7–8 ਅਕਤੂਬਰ ਨੂੰ  ਕੈਨੇਡਾ ਵਿੱਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਪ੍ਰਕਾਸ਼ਨ ਹਿਤ

Ludhiana Punjabi

DMT : ਲੁਧਿਆਣਾ : (05 ਅਕਤੂਬਰ 2023) : –

ਪੰਜਾਬ ਭਵਨ ਸਰੀ (ਕੈਨੇਡਾ):
ਸੁਪਨਾ ਕਿਵੇਂ ਹਕੀਕਤ ਬਣਿਆ

ਗੁਰਭਜਨ ਗਿੱਲ

ਮੈਂ ਕਦੇ ਪਰਦੇਸ ਜਾਣ ਦਾ ਸੁਪਨਾ ਨਹੀਂ ਸੀ ਲਿਆ। ਅਕਤੂਬਰ 1997 ਤੀਕ ਪਾਸਪੋਰਟ ਵੀ ਨਹੀਂ ਸੀ ਬਣਵਾਇਆ। 1997 ਵਿਚ ਮਿਲਵਾਕੀ (ਅਮਰੀਕਾ) ਵਿਚ ਸ. ਦਰਸ਼ਨ ਸਿੰਘ ਧਾਲੀਵਾਲ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਈ ਤਾਂ ਮਨ ਲਲਚਾਇਆ ਕਿ ਅਮਰੀਕਾ ਜਾਇਆ ਜਾਵੇ। ਪੰਜਾਬੀ ਸਾਹਿੱਤ ਅਕਾਡਮੀ ਵਿੱਚ ਹੀ ਤਾਂ ਸਾਰੀ ਯੋਜਨਾਕਾਰੀ ਹੋ ਰਹੀ ਸੀ ਸਃ ਅਮਰੀਕ ਸਿੰਘ ਪੂਨੀ ਦੀ ਨਿਗਰਾਨੀ ਹੇਠ। ਮੈਂ ਭਾਵੇਂ ਮੀਤ ਪ੍ਰਧਾਨ ਸਾਂ ਪਰ ਕਿਸੇ ਨੇ ਵੀ ਸੁਲ੍ਹਾ ਹੀ ਨਾ ਮਾਰੀ। ਮੈਂ ਵੀ ਆਕੜਿਆ ਰਿਹਾ। ਮੈਂ ਕਿਉਂ ਆਖਾਂ? ਪੰਜਾਬੀ ਕਵੀ ਦਿਓਲ ਦਾ ਸ਼ਿਅਰ ਚੇਤੇ ਆਈ ਗਿਆ।

ਜਿਸ ਨੂੰ ਅੱਗ ਦੀ ਤਲਬ ਹੋਵੇਗੀ
ਆਪੇ ਚੱਲ ਕੇ ਆਵੇਗਾ,
ਮੈਂ ਕਿਉਂ ਆਖਾਂ ਵਿੱਚ ਚੌਰਾਹੇ,
ਮੈਂ ਅਗਨੀ ਹਾਂ ਵੇਚ ਰਿਹਾ।

ਪਰ ਮੇਰੇ ਨਾ ਪੱਲੇ ਪਾਸਪੋਰਟ,ਨਾ ਸੱਦਾ ਪੱਤਰ। ਅਚਨਚੇਤ ਮੇਰੇ ਪੁੱਤਰ ਪੁਨੀਤਪਾਲ ਦੇ ਮਿਲਵਾਕੀ ਵੱਸਦੇ ਨਾਨਕਿਆਂ ਦਾ ਫ਼ੋਨ ਆ ਗਿਆ ਕਿ ਤੁਸੀਂ ਵੀ ਆ ਜਾਉ। ਉਨ੍ਹਾਂ ਕਾਨਫਰੰਸ ਦੇ ਜਨਰਲ ਸਕੱਤਰ ਡਾਃ ਸਵਰਨਜੀਤ ਸਿੰਘ(ਪ੍ਰੋਫੈਸਰ, ਵਿਸਕੌਨਸਨ ਸਟੇਟ ਯੂਨੀਵਰਸਿਟੀ)ਵੱਲੋਂ ਸੱਦਾ ਪੱਤਰ ਸਿੱਧਾ ਹੀ ਮੈਨੂੰ ਭਿਜਵਾ ਦਿੱਤਾ, ਪਰ ਭਾਰਤੀ ਪ੍ਰਬੰਧਕਾਂ ਤੋਂ ਲਾਂਭੇ ਲਾਂਭੇ।
ਮੈਂ ਐਮਰਜੈਂਸੀ ਵਿਚ ਤਤਕਾਲ ਪਾਸਪੋਰਟ ਬਣਵਾ ਲਿਆ। ਦਿੱਲੀ ਅਮਰੀਕਨ ਅੰਬੈਸੀ ਵਾਲਿਆਂ ਨੇ ਬੇਰੰਗ ਮੋੜ ਦਿੱਤਾ ਤਿੰਨ ਦਿਨ ਖੱਜਲ ਕਰਕੇ, ਅਖੇ ! ਕਾਨਫ਼ਰੰਸ ਤਾਂ ਅੱਜ ਸ਼ੁਰੂ ਹੋ ਗਈ, ਤੁਸੀਂ ਕੀ ਕਰਨੈਂ ਜਾ ਕੇ।
ਨਾਲ ਹੀ ਲਿਖ ਮਾਰਿਆ, ਤੁਹਾਡੇ ਬੈਂਕ ਖਾਤੇ ਵਿਚ ਰੁਪਈਏ ਵੀ ਘੱਟ ਹਨ, ਪਤਾ ਨਹੀਂ ਮੁੜੋ ਜਾਂ ਨਾ ਮੁੜੋ ! ਦਿੱਲੀਓੁਂ ਪਰਤਦਿਆਂ ਮਨ ਉਦਾਸ ਵੀ ਸੀ ਪਰ ਇਹ ਅਹਿਸਾਸ ਪ੍ਰਬਲ ਹੋ ਗਿਆ।

ਲੁਧਿਆਣੈ ਜਾ ਕੇ ਸਮਝੀਦੈ, ਸਾਡੇ ਤੁਲ ਨਹੀਂ।
ਦਿੱਲੀ ਜਾ ਕੇ ਜਾਣੀਦੈ, ਦੁਆਨੀ ਸਾਡਾ ਮੁੱਲ ਨਹੀਂ।

ਉਦੋਂ ਰੋਜ਼ਾਨਾ ਅਜੀਤ ਦਾ ਲੁਧਿਆਣਾ ਸਪਲੀਮੈਂਟ ਨਵਾਂ ਨਵਾਂ ਸ਼ੁਰੂ ਹੋਇਆ ਸੀ। ਉਸ ਵਿਚ ਮੇਰਾ ਰੈਗੂਲਰ ਸਪਤਾਹਿਕ ਕਾਲਮ ‘ਤੀਸਰਾ ਨੇਤਰ’ ਛਪਦਾ ਸੀ। ਮੈਂ ਉਸ ਵਿਚ ਪੂਰਾ ਹਾਲ ਲਿਖ ਮਾਰਿਆ ਕਿ ਮੇਰੀ ਕਿਵੇਂ ਕਿਵੇਂ ਮੇਰੇ ਸੁਪਨੇ ਦੀ ਬੇ ਹੁਰਮਤੀ ਹੋਈ।
ਪਰ ਇਕ ਗੱਲ ਚੰਗੀ ਹੋਈ ਕਿ ਪਾਸਪੋਰਟ ਬਣ ਗਿਆ, ਜਿਸ ਦੇ ਸਹਾਰੇ ਮੈਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਤੇ ਨਵੰਬਰ1997 ’ਚ ਜਾ ਸਕਿਆ। 2001 ਵਾਲੀ ਲਾਹੌਰ ਵਿਸ਼ਵ ਪੰਜਾਬੀ ਕਾਨਫ਼ਰੰਸ ਵੀ ਤਾਂਹੀਉਂ ਮਾਣ ਸਕਿਆ ਇੰਦਰਜੀਤ ਹਸਨਪੁਰੀ, ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ ਔਲਖ, ਸਤਿੰਦਰ ਸਿੰਘ ਨੂਰ ਤੇ ਸੁਖਦੇਵ ਸਿੰਘ ਸਿਰਸਾ ਨਾਲ ਜਾ ਕੇ।

ਅਮਰੀਕਾ, ਕੈਨੇਡਾ ਤੇ ਯੂ. ਕੇ. ਵੱਸਦੇ ਮਿੱਤਰ ਲੇਖਕ ਜਦ ਵੀ ਲੁਧਿਆਣੇ ਆਉਂਦੇ ਤਾਂ ਆਉਣ ਦਾ ਸੱਦਾ ਪੱਤਰ ਦੇ ਜਾਂਦੇ। 2003 ਵਿਚ ਟੋਰੰਟੋ (ਕੈਨੇਡਾ) ਵੱਸਦੇ ਵੱਡੇ ਵੀਰ ਇਕਬਾਲ ਮਾਹਲ ਨੇ ਹੁਕਮ ਚਾੜ੍ਹਿਆ ਕਿ ਮੈਂ ਰਾਹਦਾਰੀ ਭੇਜ ਰਿਹਾਂ, ਆਉਣ ਲਈ ਤਿਆਰ ਹੋ ਜਾ। ਨਾਲ ਹੀ ਹਦਾਇਤਨਾਮਾ ਲਿਖ ਭੇਜਿਆ ਕਿ ਵੀਜ਼ਾ ਕਿਵੇਂ ਲੈਣਾ ਹੈ। ਕਾਗ਼ਜ਼ ਕਿਹੜੇ ਚਾਹੀਦੇ ਨੇ। ਕੱਪੜੇ ਕਿਹੋ ਜਹੇ ਪਾ ਕੇ ਜਾਣੇ ਨੇ। ਮੈਂ ਸਭ ਕੁਝ ਉਵੇਂ ਹੀ ਕੀਤਾ ਤੇ ਕੈਨੇਡਾ ਦਾ ਵੀਜ਼ਾ ਮਿਲ ਗਿਆ। ਅਮਰੀਕਾ ਦਾ ਵੀ ਵੀਜ਼ਾ ਹਫ਼ਤੇ ਬਾਅਦ ਮਿਲ ਗਿਆ।
ਮੈਂ ਡਾਃ ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਕੈਨੇਡਾ ਵੱਲ ਚੱਲ ਪਿਆ।
ਵੈਨਕੁਵਰ ਹਵਾਈ ਅੱਡੇ ਤੋਂ ਮੇਰੇ ਬੇਲੀ ਡਾ. ਰੁਸਤਮ ਗਿੱਲ ਆਲਗੀਰੀਏ ਨੇ ਲਿਆ। ਉਸ ਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਉਹ ਤਾਂ ਮੇਰੀ 1976 ’ਚ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿਚ  ਵਿਦਿਆਰਥਣ ਰਹੀ ਰਾਜਿੰਦਰ ਕੌਰ (ਕੱਦੋਂ) ਨਾਲ ਵਿਆਹਿਆ ਹੋਇਐ। ਉਸ ਮਗਰੋਂ ਸਰੀ ’ਚ ਮੇਰਾ ਇਹ ਦੂਸਰਾ ਘਰ ਬਣ ਗਿਆ।
ਭਾਵੇਂ ਵਿਸ਼ਵ ਪੰਜਾਬੀ ਕਾਨਫ਼ਰੰਸ ਬੜੀ ਮਿਆਰੀ ਤੇ ਪਿਆਰੀ ਸੀ। ਪਰ ਇਕ ਗੱਲ ਬਹੁਤ ਅੱਖਰੀ ! ਜੇ ਇਕ ਸੈਸ਼ਨ ਲਾਇਬ੍ਰੇਰੀ ਵਿਚ ਹੈ ਤੇ ਦੂਜਾ ਕਾਫ਼ੀ ਦੂਰ ਕਿਸੇ ਹੋਰ ਥਾਂ। ਖਿੱਲਰਵਾਂ ਨਿਜ਼ਾਮ ਸੀ। ਆਉ ਭਗਤ ਵਿਚ ਕੋਈ ਕਸਰ ਨਹੀਂ ਸੀ ਪਰ ਅਸੀਂ ਪੰਜਾਬ ਦੇ ਗਿੱਝੇ ਲੋਕ ਇਹੀ ਮਹਿਸੂਸ ਕਰੀ ਗਏ ਕਿ ਸਾਰਾ ਕੁਝ ਇੱਕੋ ਥਾਂ ਕਿਉਂ ਨਹੀਂ?
ਕਾਨਫ਼ਰੰਸ ਮਗਰੋਂ ਮੈਂ ਅਮਰੀਕਾ ਚਲਾ ਗਿਆ ਤੇ ਉਥੋਂ ਟੋਰੰਟੋ ਆ ਗਿਆ। ਹਵਾਈ ਅੱਡੇ ਤੋਂ ਇਕਬਾਲ ਮਾਹਲ ਆਪਣੇ ਘਰ ਲੈ ਗਏ। ਉਨ੍ਹਾਂ ਇਕ ਬੈਂਕੁਇਟ ਹਾਲ  ਵਿਚ ਮੇਰਾ ਸੁਆਗਤੀ ਸਮਾਗਮ ਰਚਾਇਆ। ਸ. ਇੰਦਰਜੀਤ ਸਿੰਘ ਬੱਲ ਤੇ ਮਾਸਟਰ ਹਰਚਰਨ ਸਿੰਘ ਗਿੱਲ ‘ਰਾਮੂਵਾਲੀਆ’ ਉਨ੍ਹਾਂ ਦੇ ਨਿਕਟ ਸਹਿਯੋਗੀ ਸਨ।  ਇੱਕ ਸ਼ਾਮ ਦਲਬੀਰ ਸਿੰਘ ਕਥੂਰੀਆ ਨਾਲ ਵੀ ਗੁਜ਼ਾਰੀ ਸੱਜਣਾਂ ਸਮੇਤ।
ਚੰਗੀ ਰੌਣਕ ਸੀ ਪਰ ਇਹ ਗੱਲ ਰੜਕੀ ਕਿ ਪੰਜਾਬੀਆਂ ਕੋਲ ਬਦੇਸ਼ਾਂ ਵਿਚ ਸਭ ਕੁਝ ਹੋਣ ਦੇ ਬਾਵਜੂਦ ਸਾਂਝੇ ਸੁਪਨਿਆਂ ਵਿਚ ਰੰਗ ਭਰਨ ਵਾਲਾ ਆਪਣਾ ‘ਘਰ’ ਸਾਂਝੇ ਤੌਰ ਤੇ ਇਕ ਵੀ ਨਹੀਂ। ਆਲੀਸ਼ਾਨ ਗੁਰੂਘਰ ਹਨ, ਮੰਦਿਰ ਹਨ, ਮਸੀਤਾਂ ਵੀ ਕਮਾਲੋ ਕਮਾਲ, ਪਰ ਪੰਜਾਬੀਆਂ ਦਾ ਸਰਬ ਸਾਂਝਾ ਘਰ ਕਿੱਥੇ ਹੈ?
ਇਹ ‘ਕਸਕ’ ਲੈ ਕੇ ਮੈਂ ਪਰਤ ਆਇਆ। 2006 ਵਿਚ ਦੋਬਾਰਾ ਗਿਆ ਤਾਂ ਇਕ ਸੁਆਗਤੀ ਮੀਟਿੰਗ ਵਿਚ ਟੋਰੰਟੋ ਅੰਦਰ ਹੀ ਪੰਜਾਬੀਆਂ ਨੂੰ ਮੈਂ ਵੰਗਾਰ ਪਾਈ, ਕਿ ਤੁਹਾਡੇ ਕੋਲ ਸਮੂਹ ਪੰਜਾਬੀਆਂ ਲਈ ਸਰਬ ਸਾਂਝਾ ਘਰ ਕਿੱਥੇ ਹੈ ?, ਜਿੱਥੇ ਤੁਹਾਡੇ ਬੱਚੇ ਗਿੱਧਾ, ਭੰਗੜਾ, ਲੁੱਡੀ, ਝੁੰਮਰ, ਲੰਮੀ ਹੇਕ ਦੇ ਗੀਤ ਸਿੱਖ ਸਕਣ। ਧੀਆਂ ਭੈਣਾ ਕਿੱਕਲੀ ਪਾ ਸਕਣ। ਸਿੱਠਣੀਆਂ, ਸੁਹਾਗ ਤੇ ਘੋੜੀਆਂ ਗਾ ਸਕਣ ਇਕੱਠੀਆਂ ਬਹਿ ਕੇ।
ਇਸ ਇਕੱਤਰਤਾ ਵਿਚ ਪੰਜਾਬੀ ਲੇਖਕ ਸ੍ਵ. ਸ. ਤਰਲੋਚਨ ਸਿੰਘ ਗਿੱਲ ਵੀ ਬੈਠੇ ਸਨ। ਉੱਠ ਕੇ ਬੋਲੇ ! ਆਹ ਫੜੋ 1000/- ਡਾਲਰ ਦਾ ਚੈੱਕ, ਹੋਰ ਵੀ ਦੇ ਦੇਵਾਂਗਾ। 200 ਬੰਦੇ ਬੈਠੇ ਨੇ ਜੇ ਸਾਰੇ ਹਿੰਮਤ ਕਰਨ ਤਾਂ ਟੋਰੰਟੋ ਵਿਚ ਹੀ ਲੁਧਿਆਣੇ ਵਰਗਾ ‘ਪੰਜਾਬੀ ਭਵਨ’ ਬਣ ਸਕਦਾ ਹੈ। ਮੈਂ ਚੈੱਕ ਪਰਤਾਉਂਦਿਆਂ ਕਿਹਾ, ‘ਭਾਜੀ ! ਕਾਹਲੇ ਨਾ ਪਉ। ਸਰਬ ਸੰਮਤੀ ਨਾਲ ਇਸ ਸੰਕਲਪ ਨੂੰ ਪ੍ਰਵਾਨ ਕਰੋ, ਰਿੜਕੋ ਤੇ ਅੱਗੇ ਤੁਰੋ। ਗੱਲ ਆਈ ਗਈ ਹੋ ਗਈ। ਕੁਝ ਨਾ ਹੋ ਸਕਿਆ।
ਸਾਲ 2016 ਵਿਚ ਮੈਂ ਜਦ ਅਮਰੀਕਾ ਫੇਰੀ ਤੋਂ ਬਾਅਦ ਕੈਨੇਡਾ ਆਇਆ ਤਾਂ ਆਪਣੇ ਮਿੱਤਰਾਂ ਮੋਹਨ ਗਿੱਲ, ਜਰਨੈਲ ਸਿੰਘ ਚਿੱਤਰਕਾਰ, ਕੁਲਦੀਪ ਗਿੱਲ, ਅੰਗਰੇਜ਼ ਸਿੰਘ ਬਰਾੜ ਤੇ ਹੋਰਨਾਂ ਨਾਲ ਘੁੰਮਦਿਆਂ ਇਕ ਦਿਨ ਕੈਲੋਨਾ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਸਮੇਤ ਕੈਲੋਨਾ ਤੋਂ ਰਾਤ ਕੱਟ ਕੇ ਪਰਤ ਰਿਹਾ ਸਾਂ ਤਾਂ ਅਚਨਚੇਤ ਮੋਹਨ ਦੇ ਟੈਲੀਫ਼ੋਨ ਦੀ ਘੰਟੀ ਵੱਜੀ।  ਮੋਹਨ ਗਿੱਲ ਦੇ ਦੂਜੇ ਪਾਸੇ ਫ਼ੋਨ ਤੇ ਸੁੱਖੀ ਬਾਠ ਸੀ। ਉਸ ਨੇ ਮੋਹਨ ਨੂੰ ਮਿਲਣ ਲਈ ਬੁਲਾਇਆ ਤਾਂ ਉਸ ਕਿਹਾ ਕਿ ਕੁਝ ਦਿਨ ਅਜੇ ਆਪਣੇ ਪੰਜਾਬੋਂ ਆਏ ਸਹਿਪਾਠੀ ਮਿੱਤਰ ਗੁਰਭਜਨ ਗਿੱਲ ਨਾਲ ਰੁੱਝਿਆ ਹੋਇਆ ਹਾਂ, ਕੁਝ ਦਿਨ ਅਟਕ ਕੇ ਆ ਸਕਾਂਗਾ।
ਮੇਰਾ ਨਾਮ ਸੁਣ ਕੇ ਸੁੱਖੀ ਬਾਠ ਨੇ ਮਿਲਣ ਦੀ ਇੱਛਾ ਜਤਾਈ। ਦੂਜੇ ਦਿਨ ਮਿਲਣ ਦਾ ਪ੍ਰੋਗਰਾਮ ਬਣ ਗਿਆ। ਰਾਤ ਨੂੰ ਅਚਾਨਕ ਮੋਹਨ ਸਖ਼ਤ ਬੀਮਾਰ ਹੋ ਗਿਆ ਤੇ ਕੁਲਦੀਪ ਗਿੱਲ ਨੇ ਉਸ ਦੀ ਥਾਂ ਮਿਲਾਉਣ ਦੀ ਡਿਊਟੀ ਲੈ ਲਈ ਕਿ ਉਹ ਮੈਨੂੰ ਸੁੱਖੀ ਬਾਠ ਨੂੰ ਮਿਲਾ ਦੇਵੇਗਾ।
ਤੁਰਨ ਲੱਗੇ ਤਾਂ ਪੀ ਏ ਯੂ ਵਾਲੇ ਡਾ. ਗੁਲਜ਼ਾਰ ਵਿਲਿੰਗ ਦਾ ਫ਼ੋਨ ਆ ਗਿਆ ਕਿ ਲੁਧਿਆਣਿਉਂ ਡਾ. ਸੁਰਜੀਤ ਸਿੰਘ ਗਿੱਲ ਵੀ ਸਰੀ ਆਏ ਹੋਏ ਨੇ। ਡਾਃ ਗਿੱਲ ਮੇਰੇ ਸੀਨੀਅਰ ਸਹਿਕਰਮੀ ਰਹੇ ਹੋਣ ਕਾਰਨ ਮੈਨੂੰ ਬਹੁਤ ਹੀ ਚੰਗਾ ਲੱਗਿਆ ਕਿ ਇਕੱਠੇ ਜਾਵਾਂਗੇ ਸੁੱਖੀ ਬਾਠ ਕੋਲ।
‘ਬਾਠ ਮੋਟਰਜ’ ਵਾਲੇ ਕੰਪਲੈਕਸ ਵਿਚ ਪੁੱਜੇ ਤਾਂ ਸੁੱਖੀ ਬਾਠ ਉਡੀਕ ਰਿਹਾ ਸੀ। ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸੀ। ਉਸ ਬਾਰੇ ਏਨੀ ਗੱਲ ਕੁਲਦੀਪ ਤੇ ਮੋਹਨ ਨੇ ਪਹਿਲਾਂ ਹੀ ਮੈਨੂੰ ਦੱਸ ਦਿੱਤੀ ਸੀ ਕਿ ਉਹ ‘ਸਟੁਡੀਉ 7’ ਨਾਮ ਹੇਠ ਇਕ ਨਿਸ਼ਕਾਮ ਸੰਸਥਾ ਚਲਾ ਰਿਹਾ ਹੈ। ਸੁੱਖੀ ਆਪਣੇ ਕਾਰੋਬਾਰ ਤੇ ‘ਸਟੁਡੀਉ 7 ਦੇ ਸਮਾਜਿਕ ਸਾਰਥਕ ਕਾਰਜ ਬਾਰੇ ਸਾਨੂੰ ਜਦ ਦੱਸ ਰਿਹਾ ਸੀ ਤਾਂ ਉਸ ਦੀਆਂ ਗੱਲਾਂ ਵਿਚੋਂ ਮੈਨੂੰ ਮਹਿਸੂਸ ਹੋਇਆ ਕਿ ਜਿੰਨਾ ਵੱਡਾ ਸੁਪਨਾ ਲੈ ਕੇ ਸੁੱਖੀ ਬਾਠ ਇਹ ‘ਸਟੁਡੀਉ 7’ ਸ਼ੁਰੂ ਕੀਤਾ ਸੀ, ਓਨਾ ਵੱਡਾ ਨਤੀਜਾ ਨਹੀਂ ਮਿਲ ਰਿਹਾ।
ਮੈਂ ਆਪਣੀਆਂ ਕਿਤਾਬਾਂ ‘ਗੁਲਨਾਰ’ ਤੇ ਕਾਵਿ ਸੰਗ੍ਰਹਿ “ਧਰਤੀ ਨਾਦ”ਉਨ੍ਹਾਂ ਨੂੰ ਭੇਂਟ ਕਰਨ ਉਪਰੰਤ ਕਿਹਾ  ਕਿ ਉਹ ਜੇ ਸੱਚ ਮੁੱਚ ਕੁਝ ਕਰਨਾ ਚਾਹੁੰਦਾ ਹੈ ਤਾਂ ਇਸੇ ਕੰਪਲੈਕਸ ਵਿਚ ਕੁਝ ਤਰਮੀਮ ਕਰਕੇ ‘ਪੰਜਾਬੀ ਭਵਨ’ ਨਾਮ ਹੇਠ ਨਵੇਂ ਸਿਰਿਉਂ ਵਿਉਂਤਕਾਰੀ ਕਰੇ। ਮੇਰੀਆਂ ਗੱਲਾਂ ਨਾਲ ਡਾ. ਸੁਰਜੀਤ ਸਿੰਘ ਗਿੱਲ, ਡਾ. ਗੁਲਜ਼ਾਰ ਵਿਲਿੰਗ ਤੇ ਕੁਲਦੀਪ ਗਿੱਲ ਨੇ ਵੀ ਹਾਮੀ ਭਰੀ।
ਸੁੱਖੀ ਬਾਠ ਨੇ ਤੁਰੰਤ ਹੁੰਗਾਰਾ ਭਰਨ ਦੀ ਥਾਂ ਸੋਚ ਵਿਚਾਰ ਕਰਕੇ ਫ਼ੈਸਲਾ ਦੱਸਣ ਬਾਰੇ ਕਿਹਾ। ਮੇਰੀ ਪਹਿਲੀ ਮੁਲਾਕਾਤ ਹੋਣ ਕਾਰਨ ਮੈਂ ਇਹ ਗੱਲ ਆਪਣੇ ਮਨ ਹੀ ਮਨ ਵਿਚ ‘ਰੱਦ’ਹੀ ਸਮਝੀ ਕਿਉਂਕਿ ਇਹ ਮੇਰੀ ਸੋਚ ਮੇਰੀ ਹੈ, ਪਰ ਕੰਮ ਤਾਂ ਸੁੱਖੀ ਬਾਠ ਦੇ ਪੈਸੇ ਨਾਲ ਨੇਪਰੇ ਚੜ੍ਹਨਾ ਸੀ।
ਕੁਝ ਦਿਨ ਸਰੀ ਰਹਿ ਕੇ ਮੈਂ ਅਮਰੀਕਾ ਚਲਾ ਗਿਆ। ਹਰਵਿੰਦਰ ਰਿਆੜ ਦੇ ਘਰ ਨਿਊਜਰਸੀ ਸ਼ਹਿਰ ‘ਕਾਰਟਰੇਟ’ਵਿਚ ਸਾਂ, ਜਦ ਨਾਮਧਾਰੀ ਸਮਾਜ ਮੁਖੀ ਸਤਿਗੁਰੂ ਉਦੈ ਸਿੰਘ ਜੀ ਦੀ ਫ਼ੋਨ ਕਾਲ ਆਈ, ਕਿੱਥੇ ਹੋ? ਮੈਂ ਦੱਸਿਆ ਕਿ ਅੱਜ ਨਿਊਜਰਸੀ ਹਾਂ ਪਰ ਕੱਲ੍ਹ ਨਿਊਯਾਰਕ ਚਲਾ ਜਾਵਾਂਗਾ ਤੇ ਕੁਝ ਦਿਨਾਂ ਬਾਅਦ ਸਾਨਫ਼ਰਾਂਸਿਸਕੋ ਵਿਖੇ ‘ਯੁਗਾਂਤਰ ਆਸ਼ਰਮ’ਵਿਚ ਮੈਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਲੈਕਚਰ ਦੇਣਾ ਹੈ। ਗ਼ਦਰ ਮੈਮੋਰੀਅਲ ਫਾਊਂਡੇਸ਼ਨ ਵਾਲੇ ਓਥੇ ਸ਼ਹੀਦੀ ਦਿਵਸ ਮਨਾ ਰਹੇ ਨੇ।
ਉਹ ਬੋਲੇ ਕਿ ਪਹਿਲੀ ਅਗਸਤ ਨੂੰ ਤੁਸੀਂ ਸਾਨੂੰ ‘ਸਰੀ’ਚਾਹੀਦੇ ਹੋ। ਸਤਿਗੁਰੂ ਰਾਮ ਸਿੰਘ ਜੀ ਬਾਰੇ ਵਿਸ਼ੇਸ਼ ਅੰਤਰ ਰਾਸ਼ਟਰੀ ਸੈਮੀਨਾਰ ਹੈ। ਤੁਹਾਡੇ ਮਿੱਤਰ ਡਾ. ਵਰਿਆਮ ਸਿੰਘ ਸੰਧੂ ਵੀ ਟੋਰੰਟੋ ਤੋਂ ਆ ਰਹੇ ਨੇ ਤੇ ਆਹ ਸਿਰਸਾ ਵਾਲੇ ਸੁਵਰਨ ਸਿੰਘ ਵਿਰਕ ਮੇਰੇ ਨਾਲ ਹੀ ਨੇ। ਆਹ ਗੱਲ ਕਰੋ ! ਮੈਂ ਉਨ੍ਹਾਂ ਨੂੰ ਨਾਂਹ ਕਰਨ ਦੀ ਹਾਲਤ ’ਚ ਨਹੀਂ ਸਾਂ। ਹਾਮੀ ਭਰੀ, ਇਹ ਸੋਚ ਕੇ ਕਿ ਯੁਗਾਂਤਰ ਆਸ਼ਰਮ ਸਾਨਫਰਾਂਸਿਸਕੋ ਵਿਚੋਂ ਲੈਕਚਰ ਖ਼ਤਮ ਕਰਨ ਸਾਰ ਹਵਾਈ ਅੱਡੇ ਤੋਂ ਵੈਨਕੁਵਰ ਦੀ ਫਲਾਈਟ ਲੈ ਲਵਾਂਗਾ। ਡੇਢ ਘੰਟੇ ਵਿਚ ਵੈਨਕੁਵਰ ਪੁੱਜ ਜਾਵਾਂਗਾ। ਮੈਂ ਏਦਾਂ ਹੀ ਕੀਤਾ।

ਸੈਮੀਨਾਰ ਕਮਾਲ ਦਾ ਸੀ। ਪਹਿਲਾ ਲੈਕਚਰ ਮੇਰਾ ਸੀ। ਮੇਰੇ ਕਈ ਸ਼ੁਭ ਚਿੰਤਕ ਸਮਾਗਮ ਵਿਚ ਸਨ। ਵਰਿਆਮ ਸਿੰਘ ਸੰਧੂ, ਡਾ. ਸਾਧੂ ਸਿੰਘ, ਸਾਧੂ ਬਿਨਿੰਗ, ਸੋਹਣ ਸਿੰਘ ਪੂਨੀ, ਭੁਪਿੰਦਰ ਮੱਲ੍ਹੀ ਤੇ ਇੰਗਲੈਂਡ ਤੋਂ ਆਏ ਸ. ਬਲਬੀਰ ਸਿੰਘ ਕੰਵਲ ਵਰਗੇ ਵਿਦਵਾਨ ਵੀ।
ਦੂਸਰੇ ਤੀਸਰੇ ਦਿਨ ‘ਵੈਨਕੁਵਰ ਵਿਚਾਰ ਮੰਚ ਵਲੋਂ ਅੰਗਰੇਜ਼ ਸਿੰਘ ਬਰਾੜ ਤੇ ਸਾਥੀਆਂ ਨੇ ਗੀਤਕਾਰ ਤੇ ਫ਼ਿਲਮਸਾਜ਼ ਰਾਜ ਕਾਕੜਾ ਤੇ ਸੁਰੀਲੀ ਗਾਇਕਾ ਰਾਖੀ ਹੁੰਦਲ ਦਾ ‘ਰੂ^ਬ^ਰੂ ਸਟੁਡੀਉ-7 ਵਿਚ ਰੱਖਿਆ ਹੋਇਆ ਸੀ।
ਸੁੱਖੀ ਬਾਠ ਤੇ ਮੈਂ ਲਗਪਗ ਮਹੀਨੇ ਬਾਅਦ ਪ੍ਰਧਾਨਗੀ ਮੰਡਲ ਵਿਚ ਹੀ ਇਕੱਠੇ ਬੈਠੇ ਸਾਂ।
ਮੈਂ ਕੰਨ ਵਿਚ ਪੁੱਛਿਆ ਕਿ ਮੇਰੀ ਸਲਾਹ ਦਾ ਕੀ ਬਣਿਆ ? ਸੁੱਖੀ ਬਾਠ ਨੇ ਹੋਰ ਕੁਝ ਨਾ ਕਿਹਾ, ਇਕੋ ਹਰਫ਼ ਬੋਲਿਆ, ‘ਡਨ।
ਇਹ ਅੰਗ੍ਰੇਜ਼ੀ ਵਾਲਾ ‘ਡਨ’ਸੀ ਜਿਸ ਦਾ ਅਰਥ ਸੀ ‘ਹੋ ਗਿਆ। ਉਸ ਕਿਹਾ, ਵਿਸਥਾਰ ’ਚ ਗੱਲ ਇੰਡੀਆ ਆ ਕੇ ਕਰਾਂਗੇ। ਮੈਂ ਇਸੇ ਮਹੀਨੇ ਦੇ ਅਖ਼ੀਰ ’ਚ ਇੰਡੀਆ ਆ ਰਿਹਾਂ।
ਪੰਦਰਾਂ ਕੁ ਦਿਨਾਂ ਬਾਅਦ ਫ਼ੋਨ ਆਇਆ ਕਿ ਨਾਮ ਫ਼ਾਈਨਲ ਕਰ ਲਈਏ। ਮੈਂ ਪੰਜਾਬੀ ਭਵਨ ਚਾਹੁੰਦਾ ਸੀ ਪਰ ਉਸ ਦੇ ਮਨ ਵਿਚ ‘ਪੰਜਾਬ ਭਵਨ’ਭਾਰੂ ਸੀ। ਜਰਨੈਲ ਸਿੰਘ ਆਰਟਿਸਟ , ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਵੀ ‘ਪੰਜਾਬ ਭਵਨ’ਦੇ ਹੱਕ ਵਿਚ ਸਨ। ਅਸਾਂ ਰਲ ਕੇ ਜੈਕਾਰਾ ਲਾ ਦਿੱਤਾ। ਜਰਨੈਲ ਸਿੰਘ ਨੇ ਇਸ ਦਾ ਲੋਗੋ ਡੀਜ਼ਾਈਨ ਕਰ ਲਿਆ। ਫ਼ੋਨ ਤੇ ਹੀ ਪੂਰੀ ਯੋਜਨਾਕਾਰੀ ਹੋ ਗਈ।
ਮੈਂ ਵਤਨ ਪਰਤ ਕੇ ਇਸ ਸੰਕਲਪ ਬਾਰੇ ਆਪਣੇ ਮੁਰਸ਼ਦ ਡਾ. ਸ. ਪ. ਸਿੰਘ ਨਾਲ ਵਿਚਾਰ ਸਾਂਝੇ ਕੀਤੇ ਤਾਂ ਉਨ੍ਹਾਂ ਕੁਝ ਹੋਰ ਠੋਸ ਸੁਝਾਅ ਹੋਰ ਦਿੱਤੇ। ਪੰਜਾਬ ਭਵਨ ਵਿਚ ਧੜਕਣ ਭਰਨ ਲਈ ਏਥੇ ਵਿੱਛੜੇ ਲਿਖਾਰੀਆਂ ਦੇ ਚਿੱਤਰ ਵੀ ਸੁਸ਼ੋਭਿਤ ਕਰਨ ਦਾ ਸੁਝਾਅ ਵੀ ਉਨ੍ਹਾਂ ਦੀ ਹੀ ਪ੍ਰੇਰਨਾ ਸੀ। ਡਾ. ਸ. ਪ. ਸਿੰਘ ਜੀ ਨੇ ‘ਪੰਜਾਬੀ ਟ੍ਰਿਬਿਊਨ ਵਿਚ ਪੰਜਾਬ ਭਵਨ ਦੇ ਸੰਕਲਪ, ਉਦੇਸ਼ ਅਤੇ ਦੂਰਦ੍ਰਿਸ਼ਟੀ ਬਾਰੇ ਨਿਸ਼ਾਨਦੇਹੀ ਕਰ ਦਿੱਤੀ। ਉਹਨੀਂ ਦਿਨੀਂ ਪੰਜਾਬੀ ਕਵੀ ਕਵਿੰਦਰ ਚਾਂਦ ਵੀ ਸਰੀ ਚ ਆਪਣੇ ਬੱਚਿਆਂ ਕੋਲ ਗਿਆ ਹੋਇਆ ਸੀ। ਲੇਖਕ ਮਿੱਤਰਾਂ ਚੋਂ ਮੋਹਨ ਗਿੱਲ ਤੇ ਜਰਨੈਲ ਸਿੰਘ ਨਾਲ ਮੈਂ ਹੀ ਪਹਿਲਾ ਮੇਲ ਕਰਵਾਇਆ ਤੇ ਉਨ੍ਹਾਂ ਹੀ ਸੁੱਖੀ ਬਾਠ ਨਾਲ ਪੰਜਾਬ ਭਵਨ ਲਈ ਜੋੜਿਆ। ਇਹ ਸਾਂਝ ਹੁਣ ਵੀ ਬਰਕਰਾਰ ਹੈ।
ਸੁੱਖੀ ਬਾਠ ਪੰਜਾਬ ਆਇਆ ਤਾਂ ਚੰਡੀਗੜ੍ਹ ਪੁੱਜਣ ਸਾਰ ਬਾਬੂਸ਼ਾਹੀ ਡਾਟਕਾਮ ਵਾਲੇ ਮਿੱਤਰ ਬਲਜੀਤ ਬੱਲੀ ਨਾਲ ਗੱਲਬਾਤ ਕਰਦਿਆਂ ਪੰਜਾਬ ਭਵਨ ਸਥਾਪਤ ਕਰਨ ਬਾਰੇ ਐਲਾਨ ਕਰ ਦਿੱਤਾ। ਇਹ ਐਲਾਨ ਹੋਣ ਸਾਰ ਪੂਰੇ ਵਿਸ਼ਵ ਵਿਚ ਹਰਕਤ ਸ਼ੁਰੂ ਹੋ ਗਈ। ਕੀ ਬਣੇਗਾ, ਕਿਵੇ ਬਣੇਗਾ, ਕਿੱਥੇ ਬਣੇਗਾ? ਗੱਲਾਂ ਹੀ ਨੇ ਜਾਂ ਸੱਚੀਂ ਬਣੇਗਾ? ਜਿੰਨੇ ਮੂੰਹ ਓਨੀਆਂ ਗੱਲਾਂ। ਕੁਝ ਦਿਨਾਂ ਵਿਚ ਹੀ ਇਕ ਕਮੇਟੀ ਬਣਾ ਕੇ ਵਿੱਛੜੇ ਲੇਖਕਾਂ ਦੇ ਨਾਮ ਫ਼ਾਈਨਲ ਕਰਕੇ ਮੈਂ ਚਿੱਤਰ ਵੀ ਫੋਟੋ^ਕਲਾਕਾਰ ਤੇਜ ਪਰਤਾਪ ਸਿੰਘ ਸੰਧੂ ਪਾਸੋਂ ਤਿਆਰ ਕਰਵਾ ਲਏ। ਬਹੁਤੇ ਚਿਤਰ ਤਾਂ ਮੌਲਿਕ ਸਨ, ਪਹਿਲਾਂ ਕਿਤੇ ਨਹੀਂ ਸਨ ਪ੍ਰਦਰਸ਼ਿਤ ਹੋਏ, ਕਿਉਂਕਿ ਸੰਧੂ ਸਟੁਡੀਉ ਵਿਚ ਹੀ ਤਿਆਰ ਕੀਤੇ ਗਏ ਸਨ। ਬਾਬਾ ਫ਼ਰੀਦ ਤੋਂ ਲੈ ਕੇ ਵਰਤਮਾਨ ਯੁਗ ਦੇ ਵਿੱਛੜੇ ਲਿਖਾਰੀਆਂ ਦੇ ਚਿਤਰ ਪ੍ਰਦਰਸ਼ਨੀ ਲਈ ਤਿਆਰ ਸਨ।
ਉਦਘਾਟਨ ਦੀ ਤਰੀਕ ਮਿਥ ਲਈ ਗਈ।
2 ਅਕਤੂਬਰ, 2016 ਨੂੰ ਪੰਜਾਬ ਭਵਨ ਦਾ ਉਦਘਾਟਨ ਸਮਾਰੋਹ ਰੱਖ ਲਿਆ ਗਿਆ। ਮੈਨੂੰ ਸੁੱਖੀ ਬਾਠ ਨੇ ਚੋਖੀ ਮਹਿੰਗੀ ਟਿਕਟ ਬੁੱਕ ਕਰਵਾ ਕੇ ਹੀ ਦੱਸਿਆ ਕਿ ਫਲਾਣੇ ਦਿਨ ਤੇਰੀ ਦਿੱਲੀਉਂ ਫਲਾਈਟ ਹੈ, ਵਿਛੇ ਮੰਜੇ ਜਿੱਡੀ ਸੀਟ ਤੇ ਮੈਂ ਪਹਿਲੀ ਤੇ ਆਖਰੀ ਵਾਰ ਬੈਠਾ ਹੋਣ ਕਾਰਨ ਹੁਣ ਵੀ ਯਾਦ ਕਰਕੇ ਸਰੂਰ ਮਹਿਸੂਸਦਾਂ।
ਮੈਂ ਜਾਣ ਲਈ ਪਹਿਲਾਂ ਕੁਝ ਦੋਚਿੱਤੀ ਵਿਚ ਸੀ ਪਰ ਮੁਹੱਬਤ ਭਰੇ ਸੱਦੇ ਤੇ ਵਤੀਰੇ ਅੱਗੇ ਮੈਂ ਨਿਸ਼ਬਦ ਸਾਂ। ਪਿਆਰੇ ਵੀਰ ਤੇਜ ਪਰਤਾਪ ਸਿੰਘ ਸੰਧੂ ਪਾਸੋਂ ਲੇਖਕਾਂ ਦੇ ਫੋਟੋ ਚਿਤਰ ਲਏ ਤੇ ਸਮਾਨ ਵਿਚ ਸੁਰੱਖਿਅਤ ਰੱਖ ਲਏ। ਤਿੰਨ ਚਾਰ ਦਿਨ ਪਹਿਲਾਂ ਪਹੁੰਚਣ ਦਾ ਲਾਭ ਇਹ ਹੋਇਆ ਕਿ ਕੁਝ ਪ੍ਰਬੰਧਕੀ ਤੇ ਸੰਚਾਰ ਪਸਾਰ ਪੱਖੋਂ ਕੁਝ ਕੰਮ ਮੈਂ ਕਰ ਸਕਿਆ। ਰੇਡੀਓ ਤੇ ਟੀ. ਵੀ. ਚੈਨਲਜ਼ ਤੇ ਮੈਨੂੰ ਹਰ ਥਾਂ ਸੁੱਖੀ ਬਾਠ ਆਪ ਲੈ ਕੇ ਗਿਆ।
‘ਪੰਜਾਬ ਭਵਨ’ਦੇ ਸੰਕਲਪ, ਵਰਤੋਂ ਯੋਗਤਾ, ਸੁਰੱਖਿਅਤ ਭਵਿੱਖ ਅਤੇ ਸਬੰਧਤ ਵਿਸ਼ਿਆਂ  ਬਾਰੇ ਵੀ ਵੱਖ ਵੱਖ ਰੇਡੀਉ ਤੇ ਟੀ.ਵੀ. ਚੈਨਲਜ਼ ਨਾਲ ਮੇਰੀ ਗੁਫ਼ਤਗੂ ਕਰਵਾਈ ਗਈ। ਪੂਰੇ ਬ੍ਰਿਟਿਸ਼ ਕੋਲੰਬੀਆ ਵਿਚ ਬੇਅੰਤ ਉਤਸ਼ਾਹ ਸੀ ਪੰਜਾਬ ਭਵਨ ਲਈ। ਵਿਆਹ ਵਰਗਾ ਮਾਹੌਲ ਸੀ ਪੂਰੇ ਪੰਜਾਬ ਭਵਨ ਦੇ ਸੁਪਨੇ ਦੁਆਲੇ। ਵੱਖ ਵੱਖ ਧਿਰਾਂ ਸਹਿਯੋਗੀ ਹੱਥ ਵਧਾ ਰਹੀਆਂ ਸਨ। ਪੰਜਾਬ ਭਵਨ ਦੇ ਅੰਦਰ ਇਕ ਦੀਵਾਰ ਨੂੰ ਹਾਲ ਆਫ਼ ਫੇਮ’ਨਾਂ ਹੇਠ ਸੁਰੱਖਿਅਤ ਕੀਤਾ ਗਿਆ ਸੀ। ਇਸ ਦੇ ਵਿਚਕਾਰ ਸੁੱਖੀ ਬਾਠ ਦੇ ਸਤਿਕਾਰਯੋਗ ਪਿਤਾ ਜੀ ਸ੍ਵ. ਸ. ਅਰਜਨ ਸਿੰਘ ਬਾਠ ਦੀ ਤਸਵੀਰ ਲਾਈ ਗਈ ਕਿਉਂਕਿ ਇਹ ਪੰਜਾਬ ਭਵਨ ਉਨ੍ਹਾਂ ਦੀ ਯਾਦ ਵਿਚ ਹੀ ਤਾਂ ਸਥਾਪਤ ਕੀਤਾ ਗਿਆ ਸੀ। ਜਰਨੈਲ ਸਿੰਘ ਆਰਟਿਸਟ ਨੇ ਪੂਰੀ ਦਿਲਚਸਪੀ ਲੈ ਕੇ ਸਭ ਸਥਾਨਕ ਲੇਖਕਾਂ ਦੀਆਂ ਤਸਵੀਰਾਂ ਲਗਵਾਈਆਂ। ਸਥਾਨਕ ਲੇਖਕ,ਲੇਖਿਕਾਵਾਂ ਭਰਵਾਂ ਸਹਿਯੋਗ ਦੇ ਰਹੀਆਂ ਸਨ।
ਉਦਘਾਟਨ ਕੌਣ ਕਰੇ ? ਇਹ ਸੁਆਲ ਵੀ ਸੁੱਖੀ ਬਾਠ ਤੇ ਮੇਰੇ ਕੁਝ ਮਿੱਤਰਾਂ ਨੇ ਤੁਰੰਤ ਹੱਲ ਕਰ ਲਿਆ। ਸੁੱਖੀ ਬਾਠ ਦੇ ਸਭ ਤੋਂ ਵੱਡੇ ਭੈਣ ਸੀ ਸਰਦਾਰਨੀ ਗਿਆਨ ਕੌਰ ਤੇ ਪੋਤਰੀ ਨਿਮਰਤ ਬਾਠ ਇਹ ਪਰਦਾ ਚੁੱਕਣਗੀਆਂ। ਬਾਪੂ ਅਰਜਨ ਸਿੰਘ ਦੀ ਅੰਸ ਬੰਸ।
ਉਦਘਾਟਨੀ ਸਮਾਗਮ ਵਿਚ ਪੰਜਾਬ ਤੋਂ ‘ਚੜ੍ਹਦੀ ਕਲਾ ਟਾਈਮ ਟੀ. ਵੀ.’ ਵਾਲੇ ਸਵ. ਸਤਬੀਰ ਸਿੰਘ ਦਰਦੀ, ਲੋਕ ਗਾਇਕ ਸਰਬਜੀਤ ਚੀਮਾ, ਬਾਬੂਸ਼ਾਹੀ ਟਾਈਮਜ਼ ਦੇ ਮੁੱਖ ਸੰਪਾਦਕ ਤੇ ਪ੍ਰਸਿੱਧ ਪੱਤਰਕਾਰ ਬਲਜੀਤ ਬੱਲੀ ਤੇ ਉਨ੍ਹਾਂ ਦੀ ਜੀਵਨ ਸਾਥਣ ਤ੍ਰਿਪਤਾ ਬੱਲੀ ਜੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਪ੍ਰੋਫ਼ੈਸਰ ਹਰਜਿੰਦਰਪਾਲ ਸਿੰਘ ਵਾਲੀਆ ਵੀ ਅਚਾਨਕ ਓਥੇ ਪੁੱਜੇ ਹੋਏ ਸਨ। ਬਹੁਤ ਮੁੱਲਵਾਨ ਵਿਚਾਰਾਂ ਹੋਈਆਂ। ਮੀਡੀਆ ਜਗਤ ਦੇ ਬੁਲੰਦ ਚਿਹਰੇ ਤੇ ਰੇਡੀਓ ਰੈੱਡ. ਐੱਫ਼. ਐੱਮ ਦੇ ਪ੍ਰਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਤੇ ਦੇਵਿੰਦਰ ਸਿੰਘ ਬੈਨੀਪਾਲ ਨੇ ਵੀ ਤਕਰੀਰ ਕੀਤੀ। ਕੁਝ ਨਾਮ ਭੁੱਲ ਗਏ ਨੇ ਹੁਣ। ਮੀਰਾ ਗਿੱਲ ਤੇ ਬਲਜਿੰਦਰ ਕੌਰ ਤਾਂ ਪ੍ਰਬੰਧਕੀ ਕਾਰਜਾਂ ਦਾ ਮੁੱਖ ਅੰਗ ਸਨ। ਪੰਜਾਬ ਭਵਨ ਦੇ ਕੋਆਰਡੀਨੇਟਰ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨੇ ਮੰਚ ਸੰਚਾਲਨ ਕਰਨ ਦੇ ਨਾਲ ਨਾਲ ਇਸ ਭਵਨ ਦੀ ਰੂਪ ਰੇਖਾ ਅਤੇ ਆਸ਼ੇ ਉਦੇਸ਼ ਬਾਰੇ ਵੀ ਦੱਸਿਆ। ਸੁੱਖੀ ਬਾਠ ਦੇ ਨਾਲ ਉਨ੍ਹਾਂ ਦੇ ਨਿਕਟ ਵਰਤੀ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਸ. ਸੁਖਵਿੰਦਰ ਸਿੰਘ ‘ਬਿੱਲਾ ਸੰਧੂ’, ਸ. ਬਲਬੀਰ ਸਿੰਘ ਢੱਟ, ਜਰਨੈਲ ਸਿੰਘ ਚਿੱਤਰਕਾਰ ਅਮਰੀਕ ਪਲਾਹੀ ਤੇ ਪੰਜਾਬੀ ਸ਼ਾਇਰ ਮੋਹਨ ਗਿੱਲ ਮਿੱਤਰਾਂ ਸਮੇਤ ਊਰੀ ਵਾਂਗ ਘੁੰਮ ਰਹੇ ਸਨ। ਦਰਜ਼ਾ ਬ ਦਰਜ਼ਾ ਸਭ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਚਾਵਾਂ ਦੀ ਖੇਤੀ ਕਰ ਰਹੇ ਸਨ। ਬਿੱਲਾ ਸੰਧੂ ਦੇ ਚੈਨਲ ‘ਸਾਂਝਾ”ਨੇ ਇਸ ਸਮਾਗਮ ਦੀ ਪੂਰੀ ਰੀਕਾਰਡਿੰਗ ਕੀਤੀ।
ਉਦਘਾਟਨ ਭੈਣ ਜੀ ਗਿਆਨ ਕੌਰ ਤੇ ਨਿਮਰਤ ਬਾਠ ਨੇ ਪਰਦਾ ਚੁੱਕ ਕੇ ਕੀਤਾ। ਮੈਨੂੰ ਮਾਣ ਦਿੱਤਾ ਗਿਆ ਕਿ ਮੈਂ ਵੀ ਸੁੱਖੀ ਬਾਠ ਉਨ੍ਹਾਂ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਬਾਠ ਤੇ ਬਲਜੀਤ ਬੱਲੀ ਸਮੇਤ ਇਸ ਸ਼ਗਨਾਂ ਮੱਤੇ ਪਲ ਦਾ ਹਿੱਸਾ ਬਣਾਂ।
ਸੱਚ ਮੰਨਿਉ ! ਮੈਨੂੰ ਬਹੁਤ ਹੀ ਚੰਗਾ ਲੱਗਾ ਕਿਉਂਕਿ ਤੇਰਾਂ ਸਾਲ ਪਹਿਲਾਂ ਲਏ ਸੁਪਨੇ ਨੇ ਆਕਾਰ ਧਾਰਿਆ ਸੀ। ਮੈਂ ਅੱਖਾਂ ਬੰਦ ਕਰਕੇ ਆਪਣੇ ਪੁਰਖ਼ਿਆਂ, ਅਧਿਆਪਕਾਂ ਤੇ ਸਮਾਜਿਕ ਚੌਗਿਰਦੇ ਦਾ ਸ਼ੁਕਰਾਨਾ ਕੀਤਾ ਜਿਸ ਨੇ ਮੈਨੂੰ ਵਕਤ ਤੋਂ ਪਾਰ ਵੇਖਣ ਦੀ ਤੌਫ਼ੀਕ ਬਖਸ਼ੀ। ਸੁਪਨੇ ਕਦੇ ਏਦਾਂ ਵੀ ਸੱਚ ਹੁੰਦੇ ਨੇ, ਕਦੇ ਨਹੀਂ ਸੀ ਸੋਚਿਆ।
ਇਸ ਸਾਲ ਪੰਜਾਬ ਭਵਨ ਦੀ ਸਥਾਪਨਾ ਦਾ ਸਤਵਾਂ ਸਾਲ 7-8 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਵਰਗੀ ਦੋ ਰੋਜ਼ਾ ਇਕੱਤਰਤਾ ਵਿਚ ਮੈਂ 2017 ਵਿਚ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ ਸ਼ਾਮਿਲ ਹੋਇਆ। ਬਹੁਤ ਚੰਗੀ ਕਾਨਫ਼ਰੰਸ ਸੀ ਜਿਸ ਵਿਚ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਜੀ ਦਾ ਸਨਮਾਨ ਕੀਤਾ ਗਿਆ।
ਇਸ ਕਾਨਫਰੰਸ ਵਿੱਚ ਪੰਜਾਬ ਤੋਂ ਡਾ. ਸੁਰਜੀਤ ਪਾਤਰ ਨੂੰ ਵੀ ਬੁਲਾਇਆ ਗਿਆ ਸੀ। ਟੋਰੰਟੋ ਤੋਂ ਵਰਿਆਮ ਸਿੰਘ ਸੰਧੂ ਤੇ ਪ੍ਰਿੰਸੀਪਲ ਸਰਵਣ ਸਿੰਘ ਜੀ ਵੀ ਪਹੁੰਚੇ ਹੋਏ ਸਨ। ਸਭਨਾਂ ਨੇ ਪੰਜਾਬ ਭਵਨ ਵੱਲੋਂ ਗੁਰਚਰਨ ਰਾਮਪੁਰੀ ਜੀ ਦਾ ਰਲ਼ ਕੇ ਸਨਮਾਨ ਕੀਤਾ।
ਪੰਜਾਬ ਭਵਨ ਸਰੀ(ਕੈਨੇਡਾ) ਦਾ ਪਹਿਲਾ ਆਪਸੀ ਅਹਿਦਨਾਮਾ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨਾਲ ਡਾਃ ਸ ਪ ਸਿੰਘ ਰਾਹੀਂ ਮੈਂ ਹੀ ਕਰਵਾਇਆ। ਮਗਰੋਂ ਤਾਂ ਝੜੀ ਹੀ ਲੱਗ ਗਈ। ਹੁਣ ਪੰਜਾਬ ਫੇਰੀ ਤੇ ਆਏ ਸੁੱਖੀ ਬਾਠ ਨੂੰ ਲੱਭ ਲੱਭ ਮਿਲਣ ਵਾਲੇ ਵਿਅਕਤੀ ਤੇ ਸੰਸਥਾਵਾਂ ਗਿਣਨੋਂ ਬਾਹਰੇ ਹਨ, ਇਹ ਸਭ ਸਰੀ ਵਿਚਲੇ ਪੰਜਾਬ ਭਵਨ ਰੂਪੀ ਸਾਂਝੇ ਸੁਪਨੇ ਦਾ ਹੀ ਪਰਤਾਪ ਹੈ।
ਇਹ ਗੱਲਾਂ ਲਿਖਦਿਆਂ ਲਿਖਦਿਆਂ ਮੈਨੂੰ ਇਸੇ ਸਾਲ ਅਗਸਤ  ਮਹੀਨੇ ਦੇ ਅੱਧ ਵਿੱਚ ਟੋਰੰਟੋ (ਕੈਨੇਡਾ) ਤੋਂ ਡਾ. ਦਲਬੀਰ ਸਿੰਘ ਕਥੂਰੀਆ ਜੀ ਦਾ ਫ਼ੋਨ ਆਇਆ ਕਿ ਪੰਜਾਬ ਭਵਨ ਉਸਾਰਨ ਦਾ ਜਿਹੜਾ ਸੁਪਨਾ ਤੁਸੀਂ 2003 ਵਿਚ ਦੇ ਕੇ ਗਏ ਸੀ ਉਸ ਨੂੰ ਹੁਣ ਪੂਰਾ ਕਰਨ ਲੱਗੇ ਹਾਂ, ਆਪ ਆ ਕੇ ਆਸ਼ੀਰਵਾਦ ਦਿਉ ਤੇ ਇਸ ਮੌਕੇ ਤੇ ਆਪ ਆ ਕੇ ਇਸ ਇਤਿਹਾਸਕ ਦਿਨ ਦੀ ਰੌਣਕ ਵਧਾਉ। ਮੈਂ ਸਾਫ਼ ਸਪਸ਼ਟ ਕਹਿ ਦਿੱਤਾ ਕਿ ਮੈਂ ਲੰਮੇ ਹਵਾਈ ਸਫ਼ਰ ਤੋਂ ਟਲ਼ਦਾ ਹਾਂ। ਇਸਦਾ ਉਤਘਾਟਨ ਆਪਣੇ ਸਤਿਕਾਰਯੋਗ ਬਾਪੂ ਜੀ ਸ. ਸੁਬੇਗ ਸਿੰਘ ਪਾਸੋਂ ਕਰਵਾਉ! ਮੈਂ ਏਥੇ ਬੈਠਾ ਹੀ ਤੁਹਾਡੇ ਚਾਵਾਂ ’ਚ ਸ਼ਾਮਲ ਰਹਾਂਗਾ। ਖ਼ੁਸ਼ੀ ਦੀ ਗੱਲ ਹੈ ਕਿ ਲਗਪਗ 150 ਸੀਟਾਂ ਵਾਲਾ ‘ਵਿਸ਼ਵ ਪੰਜਾਬੀ ਭਵਨ’ਕਥੂਰੀਆ ਪਰਿਵਾਰ ਵੱਲੋਂ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ 27 ਅਗਸਤ ਨੂੰ ਹੋ ਗਿਆ ਹੈ। ਮੇਰੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਹੈ। ਜਿਸਦੇ ਸੁਪਨਿਆਂ ਦਾ ਬੂਰ ਫ਼ਲ ’ਚ ਤਬਦੀਲ ਹੋ ਜਾਵੇ, ਉਸ ਵਰਗਾ ਸੁਭਾਗਾ ਕੌਣ ਹੈ ? ਏਨੀ ਕੁ ਬਾਤ ਪ੍ਰਵਾਨ ਕਰੋ ਬਾਕੀ ਕਦੇ ਫਿਰ ਸਹੀ।

Leave a Reply

Your email address will not be published. Required fields are marked *