ਵੈਟਨਰੀ ਯੂਨੀਵਰਸਿਟੀ ਨੇ ਕਿਸਾਨ ਔਰਤਾਂ ਲਈ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਲਗਾਇਆ ਸਿਖਲਾਈ ਕੈਂਪ

Ludhiana Punjabi

DMT : ਲੁਧਿਆਣਾ : (17 ਮਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਿਸਾਨ ਔਰਤਾਂ ਵਾਸਤੇ ਪਿੰਡ ਧਨੇਰ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਇਕ ਪ੍ਰਦਰਸ਼ਨੀ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।

          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫਾਰਮਰ ਫਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਅਧੀਨ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਇਸ ਨਿਵੇਕਲੀ ਪਹੁੰਚ ਨਾਲ ਔਰਤ ਸ਼ਕਤੀਕਰਨ ਵਾਸਤੇ ਇਹ ਯਤਨ ਕੀਤਾ। ਇਸ ਕੈਂਪ ਵਿਚ 21 ਲਾਭਪਾਤਰੀ ਔਰਤਾਂ ਨੇ ਹਿੱਸਾ ਲਿਆ। ਡਾ. ਗੋਪਿਕਾ ਤਲਵਾੜ, ਡਾ. ਰੇਖਾ ਚਾਵਲਾ ਅਤੇ ਡਾ. ਗੁਰਪ੍ਰੀਤ ਕੌਰ ਨੇ ਇਸ ਕੈਂਪ ਵਿਚ ਔਰਤਾਂ ਦਾ ਵੱਖ-ਵੱਖ ਢੰਗਾਂ ਨਾਲ ਮਾਰਗ ਦਰਸ਼ਨ ਕੀਤਾ।

          ਡਾ. ਗੋਪਿਕਾ ਤਲਵਾੜ ਨੇ ਇਨ੍ਹਾਂ ਉਤਪਾਦਾਂ ਨੂੰ ਪੈਕ ਕਰਨ ਸੰਬੰਧੀ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਖੀਰ, ਲੱਸੀ, ਪਨੀਰ ਦੇ ਪਾਣੀ ਦੇ ਪਦਾਰਥ ਅਤੇ ਸੁਗੰਧਿਤ ਦੁੱਧ ਨੂੰ ਕੱਪ ਜਾਂ ਗਲਾਸ ਵਿਚ ਮਸ਼ੀਨ ਰਾਹੀਂ ਪੈਕ ਕਰਕੇ ਬੰਦ ਕੀਤਾ ਜਾ ਸਕਦਾ ਹੈ। ਸਿੱਖਿਆਰਥੀਆਂ ਨੂੰ ਪਨੀਰ, ਛੈਨਾ ਅਤੇ ਮਠਿਆਈਆਂ ਨੂੰ ਵੀ ਹੱਥ ਦੀ ਮਸ਼ੀਨ ਨਾਲ ਪੈਕ ਕਰਨ ਸੰਬੰਧੀ ਦੱਸਿਆ ਗਿਆ।

          ਡਾ. ਰੇਖਾ ਚਾਵਲਾ ਨੇ ਇਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਪਨੀਰ ਤਿਆਰ ਕਰਨ ਬਾਰੇ ਦੱਸਿਆ ਅਤੇ ਇਨ੍ਹਾਂ ਔਰਤਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟੀਮ ਮੈਂਬਰਾਂ ਨੇ ਕਿਹਾ ਕਿ ਉਹ ਗੁਣਵੱਤਾ ਭਰਪੂਰ ਦੁੱਧ ਉਤਪਾਦ ਤਿਆਰ ਕਰਕੇ ਇਸ ਨੂੰ ਇਕ ਉਦਮ ਦੇ ਤੌਰ ’ਤੇ ਅਪਣਾ ਸਕਦੇ ਹਨ ਅਤੇ ਸਹੀ ਪੈਕਿੰਗ ਤੇ ਵਧੀਆ ਮੰਡੀਕਾਰੀ ਨਾਲ ਸੁਚੱਜਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *