ਸ਼ਾਹਮੁਖੀ ਵਿੱਚ ਛਪੇ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ”ਅਤੇ “ਸੁਰਤਾਲ”ਡਾਃ ਇਸ਼ਤਿਆਕ ਅਹਿਮਦ ,ਡਾਃ ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ

Ludhiana Punjabi

DMT : ਲੁਧਿਆਣਾ : (03 ਜੂਨ 2023) : – ਪੰਜਾਬੀ ਕਵੀ ਗੁਰਭਜਨ ਗਿੱਲ ਦੇ ਦੋ ਕਾਵਿ ਸੰਗ੍ਰਹਿ “ਖ਼ੈਰ ਪੰਜਾਂ ਪਾਣੀਆਂ ਦੀ”ਅਤੇ “ਸੁਰਤਾਲ”ਦੇ ਸ਼ਾਹਮੁਖੀ ਸਰੂਪ ਨੂੰ ਸਵੀਡਨ ਵੱਸਦੇ ਵਿਸ਼ਵ ਪ੍ਰਸਿੱਧ ਵਿਦਵਾਨ ਡਾਃ ਇਸ਼ਤਿਆਕ ਅਹਿਮਦ,ਸਿਰਕੱਢ ਅਰਥ ਸ਼ਾਸਤਰੀ ਡਾਃ ਸ ਸ ਜੌਹਲ,ਡਾਃ ਸ ਪ ਸਿੰਘ,ਡਾਃ ਸੁਰਜੀਤ ਪਾਤਰ ਤੇ ਡਾਃ ਲਖਵਿੰਦਰ ਸਿੰਘ ਜੌਹਲ ਵੱਲੋਂ ਜੀ ਜੀ ਐੱਨ ਆਈ ਐੱਮ ਟੀ ਲੁਧਿਆਣਾ ਵਿਖੇ ਪੰਜਾਬ ਅਧਿਐਨ ਕੇਂਦਰ ਵੱਲੋਂ ਲੋਕ ਅਰਪਣ ਕੀਤੇ ਗਏ।
ਦੋਹਾਂ ਕਾਵਿ ਕਿਤਾਬਾਂ ਦੀ ਜਾਣ ਪਛਾਣ ਕਰਾਉਂਦਿਆਂ ਪੰਜਾਬ ਅਧਿੈਨ ਕੇਂਦਰ ਦੀ ਕਨਵੀਨਰ ਡਾਃ ਮਨਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਿਤਾਬਾਂ ਸੁਰਤਾਲ ਤੇ ਖ਼ੈਰ ਪੰਜਾਂ ਪਾਣੀਆਂ ਦੀ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਇੱਕੋ ਵੇਲੇ ਪ੍ਰਕਾਸ਼ਿਤ ਹੋਣ ਦਾ ਮਾਣ ਮਿਲਿਆ ਹੈ। ਇਨ੍ਹਾਂ ਦਾ ਸ਼ਾਹਮੁਖੀ ਲਿਪੀ ਚ ਉਤਾਰਾ ਤੇ ਸਰਵਰਕ ਸਜਾਵਟ ਸ਼ੇਖੂਪੁਰਾ (ਪਾਕਿਸਤਾਨ) ਵੱਸਦੇ ਕਵੀ ਮੁਹੰਮਦ ਆਸਿਫ਼ ਰਜ਼ਾ ਨੇ ਕੀਤੀ ਹੈ।
ਗੈਰ ਰਸਮੀ ਗੱਲਬਾਤ ਕਰਦਿਆਂ ਡਾਃ ਇਸ਼ਤਿਹਾਕ ਅਹਿਮਦ ਨੇ ਕਿਹਾ ਕਿ ਹਿੰਦ ਪਾਕਿ ਸਾਂਝ ਵਧਾਉਣ ਲਈ ਓਧਰ ਗੁਰਮੁਖੀ ਚ ਛਪਿਆ ਸਾਹਿੱਤ ਸ਼ਾਹਮੁਖੀ ਚ ਪਹੁੰਚਣਾ ਬਹੁਤ ਲਾਜ਼ਮੀ ਹੈ। ਏਸੇ ਤਰ੍ਹਾ ਏਧਰ ਵੀ ਸ਼ਾਹਮੁਖੀ ਚ ਛਪੀਆਂ ਓਧਰਲੀਆਂ ਕਿਤਾਬਾਂ ਗੁਰਮੁਖੀ ਚ ਛਪਣੀਆਂ ਚਾਹੀਦੀਆਂ ਹਨ।
ਡਾਃ ਸ ਸ ਜੌਹਲ ਨੇ ਦੋਹਾਂ ਕਿਤਾਬਾਂ ਦੇ ਸ਼ਾਹਮੁਖੀ ਸਰੂਪ ਨੂੰ ਪਿਆਰ ਦੇਂਦਿਆਂ ਕਿਹਾ ਕਿ ਸਾਡੇ ਲੇਖਕਾਂ ਨੂੰ ਵੀ ਫਾਰਸੀ ਲਿਪੀ ਸਿੱਖਣੀ ਚਾਹੀਦੀ ਹੈ। ਭਾਸ਼ਾ ਵਿਭਾਗ ਵੱਲੋਂ ਉਰਦੂ ਦੀ ਪੜ੍ਹਾਈ ਪੂਰੇ ਪੰਜਾਬ ਚ ਕਰਾਈ ਜਾਂਦੀ ਹੈ, ਇਸ ਦਾ ਫਾਇਦਾ ਉਠਾਇਆ ਜਾਣਾ ਚਾਹੀਦਾ ਹੈ।
ਗੁਰਭਜਨ ਗਿੱਲ ਨੇ ਦੱਸਿਆ ਕਿ ਉਸ ਦੇ ਤਿੰਨ ਕਾਵਿ ਸੰਗ੍ਰਹਿ ਰਾਵੀ, ਸੁਰਤਾਲ ਤੇ ਖ਼ੈਰ ਪੰਜਾਂ ਪਾਣੀਆਂ ਦੀ ਸ਼ਾਹਮੁਖੀ ਚ ਛਪ ਚੁਕੇ ਹਨ ਅਤੇ 10 ਜੂਨ ਨੂੰ ਲਾਹੌਰ ਵਿੱਚ ਪੰਜਾਬੀ ਅਦਬੀ ਸੰਗਤ ਵੱਲੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਅਲੀ ਉਸਮਾਨ ਬਾਜਵਾ,ਅਮਜਦ ਸਲੀਮ ਮਿਨਹਾਸ ਤੇ ਆਸਿਫ਼ ਰਜ਼ਾ ਦੀ ਹਿੰਮਤ ਸਦਕਾ ਪਿਲਾਕ(ਪੰਜਾਬ ਇੰਸਟੀਚਿਉਟ ਆਫ ਲੈਂਗੂਏਜ ਐਂਡ ਕਲਚਰ) ਵਿਖੇ ਖ਼ੈਰ ਪੰਜਾਂ ਪਾਣੀਆਂ ਦੀ ਬਾਰੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਹ ਮੇਰਾ ਸੁਭਾਗ ਹੈ। ਉਨ੍ਹਾਂ ਡਾਃ ਇਸ਼ਤਿਆਕ ਅਹਿਮਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬੀ ਲੋਕ ਵਿਰਾਸਤ ਅਕਾਡਮੀ ਰਾਹੀਂ ਸਾਲਾਨਾ ਓਧਰਲੀ ਇੱਕ ਮਹੱਤਵਪੂਰਨ ਕਿਤਾਬ ਗੁਰਮੁਖੀ ਵਿੱਚ ਪੇਸ਼ ਕਰਨਗੇ। ਇਸ ਵੇਲੇ ਵੀ ਪਾਕਿਸਤਾਨ ਦੇ ਵੱਡੇ ਸ਼ਾਇਰ ਜ਼ਫ਼ਰ ਇਕਬਾਲ ਦੇ ਪੰਜਾਬੀ ਕਲਾਮ ਨੂੰ ਗੁਰਮੁਖੀ ਵਿੱਚ ਕਰਵਾਉਣ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ ਗੁਜਰਾਂ ਵਾਲਾ ਗੁਰੂ ਨਾਨਕ ਐਜੂਕੇਸ਼ਨਲ ਕੌਂਸਲ, ਡਾਃ ਸੁਰਜੀਤ ਪਾਤਰ ਚੇਅਰਮੈਨ ,ਪੰਜਾਬ  ਕਲਾ ਪਰਿਸ਼ਦ, ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਮੁਬਾਰਕਬਾਦ ਦਿੱਤੀ। ਸਮਾਗਮ ਦੇ ਅੰਤ ਵਿਚ ਪ੍ਰੋ: ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡਾਃ ਡੀ ਆਰ ਭੱਟੀ ਸਾਬਕਾ ਡੀ ਜੀ ਪੀ ਪੰਜਾਬ,ਡਾਃ ਅਮਰਜੀਤ ਸਿੰਘ ਹੇਅਰ, ਪੰਜਾਬੀ ਕਵੀ ਪ੍ਰੋ: ਰਵਿੰਦਰ ਭੱਠਲ ਸਾਬਕਾ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ: ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ,ਸ਼ਹੀਦੇ ਆਜ਼ਮ ਸਃ ਭਗਤ ਸਿੰਘ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ, ਪ੍ਰਸਿੱਧ ਚਿੰਤਕ ਤੇ ਨਾਟਕਕਾਰ ਅਮਰਜੀਤ ਗਰੇਵਾਲ, ਕਵੀ ਚੇ ਚਿਤਰਕਾਰ ਸਵਰਨਜੀਤ ਸਵੀ, ਡਾਃ ਗੁਲਜ਼ਾਰ ਪੰਧੇਰ ਸੰਪਾਦਕ ਨਜ਼ਰੀਆ,ਮਨਦੀਪ ਕੌਰ ਭਮਰਾ ਸੰਪਾਦਕ ਪਰ ਹਿੱਤ, ਬਲਕੌਰ ਸਿੰਘ ਗਿੱਲ, ਡਾਃ ਬਲਵਿੰਦਰ ਸਿੰਘ ਔਲਖ ਗਲੈਕਸੀ, ਡਾਃ ਸਰਜੀਤ ਸਿੰਘ ਗਿੱਲ ਸਾਬਕਾ ਡਾਇਰੈਕਟਰ ਪੀ ਏ ਯੂ, ਬਲਰਾਮ ਨਾਟਕਕਾਰ ਪਟਿਆਲਾ, ਰਾਜਦੀਪ ਸਿੰਘ ਤੂਰ,ਸ: ਗੁਰਪ੍ਰੀਤ ਸਿੰਘ ਤੂਰ, ਹਰੀਸ਼ ਮੌਦਗਿੱਲ,ਸ: ਹਰਸ਼ਰਨ ਸਿੰਘ ਨਰੂਲਾ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ,ਡੀ ਐੱਮ ਸਿੰਘ,ਡਾਃ ਚਰਨਜੀਤ ਕੌਰ ਧੰਜੂ, ਡਾਃ ਸਤਿੰਦਰਪਾਲ ਸਿੰਘ ਸੰਘਾ ਸਾਬਕਾ ਡੀਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ,ਡਾਃ ਅਜਾਇਬ ਸਿੰਘ ਪੀਏ ਯੂ,ਡਾਃ ਅਮਰਜੀਤ ਸਿੰਘ ਭੁੱਲਰ ਕੈਨੇਡਾ, ਡਾਃ ਗੁਰਰੀਤਪਾਲ ਸਿੰਘ ਬਰਾੜ ਯੂ ਐੱਸ ਏ, ਪ੍ਰੋਃ ਜਗਜੀਤ ਕੌਰ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਡਾਃ ਤੇਜਿੰਦਰ ਕੌਰ, ਡਾਃ ਗੁਰਪ੍ਰੀਤ ਸਿੰਘ, ਡਾਃ ਦਲੀਪ ਸਿੰਘ, ਰਾਜਿੰਦਰ ਸਿੰਘ ਸੰਧੂ, ਸੁਰਿੰਦਰਦੀਪ ਕੌਰ,ਪ੍ਰੋਃ ਸ਼ਰਨਜੀਤ ਕੌਰ ,ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਕੁਲਜੀਤ ਸਿੰਘ ਅਤੇ ਕੌਂਸਲ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਫੈਕਲਟੀ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *