ਵੈਟਨਰੀ ਯੂਨੀਵਰਸਿਟੀ ਨੇ ਮੀਟ ਉਤਪਾਦਾਂ ਦੇ ਵਿਕਰੀ ਕੇਂਦਰ ਦਾ ਕੀਤਾ ਉਦਘਾਟਨ

Ludhiana Punjabi

DMT : ਲੁਧਿਆਣਾ : (22 ਜੂਨ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪ੍ਰਾਸੈਸਡ ਮੀਟ ਅਤੇ ਆਂਡਿਆਂ ਦੇ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਹ ਕੇਂਦਰ ਵੈਟਨਰੀ ਯੂਨੀਵਰਸਿਟੀ ਦੀ ਹੈਚਰੀ ਜੋ ਕਿ ਪੀ ਏ ਯੂ ਕੈਂਪਸ ਵਿਚ ਸਥਿਤ ਹੈ ਉਥੇ ਖੋਲਿਆ ਗਿਆ ਹੈ।

        ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਪਭੋਗੀਆਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਾਫ ਸੁਥਰੀਆਂ ਵਸਤਾਂ ਉਪਲਬਧ ਕਰਵਾਉਣ ਦੇ ਉਪਰਾਲੇ ਅਧੀਨ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਤੋਂ ਮਿਲਦੀ ਪ੍ਰੋਟੀਨ ਅਤੇ ਆਂਡਿਆਂ ਦੀਆਂ ਬਣੀਆਂ ਵਸਤਾਂ ਮਨੁੱਖੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਰਹਿੰਦੀਆਂ ਹਨ। ਉਨ੍ਹਾਂ ਨੇ ਇਸ ਕੇਂਦਰ ਨੂੰ ਚਲਾਉਣ ਵਾਲੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਹ ਬੜਾ ਜ਼ਿਕਰਯੋਗ ਯਤਨ ਕੀਤਾ ਹੈ।

        ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਕਿਹਾ ਕਿ ਇਸ ਵਿਕਰੀ ਕੇਂਦਰ ਵਿਖੇ ਵਿਗਿਆਨਕ ਢੰਗ ਨਾਲ ਤਿਆਰ ਕੀਤੇ ਉਤਪਾਦ ਮਿਲਣਗੇ। ਵਿਭਾਗ ਦੇ ਅਧਿਆਪਕਾਂ, ਡਾ. ਨਿਤਿਨ ਮਹਿਤਾ, ਰਾਜੇਸ਼ ਵਾਘ ਅਤੇ ਓ ਪੀ ਮਾਲਵ ਨੇ ਦੱਸਿਆ ਕਿ ਇਥੇ ਮੀਟ ਦੇ ਨਗੇਟਸ, ਪੈਟੀਆਂ, ਬਾਲਜ਼ ਅਤੇ ਮੀਟ ਦੇ ਆਂਡਿਆਂ ਦਾ ਅਚਾਰ ਵੀ ਉਪਲਬਧ ਹੋਵੇਗਾ। ਇਹ ਵਿਕਰੀ ਕੇਂਦਰ ਹਰ ਸ਼ੁੱਕਰਵਾਰ 11 ਵਜੇ ਸਵੇਰ ਤੋਂ ਦੁਪਹਿਰ 2 ਵਜੇ ਤਕ ਖੁੱਲ੍ਹਾ ਰਹੇਗਾ।

        ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਵਿਭਾਗ ਬਹੁਤ ਮਿਹਨਤ ਨਾਲ ਸਿਹਤਮੰਦ ਉਤਪਾਦ ਤਿਆਰ ਕਰ ਰਿਹਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਯੂਨੀਵਰਸਿਟੀ ਦੇ ਉਤਪਾਦਾਂ ਦੀ ਲੋਕਾਂ ਵਿਚ ਪਹਿਲਾਂ ਹੀ ਕਾਫੀ ਮੰਗ ਹੈ ਜਿਸ ਨੂੰ ਸਮਝਦਿਆਂ ਹੋਇਆਂ ਇਹ ਯਤਨ ਕੀਤਾ ਗਿਆ ਹੈ। ਇਸ ਮੌਕੇ ’ਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *