰਣ ਸੰਭਵ ਹੋ ਸਕਿਆ ਹੈ। ਇਸ ਵੇਲੇ ਭਾਰਤ ਦੁਨੀਆਂ ਦਾ ਦੂਸਰਾ ਜਲਜੀਵ ਉਤਪਾਦਕ ਮੁਲਕ ਹੈ।

          ਮੱਛੀ ਪਾਲਕਾਂ ਦੇ ਕਾਰਜ ਦੀ ਸਰਾਹਨਾ ਕਰਨ ਹਿਤ ਪਿੰਡ ਕਰੋਦੀਆਂ ਦੇ ਮੱਛੀ ਪਾਲਕ ਸ. ਬੂਟਾ ਸਿੰਘ, ਸ. ਸੁਖਜੀਤ ਸਿੰਘ ਅਤੇ ਸ. ਰਾਜਦੀਪ ਸਿੰਘ ਦੇ ਫਾਰਮਾਂ ’ਤੇ ਫ਼ਿਸ਼ਰੀਜ਼ ਕਾਲਜ ਦੇ ਪੇਸ਼ੇਵਰਾਂ ਨੇ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਦੇ ਕੰਮ ਦੀ ਸਰਾਹਨਾ ਕੀਤੀ। ਡਾ. ਵਨੀਤ ਇੰਦਰ ਕੌਰ, ਸੰਯੋਜਕ ਦੀ ਨਿਗਰਾਨੀ ਹੇਠ ਡਾ. ਅਭਿਸ਼ੇਕ ਸ੍ਰੀਵਾਸਤਵ ਅਤੇ ਡਾ. ਅਮਿਤ ਮੰਡਲ ਨੇ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਸੰਸਥਾ ਵਿਕਾਸ ਯੋਜਨਾ ਦੇ ਤਹਿਤ ਇਹ ਉਪਰਾਲਾ ਕੀਤਾ ਗਿਆ।

          ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਮੱਛੀ ਪਾਲਕ ਕਿਸਾਨਾਂ ਨੂੰ ਇਸ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਛੁਹਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਖੁਰਾਕ ਵਿਚ ਜਲਜੀਵ ਭੋਜਨ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਉਤਪਾਦਨ ਵਧਾਉਣ ਦੇ ਨਾਲ ਨਾਲ ਇਨ੍ਹਾਂ ਭੋਜਨ ਪਦਾਰਥਾਂ ਦੀ ਖ਼ਪਤ ਵੀ ਵਧਾਉਣੀ ਚਾਹੀਦੀ ਹੈ ਜਿਸ ਨਾਲ ਕਿ ਸਾਡੀ ਪੌਸ਼ਟਿਕਤਾ ਬਿਹਤਰ ਹੋਵੇਗੀ।

Leave a Reply

Your email address will not be published. Required fields are marked *