ਰਮਜਾਨ ਸਾਰੇ ਮਨੁੱਖਾਂ ਲਈ ਰਹਿਮਤ ਦਾ ਮਹੀਨਾ ਹੈ : ਸ਼ਾਹੀ ਇਮਾਮ ਪੰਜਾਬ

Ludhiana Punjabi
  • ਰੋਜੇਦਾਰਾਂ ਨੇ ਜੁੰਮੇ ਦੀ ਨਮਾਜ ਅਦਾ ਕਰ ਵਿਸ਼ਵ ਸ਼ਾਂਤੀ ਦੀ ਦੁਆ ਮੰਗੀ

DMT : ਲੁਧਿਆਣਾ : (31 ਮਾਰਚ 2023) : – ਰੋਜੇਦਾਰਾਂ ਨੇ ਅੱਜ ਸ਼ਹਿਰ ਭਰ ਦੀਆਂ ਮਸਜਿਦਾਂ ’ਚ ਰਮਜਾਨ ਦੇ ਦੂਜੇ ਜੁੰਮੇ ਦੀ ਨਮਾਜ ਅਦਾ ਕੀਤੀ ਅਤੇ ਵਿਸ਼ਵ ਦੀ ਸ਼ਾਂਤੀ ਲਈ ਦੁਆ ਵੀ ਕੀਤੀ। ਫੀਲਡਗੰਜ ਚੌਂਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਇਸ ਮੌਕੇ ’ਤੇ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦਾ ਮੁਬਾਰਕ ਮਹੀਨਾ ਦੁਨਿਆ ਭਰ ਦੇ ਮਨੁੱਖਾਂ ਲਈ ਰਹਿਮਤ ਵਾਲਾ ਹੈ। ਇਸ ਪਵਿੱਤਰ ਮਹੀਨੇ ’ਚ ਰੋਜੇਦਾਰਾਂ ਦੇ ਨਾਲ-ਨਾਲ ਸਾਰੇ ਮਨੁੱਖਾਂ ਨੂੰ ਅਲਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ਵਿੱਚ ਇਕ ਨੇਕੀ ਕਰਨ ਦੇ ਬਦਲੇ ’ਚ 70 ਨੇਕੀਆਂ ਦੇ ਬਰਾਬਰ ਸਵਾਬ ਮਿਲਦਾ ਹੈ। ਅਲਾਹ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਰੋਜੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋ ਬਚਣ। ਦੂਜਿਆਂ ਦਾ ਦਿਲ ਦੁੱਖਾ ਕੇ ਖੁਦਾ ਦੀ ਨਰਾਜਗੀ ਮੁੱਲ ਨਾ ਲੈਣ, ਬਲਕਿ ਰੋਜਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਬੜਾ ਰਹੀਮ ਹੈ ਅਤੇ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਆਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਮੌਕੇ ’ਤੇ ਜੁੰਮੇ ਦੀ ਨਮਾਜ ਅਦਾ ਕਰਨ ਲਈ ਮਸਜਿਦਾਂ ’ਚ ਆਏ ਰੋਜੇਦਾਰਾਂ ਨੇ ਬੜੇ ਹੀ ਸੁਕੂਨ ਨਾਲ ਨਮਾਜ ਅਦਾ ਕੀਤੀ ਅਤੇ ਮਸਜਿਦਾਂ ਦੇ ਬਾਹਰ ਖੁਦਾ ਦੇ ਨਾਮ ’ਤੇ ਮੰਗਣ ਵਾਲਿਆਂ ਨੂੰ ਦਿਲ ਖੋਲ ਕੇ ਦਾਨ ਦਿੱਤਾ।

Leave a Reply

Your email address will not be published. Required fields are marked *