ਵੈਟਨਰੀ ਯੂਨੀਵਰਸਿਟੀ ਵਿਖੇ ਘਣਾ ਮੱਛੀ ਪਾਲਣ ਵਿਧੀ ਸੰਬੰਧੀ ਕਰਵਾਈ ਗਈ ਕਾਰਜਸ਼ਾਲਾ

Ludhiana Punjabi

DMT : ਲੁਧਿਆਣਾ : (06 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਘਣਾ ਮੱਛੀ ਪਾਲਣ ਤਕਨੀਕ ਵਿਧੀਆਂ ਬਾਰੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਵਿਚ ਪਾਣੀ ਦੀ ਘੁੰਮਣਸ਼ੀਲ ਵਿਧੀ ਅਤੇ ਬਾਇਓਫਲਾਕ ਵਿਧੀ ਬਾਰੇ ਮੱਛੀ ਪਾਲਣ ਵਿਭਾਗ ਦੇ 25 ਅਧਿਕਾਰੀਆਂ ਅਤੇ 17 ਕਿਸਾਨ ਉਦਮੀਆਂ ਨੂੰ ਸਿੱਖਿਅਤ ਕੀਤਾ ਗਿਆ।

          ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਇਹ ਵਿਧੀਆਂ ਬਹੁਤ ਪ੍ਰਚਲਨ ਵਿਚ ਹਨ। ਯੂਨੀਵਰਸਿਟੀ ਵਿਖੇ ਭਾਰਤ ਸਰਕਾਰ ਦੀ ਮਦਦ ਨਾਲ ਇਨ੍ਹਾਂ ਵਿਧੀਆਂ ਬਾਰੇ ‘ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ’ ਤਹਿਤ ਇਕ ਸਮਰੱਥਾ ਉਸਾਰੀ ਕੇਂਦਰ ਦੀ ਸਥਾਪਨਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਰੀਕਿਆਂ ਨਾਲ ਅਸੀਂ ਇਕ ਇਮਾਰਤੀ ਢਾਂਚੇ ਵਿਚ ਮੱਛੀ ਪਾਲਣ ਕਰਦੇ ਹਾਂ ਜਿਥੇ ਭੂਮੀ ਅਤੇ ਪਾਣੀ ਦੀ ਵਰਤੋਂ ਬਹੁਤ ਘੱਟ ਜਾਂਦੀ ਹੈ ਤੇ ਵਾਤਾਵਰਣ ਸਥਿਤੀਆਂ ਮੁਤਾਬਕ ਉਤਪਾਦਨ 20 ਗੁਣਾਂ ਤਕ ਵੀ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਭੋਜਨ ਲੋੜਾਂ ਤੇ ਭਵਿੱਖੀ ਜ਼ਰੂਰਤਾਂ ਨੂੰ ਖਿਆਲ ਵਿਚ ਰੱਖਦੇ ਹੋਏ ਇਹ ਬਹੁਤ ਵਾਧੇ ਵਾਲੀਆਂ ਵਿਧੀਆਂ ਅਤੇ ਤਕਨੀਕਾਂ ਹਨ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਕਾਰਜਸ਼ਾਲਾ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਬਹੁਤ ਉੱਚ ਉਤਪਾਦਨ ਦੇਣ ਵਾਲੀਆਂ ਇਹ ਵਿਧੀਆਂ ਵਾਤਾਵਰਣ ਸੁਰੱਖਿਆ, ਭੋਜਨ ਲੋੜਾਂ ਅਤੇ ਭੋਜਨ ਸੁਰੱਖਿਆ ਲਈ ਬਹੁਤ ਉੱਤਮ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਇਨ੍ਹਾਂ ਵਿਧੀਆਂ ਰਾਹੀਂ ਮੱਛੀ ਪਾਲਣ ਲਈ ਸਥਾਪਿਤ ਕੀਤਾ ਕੇਂਦਰ ਸੂਬੇ ਦੇ ਮੱਛੀ ਪਾਲਕਾਂ ਲਈ ਇਕ ਸੰਪਤੀ ਹੈ। ਉਦਮੀ, ਨੌਜਵਾਨ, ਕਿਸਾਨ ਅਤੇ ਮੱਛੀ ਪਾਲਣ ਅਦਾਰਿਆਂ ਦੇ ਪੇਸ਼ੇਵਰ ਇਸ ਤੋਂ ਚੋਖਾ ਲਾਭ ਲੈ ਸਕਦੇ ਹਨ।

          ਡਾ. ਵਨੀਤ ਇੰਦਰ ਕੌਰ, ਕਾਰਜਸ਼ਾਲਾ ਸੰਯੋਜਕ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਲਈ ਡਾ. ਐਸ ਐਨ ਦੱਤਾ ਅਤੇ ਡਾ. ਅਮਿਤ ਮੰਡਲ ਨੇ ਤਕਨੀਕੀ ਸੈਸ਼ਨਾਂ ਅਤੇ ਪ੍ਰਯੋੋਗਿਕ ਪ੍ਰਦਰਸ਼ਨੀ ਲਈ ਬਹੁਤ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਚਾਹਵਾਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ।

Leave a Reply

Your email address will not be published. Required fields are marked *