ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਵੈਟਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਦੀ 21ਵੀਂ ਕਨਵੈਨਸ਼ਨ

Ludhiana Punjabi

DMT : ਲੁਧਿਆਣਾ : (01 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਵੈਟਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਵੱਲੋਂ ਸਾਂਝੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਅਕਾਦਮੀ ਦੀ 21ਵੀਂ ਕਨਵੋਕੇਸ਼ਨ ਅਤੇ ਵਿਗਿਆਨਕ ਕਨਵੈਨਸ਼ਨ ਅੱਜ ਸ਼ੁਰੂ ਹੋਈ। ਦੋ ਰੋਜ਼ਾ ਇਸ ਕਨਵੈਨਸ਼ਨ ਦਾ ਵਿਸ਼ਾ ਹੈ ‘ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਨੀਤੀਆਂ’। ਇਸ ਸਮਾਗਮ ਦੇ ਮੁੱਖ ਮਹਿਮਾਨ, ਸ਼੍ਰੀ ਪਰਸ਼ੋਤਮ ਰੁਪਾਲਾ, ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਮੰਤਰੀ ਸਨ। ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਮੰਤਰੀ, ਪੰਜਾਬ ਸਰਕਾਰ ਪਤਵੰਤੇ ਮਹਿਮਾਨ ਵਜੋਂ ਪਧਾਰੇ। ਅਕਾਦਮੀ ਦੇ ਪ੍ਰਧਾਨ, ਡਾ. ਡੀ ਵੀ ਆਰ ਪ੍ਰਕਾਸ਼ ਰਾਓ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਡਾ. ਉਮੇਸ਼ ਚੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਪਤਵੰਤੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਹਿੰਦਿਆਂ ਰਾਸ਼ਟਰੀ ਅਤੇ ਸੂਬੇ ਦੇ ਅਰਥਚਾਰੇ ਵਿਚ ਪਸ਼ੂ ਪਾਲਣ ਕਿੱਤਿਆਂ ਦੇ ਯੋਗਦਾਨ ਦੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਅਤੇ ਵੈਟਨਰੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ।

          ਡਾ. ਉਮੇਸ਼ ਚੰਦਰ ਸ਼ਰਮਾ, ਪ੍ਰਧਾਨ ਵੈਟਨਰੀ ਕਾਊਂਸਲ ਆਫ ਇੰਡੀਆ ਨੇ ਯੂਨੀਵਰਸਿਟੀ ਅਤੇ ਅਕਾਦਮੀ ਨੂੰ ਇਹ ਸਮਾਰੋਹ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ‘ਇਕ ਸਿਹਤ’ ਦੇ ਸੰਕਲਪ ਅਤੇ ਪਸ਼ੂ ਪਾਲਣ ਖੇਤਰ ਦੇ ਵੱਧਦੇ ਯੋਗਦਾਨ ਕਾਰਨ ਸਾਨੂੰ ਵੈਟਨਰੀ ਖੇਤਰ ਲਈ ਵੱਖਰੀ ਭਾਰਤੀ ਕਾਊਂਸਲ ਬਨਾਉਣ ਦੀ ਲੋੜ ਹੈ।

          ਡਾ. ਡੀ ਵੀ ਆਰ ਪ੍ਰਕਾਸ਼ ਰਾਓ ਨੇ ਅਕਾਦਮੀ ਦੇ ਪਸ਼ੂ ਪਾਲਣ ਕਿੱਤਿਆਂ ਵਿਚ ਕੌਮੀ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਸਾਨੂੰ ਇਸ ਖੇਤਰ ਵਿਚ ਉਦਮੀਪਨ ਵਧਾਉਣਾ ਚਾਹੀਦਾ ਹੈ ਅਤੇ ਵੈਟਨਰੀ ਅਤੇ ਮੱਛੀ ਵਿਗਿਆਨ ਵਾਸਤੇ ਵੱਖਰੀ ਖੋਜ ਕਾਊਂਸਲ ਬਨਾਉਣੀ ਚਾਹੀਦੀ ਹੈ।

          ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਅਤੇ ਕੌਮੀ ਅਰਥਚਾਰੇ ਵਿਚ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਦੇ ਪਾਏ ਜਾ ਰਹੇ ਯੋਗਦਾਨ ਬਾਰੇ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸੂਰ ਪਾਲਣ ਅਤੇ ਮੱਝਾਂ ਦੀਆਂ ਸਥਾਨਕ ਨਸਲਾਂ ਨੀਲੀ ਰਾਵੀ, ਮੁਰ੍ਹਾ ਅਤੇ ਬੀਟਲ ਬੱਕਰੀਆਂ ਪਾਲਣ ਨੂੰ ਹੋਰ ਉਤਸਾਹਿਤ ਕਰਨਾ ਬਣਦਾ ਹੈ। ਉਨ੍ਹਾਂ ਕੇਂਦਰੀ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਮਿਲਾਵਟ ਵਾਲੇ ਦੁੱਧ ਅਤੇ ਹੋਰ ਵਸਤਾਂ ਸੰਬੰਧੀ ਸਖਤ ਨੀਤੀਆਂ ਤਿਆਰ ਕੀਤੀਆਂ ਜਾਣ ਜਿਸ ਨਾਲ ਮਿਲਾਵਟ ਨੂੰ ਰੋਕਿਆ ਜਾ ਸਕੇ।

          ਸ਼੍ਰੀ ਰੁਪਾਲਾ ਨੇ ਡੇਅਰੀ ਅਤੇ ਮੱਛੀ ਖੇਤਰ ਵਿਚ ਯੂਨੀਵਰਸਿਟੀ ਦੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਭਿੰਨ ਫਾਰਮਾਂ, ਪਸ਼ੂ ਹਸਪਤਾਲ ਅਤੇ ਕਿਸਾਨ ਸੂਚਨਾ ਕੇਂਦਰ ਦਾ ਦੌਰਾ ਕਰਕੇ ਵੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੋਬਾਈਲ ਵੈਟਨਰੀ ਵੈਨ ਯੋਜਨਾ ਲਿਆ ਰਹੀ ਹੈ ਜਿਸ ਨਾਲ ਪਸ਼ੂ ਪਾਲਕ ਭਾਈਚਾਰੇ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਪਸ਼ੂ ਪਾਲਣ ਖੇਤਰ ਵਾਸਤੇ ਵੱਖਰੀ ਰਾਸ਼ਟਰੀ ਸੰਸਥਾ ਦੀ ਲੋੜ ਨੂੰ ਸਮਝਿਆ ਅਤੇ ਹੁੰਗਾਰਾ ਭਰਿਆ।

          ਸਨਮਾਨ ਸਮਾਰੋਹ ਵਿਚ ਚਾਰ ਸ਼ਖ਼ਸੀਅਤਾਂ ਨੂੰ ਅਕਾਦਮੀ ਅਵਾਰਡ, 35 ਫੈਲੋਸ਼ਿਪ, 08 ਸਹਿਯੋਗੀ ਫੈਲੋਸ਼ਿਪ ਅਤੇ 26 ਮੈਂਬਰਸ਼ਿਪ ਸਨਮਾਨ ਦਿੱਤੇ ਗਏ।

          ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਪ੍ਰਬੰਧਕੀ ਸਕੱਤਰ ਨੇ ਆਸ ਪ੍ਰਗਟਾਈ ਕਿ ਇਸ ਦੋ ਰੋਜ਼ਾ ਕਨਵੈਨਸ਼ਨ ਵਿਚ ਪਸ਼ੂਧਨ ਖੇਤਰ ਦੇ ਵਿਕਾਸ ਲਈ ਕਈ ਨਵੇਂ ਨੁਕਤੇ ਸਾਹਮਣੇ ਆਉਣਗੇ।

          ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਲੈਣ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *