ਵੈਟਨਰੀ ਯੂਨੀਵਰਸਿਟੀ ਵਿਖੇ ‘ਵਧੀਆ ਭੋਜਨ, ਸਿਹਤ ਅਤੇ ਪੌਸ਼ਟਿਕਤਾ’ ਨੂੰ ਸਮਰਪਿਤ ‘ਆਲਮੀ ਦੁੱਧ ਦਿਵਸ’ ਦਾ ਆਯੋਜਨ

Ludhiana Punjabi

DMT : ਲੁਧਿਆਣਾ : (02 ਜੂਨ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਵਿਖੇ ਵਿਸ਼ਵ ਦੁੱਧ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਸੀ ‘ਵਧੀਆ ਭੋਜਨ, ਸਿਹਤ ਅਤੇ ਪੌਸ਼ਟਿਕਤਾ’। ਡਾ. ਰਾਮ ਸਰਨ ਸੇਠੀ, ਡੀਨ, ਡੇਅਰੀ ਸਾਇੰਸ ਕਾਲਜ ਨੇ ਕਿਹਾ ਕਿ ਇਸ ਸੈਮੀਨਾਰ ਦਾ ਆਯੋਜਨ ਦਾ ਮੰਤਵ ਸਿਹਤਮੰਦ ਖੁਰਾਕ ਵਿਚ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਮਹੱਤਤਾ ’ਤੇ ਜ਼ਰੂਰਤ ਬਾਰੇ ਦੱਸਣਾ ਸੀ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਯੋਜਕਾਂ ਨੂੰ ਇਸ ਵਿਸ਼ੇ ਸੰਬੰਧੀ ਵਿਭਿੰਨ ਮਾਹਿਰਾਂ ਨੂੰ ਸੱਦਾ ਦੇਣ ਅਤੇ ਦੁੱਧ ਅਤੇ ਉਸ ਦੇ ਫਾਇਦਿਆਂ ਬਾਰੇ ਤਜਰਬੇ ਸਾਂਝੇ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ  ਨੇ ਮੱਝਾਂ ਦੇ ਦੁੱਧ ਦੀ ਮਹੱਤਤਾ ਦੱਸਦੇ ਹੋਏ ਤਕਨੀਕੀ ਤੌਰ ’ਤੇ ਇਸ ਦੇ ਪੌਸ਼ਟਿਕ ਗੁਣਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਕਾਲਜ ਵੱਲੋਂ ਵਿਕਸਿਤ ਕੀਤੀ ਗਈ ਪਾਣੀ ਦੀ ਜਾਂਚ ਕਿੱਟ ਵੀ ਲੋਕ ਅਰਪਣ ਕੀਤੀ ਗਈ।

          ਸੈਮੀਨਾਰ ਲਈ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਦੇ 150 ਤੋਂ ਵਧੇਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਡਾ. ਸੁਮਿਤ ਅਰੋੜਾ, ਪ੍ਰਮੁੱਖ ਵਿਗਿਆਨੀ, ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਨੇ ਦੁੱਧ ਦੇ ਸੂਖਮ ਪੌਸ਼ਟਿਕ ਕਣਾਂ ਦੀ ਮਹੱਤਤਾ ਅਤੇ ਉਨ੍ਹਾਂ ਨਾਲ ਦੁੱਧ ਵਿਚ ਮਿਲਦੀ ਬਿਹਤਰੀ ਬਾਰੇ ਚਾਨਣਾ ਪਾਇਆ। ਡਾ. ਵਿਵੇਕ ਸ਼ਰਮਾ ਨੇ ਪੌਦਿਆਂ ’ਤੇ ਆਧਾਰਿਤ ਜੈਵਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨਾਲ ਦੁੱਧ ਅਤੇ ਦੁੱਧ ਵਸਤਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।

          ਡਾ. ਸੇਠੀ ਨੇ ਆਪਣੀ ਰਿਪੋਰਟ ਪੜ੍ਹਦਿਆਂ ਦੁੱਧ ਅਤੇ ਉਤਪਾਦਾਂ ਵਿਚ ਮਿਲਾਵਟ ਦੀ ਜਾਂਚ ਸੰਬੰਧੀ ਉਨੱਤ ਸਹੂਲਤਾਂ ਸਥਾਪਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨ ਅਤੇ ਉਪਭੋਗੀ ਬਿਹਤਰ ਉਤਪਾਦ ਪ੍ਰਾਪਤ ਕਰ ਸਕਣ। ਸੈਮੀਨਾਰ ਵਿਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਡਾ. ਅਮਰਜੀਤ ਸਿੰਘ, ਕੰਪਟਰੋਲਰ ਵੀ ਮੌਜੂਦ ਸਨ। ਡਾ. ਸੁਨੀਲ ਕੁਮਾਰ, ਪ੍ਰਬੰਧਕੀ ਸਕੱਤਰ ਨੇ ਸੈਮੀਨਾਰ ਦੇ ੳੇੁਦੇਸ਼ ਸੰਬੰਧੀ ਜਾਣ-ਪਛਾਣ ਕਰਵਾਈ ਅਤੇ ਡਾ. ਇੰਦਰਪ੍ਰੀਤ ਕੌਰ, ਪ੍ਰਬੰਧਕੀ ਸਕੱਤਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Leave a Reply

Your email address will not be published. Required fields are marked *