ਸਿਹਤ ਵਿਭਾਗ ਵਲੋਂ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਜਾਂ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਓ ਸੰਬੰਧੀ ਐਡਵਾਈਜਰੀ  ਜਾਰੀ

Ludhiana Punjabi
  • ਸੰਭਾਵਿਤ ਹੜ੍ਹਾਂ ਵਰਗੀ ਸਥਿਤੀ ਤਹਿਤ ਦਿੱਤੀ ਜਾ ਰਹੀ ਸਿਹਤ ਸਲਾਹ

DMT : ਲੁਧਿਆਣਾ : (14 ਜੁਲਾਈ 2023) : – ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਭਾਵਿਤ ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ  ਲੁਧਿਆਣਾ ਨੇ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਜਾਂ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਸਲਾਹ ਜਾਰੀ ਕੀਤੀ ਹੈ। ਪਾਣੀ ਇਕੱਠਾ ਹੋਣ ਕਾਰਨ ਅਜਿਹੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। 

ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਚੌਕਸ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। 

ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ  ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੀਣ ਲਈ ਉਬਾਲਿਆ ਪਾਣੀ ਹੀ ਸਭ ਤੋਂ ਵੱਧ ਤਰਜੀਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ। ਹੜ੍ਹ ਦੇ ਪਾਣੀ ਵਿੱਚ ਭਿੱਜੀਆਂ ਭੋਜਨ ਸਮੱਗਰੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਲੱਗ ਜਾਂਦੇ ਹਨ, ਤਾਂ ਉਸ ਨੂੰ ਇਲਾਜ ਲਈ ਸਰਕਾਰੀ ਸਿਹਤ ਸੰਸਥਾ ਵਿੱਚ ਜਾਣਾ ਚਾਹੀਦਾ ਹੈ ਅਤੇ ਸਵੈ-ਇਲਾਜ ਨਹੀਂ ਕਰਨਾ ਚਾਹੀਦਾ। 

ਸਿਵਲ ਸਰਜਨ ਨੇ ਦੱਸਿਆ ਕਿ  ਜੇਕਰ ਕੇਸਾਂ ਦਾ ਕੋਈ ਸਮੂਹ (ਅਰਥਾਤ ਇੱਕੋ ਇਲਾਕੇ ਵਿੱਚ ਛੂਤ ਦੀਆਂ ਬਿਮਾਰੀਆਂ ਦੇ 3 ਤੋਂ ਵੱਧ ਕੇਸ ਹੋਣ) ਦੇਖਿਆ ਜਾਂਦਾ ਹੈ, ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਅਤੇ ਕੀੜੇ-ਮਕੌੜਿਆਂ ਦੇ ਕੱਟਣ ਕਾਰਨ ਹੜ੍ਹਾਂ ਦੌਰਾਨ ਬੈਕਟੀਰੀਆ ਵਾਲੀ ਚਮੜੀ ਦੀ ਲਾਗ ਆਮ ਹੁੰਦੀ ਹੈ ਅਤੇ ਅਜਿਹੇ ਸੰਕਰਮਣ ਨੂੰ ਰੋਕਣ ਲਈ ਲੋਕਾਂ ਨੂੰ ਰਬੜ ਦੇ ਬੂਟ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਕਿਸਮ ਦੇ ਇਲਾਜ ਦਾ ਲਾਭ ਲੈਣ ਲਈ ਨਜ਼ਦੀਕੀ ਸਿਹਤ ਸੰਸਥਾਂ ਦੀ ਸੇਵਾ ਲਈ ਜਾਵੇ। 

ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਵਿੱਚ ਨਾ ਜਾਓ ਕਿਉਂਕਿ ਹੜ੍ਹਾਂ ਦੌਰਾਨ ਸੱਪ ਦਾ ਡੰਗਣਾ ਵੀ ਆਮ ਗੱਲ ਹੈ। ਜੇ ਤੁਹਾਨੂੰ ਪਾਣੀ ਵਿੱਚ ਦਾਖਲ ਹੋਣ ਦੀ ਲੋੜ ਹੈ, ਤਾਂ ਢੁਕਵੇਂ ਲੰਬੇ ਬੂਟ ਪਾਓ। ਸੱਪ ਦੇ ਡੰਗਣ ਦੀ ਸਥਿਤੀ ਵਿੱਚ, ਮਰੀਜ਼ ਨੂੰ ਜਲਦ ਤੋਂ ਜਲਦ ਨਜ਼ਦੀਕੀ ਸਿਹਤ ਕੇਂਦਰ ਵਿੱਚ ਲੈ ਜਾਓ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦੀ ਰੋਕਥਾਮ ਲਈ ਲਾਰਵੀਸਾਈਡ ਦਾ ਛਿੜਕਾਅ ਕਰਨ ਦੇ ਵੀ ਨਿਰਦੇਸ਼ ਦਿੱਤੇ।

Leave a Reply

Your email address will not be published. Required fields are marked *