ਲਾਲ ਸਿੰਘ ਦਿਲ ਸੂਰਮਾ ਕਵੀ ਸੀ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (16 ਅਪ੍ਰੈਲ 2023) : – ਉਸ ਨੇ ਤਾਂ ਕੁਲੀਨ ਵਰਗ ਦੇ ਗੰਧਲੇ ਪਾਣੀਆਂ ਵਿੱਚ ਠੀਕਰੀਆਂ ਮਾਰੀਆਂ ਤੇ ਕਿਹਾ ਕਿ  ਤੂੰ ਨਿਰਮਲ ਜਲ ਹੋਣ ਦਾ ਭਰਮ ਨਾ ਪਾਲ। ਤੇਰੇ ਪਾਣੀਆਂ
‘ ਚ ਹਰਕਤ ਨਹੀਂ. ਏਸੇ ਕਰਕੇ ਤੇਰੇ ਕੁਝ ਵੀ ਕੀਤੇ ਕੱਤਰੇ ਚ ਬਰਕਤ ਨਹੀਂ।
ਲਾਲ ਸਿੰਘ ਦਿਲ  ਦਾ ਜਨਮ 14 ਅਪ੍ਰੈਲ 1943 ਨੂੰ ਹੋਇਆ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ। ਮੈਥੋਂ ਲਗਪਗ ਦਸ ਸਾਲ ਵੱਡਾ ਸੀ। ਮੇਰੇ ਵੱਡੇ ਭਾ ਜੀ ਦਾ ਹਾਣੀ। ਸੁਰਜੀਤ ਪਾਤਰ ਵੀ ਓਸੇ ਸਾਲ ਜਨਮੇ।
14ਅਗਸਤ 2007 ਨੂੰ ਉਹ ਅਨੰਤ ਦੇਸ ਤੁਰ ਗਿਆ।
ਪਰ ਕਿਤੇ ਨਹੀਂ ਗਿਆ ਉਹ। ਗਿਆ ਹੁੰਦਾ ਤਾਂ ਮੈਨੂ ਬੀਤੀ ਰਾਤ ਏਨੀਆਂ ਕਵਿਤਾਵਾਂ ਕਿਵੇਂ ਸੁਣਾਉਂਦਾ?
ਮਹਿਸੂਸ ਕਰੋ! ਪਾਸ਼ ਵੀ ਕਿਤੇ ਨਹੀਂ ਗਿਆ, ਹਰ ਰੋਜ਼ ਮਿਲਦਾ ਹੈ ਹਰ ਚੁਰਸਤੇ ਤੇ।
ਪੈਰ ਪੈਰ ਤੇ ਉਂਗਲੀ ਫੜ ਕੇ ਕੁਝ ਨਾ ਕੁਝ ਸੁਣਾ ਕੇ ਤੁਰ ਜਾਂਦਾ ਹੈ। ਸ਼ੁਗਲੀ ਹੈ ਨਾ। ਮੈਨੂੰ ਪ੍ਰੀਤ ਨਗਰ ਦਾ ਵਾਸੀ ਕਹਿ ਕੇ ਛੇੜਦਿਆਂ ਸ਼ਮਸ਼ੇਰ ਦੇ ਕਮਰੇ ਚ ਸ਼ਾਮ ਗੁਜ਼ਾਰਦਾ ਹੈ ਮਾਡਲ ਟਾਉਨ ਲੁਧਿਆਣੇ। ਆਖਦਾ ਹੈ ਚਲੋ! ਅੱਯਾਸ਼ੀ ਕਰੀਏ, ਢਾਬੇ ਵਾਲੇ ਨੂੰ ਤੜਕੇ ਵਾਲੀ ਦਾਲ ਦਾ ਆਦੇਸ਼ ਦਿੰਦਿਆਂ ਕਹਿੰਦਾ ਹੈ, ਲਾਲ ਮਿਰਚ ਨਾ ਪਾਈਂ, ਇਹ ਮਰੀ ਹੁੰਦੀ ਹੈ, ਹਰੀ ਮਿਰਚ ਪਾਈਂ , ਕੁਤਰ ਕੇ ਵੀ ਡੁੱਸ ਕਾਇਮ ਰਹਿੰਦੀ ਹੈ।

ਲਾਲ ਸਿੰਘ ਦਿਲ ਦੀ ਬਾਤ ਪਾਉਂਦਿਆਂ ਹੋਰ ਹੀ ਪਾਸੇ ਤੁਰ ਪਿਆ ਮੈਂ ਤਾਂ। ਉਹ ਬਹੁਤ ਲਿੱਸੇ ਪਰਿਵਾਰ ਵਿੱਚ ਪੈਦਾ ਹੋਇਆ। ਮਾਂ ਦਾ ਨਾਂ ਚਿੰਤ ਕੌਕ ਸੀ ਪਿਤਾ ਰੌਣਕੀ ਰਾਮ। ਉਦਾਸ ਬੰਦੇ ਦਾ ਨਾਮ ਰੌਣਕੀ ਰਾਮ, ਹੈ ਨਾ ਕਮਾਲ।
ਜਿਵੇਂ ਨਿਹੰਗ ਛੋਲਿਆਂ ਨੂੰ ਬਦਾਮ ਕਹਿੰਦੇ ਨੇ।

ਦਿਲ ਨਕਸਲਬਾੜੀ ਲਹਿਰ ਦੇ ਪ੍ਰਮੁੱਖ ਪੰਜਾਬੀ ਕਵੀ ਸੀ। ਉਸ ਦੀਆਂ ਕਾਵਿ-ਕਿਤਾਬਾਂ ਹਨ;
ਸਤਲੁਜ ਦੀ ਹਵਾ (1972)
ਬਹੁਤ ਸਾਰੇ ਸੂਰਜ ( 1973)
ਸੱਥਰ (1987)
ਨਾਗ ਲੋਕ (1998)
ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ) ।
ਸਮੁੱਚੀ ਰਚਨਾ ਵੀ ਦੀਪ ਦਿਲਬਰ ਨੇ ਛਾਪ ਦਿੱਤੀ ਹੈ।
ਰਾਤੀਂ ਸੁਖਵਿੰਦਰ ਕੰਬੋਜ ਮੈਨੂੰ ਪਾਸ਼ ਦੀ ਗੱਲ ਸੁਣਾ ਰਿਹਾ ਸੀ।
ਕਹਿ ਰਿਹਾ ਸੀ
ਪਾਸ਼ ਕਹਿੰਦਾ ਹੁੰਦਾ ਸੀ, ਮੈਂ ਤਾਂ ਸੁਹਜ ਸ਼ਾਸਤਰੀਆ ਨੂੰ ਇਹੀ ਦੱਸਣਾ ਸੀ ਜ਼ਿੰਦਗੀ ਨਾਲ ਰੋਮਾਂਸ ਕਿਵੇਂ ਹੁੰਦੈ। ਤੁਹਾਡਾ ਸੁਹਜ ਸ਼ਾਸਤਰ ਭਰਮ ਜਾਲ ਹੈ। ਮੈਂ ਤਾਂ ਇਹੀ ਦੱਸਣਾ ਸੀ ਕਿ ਵੇਰੀ ਨਾਲ ਸਿੱਝਣ ਲਈ ਸ਼ਬਦ ਕਿਵੇਂ ਹਥਿਆਰ ਬਣਦੇ ਨੇ।
ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਚ ਲਾਲ ਸਿੰਘ ਦਿਲ ਨੇ ਇਹੀ ਗੱਲ ਮੈਨੂੰ ਕਹੀ ਸੀ।
ਛੋਟੇ ਭਾਈ!

ਅਸੀਂ ਉਨ੍ਹਾਂ ਘਰਾਂ ਚੋਂ ਹਾਂ ਜਿੱਥੇ ਹੱਟੀ ਤੋਂ  ਸੌਦੇ ਦੀਆਂ ਪੁੜੀਆਂ ਅਤੇ ਲਿਫ਼ਾਫ਼ਿਆਂ ਦੇ ਹਾਸ਼ੀਆ ਵਾਲੇ ਕੋਰੇ ਵਰਕੇ ਤੇ ਰੂਹ ਦੀਆਂ ਬਾਤਾਂ ਪਾਉਣੀਆਂ ਪੈਂਦੀਆਂ ਨੇ। ਚਿੱਟੇ ਦਸਤਿਆਂ ਵਾਲੇ ਕਾਗ਼ਜ਼ ਜਿੰਨ੍ਹਾਂ ਦੇ ਭਾਗਾਂ ਚ ਨਹੀਂ ਹੁੰਦੇ।
ਤੁਸੀਂ ਉਸ ਦਰਦ ਦੇ ਬੁਖ਼ਾਰ ਨੂੰ ਕਿਹੜੇ ਥਰਮਾ ਮੀਟਰ ਨਾਲ ਮਿਣੋਗੇ? ਉਸ ਆਪਣੀ ਕਵਿਤਾ ਚੋਂ ਅਨੇਕ ਹਵਾਲੇ ਦੇ ਕੇ ਦੱਸਿਆ ਕਿ ਕਿੱਥੇ ਕਿੱਥੇ ਕਿਹੜਾ ਤੀਰ ਵੱਜਿਆ। ਉਸ ਕੋਲ ਦ੍ਰਿਸ਼ਟੀ ਵੀ ਸੀ ਤੇ ਦ੍ਰਿਸ਼ਟੀ ਕੋਨ ਵੀ। ਉਸ ਨੂੰ ਪਤਾ ਸੀ ਕਿ ਜ਼ਾਤ ਗੋਤ ਦੇ ਨਾਵਾਂ ਤੇ ਮਨੂ ਵੇਲੇ ਕੋਂ ਕਿੱਥੇ ਕਿੱਥੇ ਕੀ ਕੀ ਸ਼ੈਤਾਨੀ ਹੁੰਦੀ ਰਹੀ ਹੈ ਤੇ ਹੋ ਰਹੀ ਹੈ।
ਸਮਰਾਲਾ ਉਸ ਦੀ ਕਰਮ ਭੂਮੀ ਰਿਹਾ। ਮੀਡੀਆ ਤੇ ਕੁਝ ਹੋਰ ਸ਼ੁਭ ਚਿੰਤਕਾਂ ਨੇ ਉਸ ਦੀ ਗੁਰਬਤ ਦਾ ਬਹੁਤ ਮੰਡੀਕਰਨ ਕੀਤਾ ਪਰ ਉਸ ਦੀ ਰਚਨਾ ਸੰਭਾਲਣ ਵਿੱਚ ਪਹਿਲਾਂ ਪ੍ਰੇਮ ਪ੍ਰਕਾਸ਼ ਸੰਪਾਦਕ ਲਕੀਰ, ਫਿਰ ਸਤੀਸ਼ ਗੁਲਾਟੀ ਤੇ ਦੀਪ ਦਿਲਬਰ ਨੇ ਵੱਡਾ ਕੰਮ ਕੀਤੈ।
ਲਾਲ ਰੂਹੋਂ ਫ਼ਕੀਰ ਸੀ। ਯੂ ਪੀ ਚ ਜਦ ਉਹ ਬਾਗਾਂ ਦਾ ਚੌਂਕੀਦਾਰਾ ਕਰਦਿਆਂ ਉਸ ਇਸਲਾਮ ਧਾਰ ਲਿਆ ਤਾਂ ਬਹੁਤ ਵਾ ਵੇਲਾ ਮੱਚਿਆ ਕਿ ਉਹ ਮੁਸਲਮਾਨ ਹੋ ਗਿਆ!
ਆਪਣੇ ਆਪ ਨੂੰ ਕਿਸੇ ਨਾ ਪੁੱਛਿਆ ਕਿ ਉਹ ਕੀ ਕੀ ਬਣੇ ਫਿਰਦੇ ਨੇ?
ਨਿੰਦਕ ਨਹੀਂ ਜਾਣਦੇ ਸਨ ਕਿ ਲਾਲ ਤਾਂ ਲਾਲ ਹੈ, ਉਸ ਤੇ ਹੋਰ ਰੰਗ ਕਿਵੇਂ ਚੜੂ।
ਉਸ ਦੀਆਂ ਕਵਿਤਾਵਾਂ ਪੜ੍ਹ ਰਿਹਾ ਸਾਂ, ਸੋਚਿਆ ਤੁਸੀਂ ਵੀ ਲਾਲ ਸਿੰਘ ਦਿਲ ਨੂੰ ਮਿਲ ਲਵੋ।

▪️

ਬਾਬਲ ਤੇਰੇ ਖੇਤਾਂ ਵਿਚ

ਬਾਬਲ ਤੇਰੇ ਖੇਤਾਂ ਵਿਚ
ਕਦੇ ਕਦੇ ਮੈਂ ਨੱਚ ਉਠਦੀ ਹਾਂ
ਹਵਾ ਦੇ ਬੁੱਲ੍ਹੇ ਵਾਂਙ,
ਐਵੇਂ ਭੁੱਲ ਜਾਂਦੀ ਆਂ
ਕਿ ਖੇਤ ਤਾਂ ਸਾਡੇ ਨਹੀਂ
ਕੁਝ ਦਿਨ ਰਹਿਣ ਦਾ ਬਹਾਨਾ
ਮੁਕੱਦਮੇਂ ਹਾਰ ਬੈਠੇ ਹਾਂ
ਪੈਸੇ ਖੁਣੋਂ
ਸਲੀਪਰ ਟੁੱਟ ਚੁੱਕੇ ਹਨ
ਭਖੜਾ ਉੱਗ ਆਇਆ ਹੈ
ਬਾਬਲ ਤੇਰੇ ਖੇਤਾਂ ਵਿਚ
ਟਰੈਕਟਰ ਨੱਚਣਗੇ ਕਿਸੇ ਦਿਨ
ਬਾਬਲ ਤੇਰੇ ਖੇਤਾਂ ਵਿਚ
41. ਝਾਲਿਆਂ ਦੇ ਲਾੜੇ ਵੇਂਹਦੇ ਹਨ

ਝਾਲਿਆਂ ਦੇ ਲਾੜੇ ਵੇਂਹਦੇ ਹਨ
ਮਿੱਤਰ ਪਿਆਰਿਆਂ ਦਾ ਰਾਹ
ਚੱਕ ਕੇ ਟੁੱਟੇ ਛੱਪਰਾਂ ਦਾ ਫ਼ੂਸ
ਸਿਹਰੇ ਦੀ ਝਾਲਰ ਤਰ੍ਹਾਂ
ਝਾਲਿਆਂ ਦੇ ਲਾੜੇ
ਲੜ ਬੰਨਦੇ ਹਨ ਕਾਗਜ਼
ਕਰਜ਼ੇ ਕੁਰਕੀ ਦੇ
ਕੁਝ ਵਿਸ਼ਵਾਸ ਨਹੀਂ
ਕਿੱਧਰ ਨੂੰ ਜਾਂਦੇ ਨੇ ਝਾਲੇ
ਸਮੁੰਦਰ ਚੋਂ ਟੁਟੀ ਨੌਂ ਵਾਂਙ
ਮੁਟਿਆਰਾਂ ਹੁਸਨ ਕਢਦੀਆਂ ਹਨ
ਚੁਣਦੀਆਂ ਹਨ
ਬੁਣਦੀਆਂ ਹਨ
ਰੋਂਦੀਆਂ ਹਨ
ਤਵੇ ਦੀ ਓਟ ’ਚ ਛਿਪ ਕੇ
ਚੁੱਲ੍ਹੇ ਦੀ ਅੱਗ ਵਾਂਙ

▪️

ਕਾਮਰੇਡਾਂ ਦਾ ਗੀਤ

ਅਸੀਂ ਕਾਮਰੇਡ ਚੰਗੇ ਵੇ ਲੋਕਾ
ਅਸੀਂ ਕਾਮਰੇਡ ਚੰਗੇ
ਦੁਸ਼ਮਣ ਦੇ ਤਾਂ ਮਿੱਤਰ ਹੋਏ
ਲੋਕਾਂ ਨਾਲ ਦੰਗੇ ਵੇ ਲੋਕਾ
ਅਸੀਂ ਕਾਮਰੇਡ…

ਦੁਨੀਆਂ ਭਰ ਦਾ ਭਾਸ਼ਨ ਦੇਈਏ
ਜਾਨ ਦੇਣ ਤੋਂ ਸੰਗੇ ਵੇ ਲੋਕਾ
ਅਸੀਂ ਕਾਮਰੇਡ…

ਇਨਕਲਾਬ ਦਾ ਨਾਉਂ ਕਿਉਂ ਲਈਏ
ਇਹ ਤਾਂ ਬਲੀਆਂ ਮੰਗੇ ਵੇ ਲੋਕਾ
ਅਸੀਂ ਕਾਮਰੇਡ…

ਬੇਸਮਝੀ ਦੇ ਮਾਰੇ ਹੋਏ
ਲੋਕੀਂ ਭੁੱਖੇ ਨੰਗੇ ਵੇ ਲੋਕਾ
ਅਸੀਂ ਕਾਮਰੇਡ ਚੰਗੇ ਵੇ ਲੋਕਾ
ਅਸੀਂ ਕਾਮਰੇਡ…
43. ਕੈਦੀ ਲੰਬੜਦਾਰ

ਉਹ ਜੇਲ੍ਹ ਦਾ ਸੀ ਲੰਬੜਦਾਰ,
ਨੰਗਾ ਲੰਗੋਟੇ ਵਿਚ
ਨਿੰਮ ਹੇਠ ਟਹਿਲਦਾ ਹੈ ਸੀ ਉਸ ਦਿਨ,
ਮੇਰੀ ਚੱਕੀ ’ਗਾੜੀ ਆ ਕੇ ਰੁਕਿਆ
ਬਾਹਵਾਂ ਉਲਾਰੀਆਂ
ਘੋੜੇ ਦੀ ਟਾਪ ਨਾਚ ਨੱਚਿਆ
ਤੇ ਕੂਕਿਆ :
‘ਸਾਡੇ ਖੇਤ….ਸਾਡੇ ਖੇਤ’
ਕਹਿੰਦਾ ਅੱਗੇ ਵਧ ਗਿਆ
ਮੁਜ਼ਾਰੇ ਦਾ ਉਹ ਪੁੱਤ ਸੀ
ਬਰਛੇ ਨ’ ਵਿੰਨ੍ਹਿਆ ਸੀ
ਓਸ ਜ਼ਿਮੀਦਾਰੇ ਪੁਤ ਨੂੰ
ਜੋ ਸੀ ਉਹਦੇ ਹਾਣ ਦਾ।

▪️

ਘੋੜੇ ਚਾਰਨ ਵਾਲੀਏ ਕੁੜੀਏ।

ਘੋੜੇ ਚਾਰਨ ਵਾਲੀਏ ਕੁੜੀਏ
ਕੋਈ ਗੀਤ ਸੁਣਾ
ਤੇਰਾ ਗੀਤ ਮੈਨੂੰ ਚੰਗਾ ਲੱਗ ਜਾਏਗਾ
ਜਿਹੜਾ ਉਨ੍ਹਾਂ ਦਿਨਾਂ ‘ਚ ਗਾਇਆ ਹੋਵੇ
ਘੋੜੇਆਂ ਨੂੰ ਚਾਰਦਿਆਂ
ਮਨ ਭਰ ਆਇਆ ਹੋਵੇ
ਜਦੋਂ ਹੱਥ ਤੇ ਕੰਧਲਾ ਤੇਰੇ
ਜ਼ਿਮੀਂਦਾਰ ਮਾਰਿਆ ਸੀ
ਕਿਵੇਂ ਤੜਫੀ ਸੀ ਮਾਂ
ਕਿਵੇਂ ਉਹ ਸਹਾਰਿਆ ਸੀ ?
ਕਦੋਂ ਜਾਗਣਗੇ ਵੀਰ
ਕਦੋਂ ਹੋਣਗੇ ਜਵਾਨ
ਕਦੋਂ ਚਾਰਨਗੇ ਘੋੜੇ
ਕਦੋਂ ਚੁੱਕਣਗੇ ਕਮਾਨ।

▪️

ਅਲਵਿਦਾ

ਅਲਵਿਦਾ ਹੇ ਡੁਬਦੇ ਸੂਰਜ
ਕੱਲ ਨੂੰ ਜ਼ਰੂਰ ਆਵੀਂ
ਮੈਂ ਨਿਵਾਂਗਾ
ਪਰ ਤੇਰੇ ਬੁਲ੍ਹਾਂ ਨੂੰ
ਪਾਣੀ ਲਾਣ ਜਿਹਾ ਪਖੰਡ
ਮੈਂ ਨਹੀਂ ਰਚਾਂਗਾ : ਮੈਂ ਤਾਂ ਹਥਿਆਰ ਚੁੱਕਾਂਗਾ
ਨਾ ਆਵੀਂ –
ਲੋਕ ਹਥਿਆਰ ਚੁਕੱਣਗੇ
ਤੂੰ ਚੰਨ ਨੂੰ ਵੀ ਲੁਕਾ ਲਵੀਂ
ਮੈਂ ਹਥਿਆਰ ਚੁੱਕਾਂਗਾ…
ਕੀ ਤੂੰ ਨਹੀਂ ਜਾਣਦਾ
ਮਨੁੱਖਤਾ ਆਪ ਉਸ ਸੂਰਜ ਦੀ ਅਗਨ ਹੈ
ਜਿਸ ਦੇ ਗੀਤ ਦਾ ਇਕ ਦੀਪਕ ਹੈ ਤੇਰਾ ਪ੍ਰਕਾਸ਼
ਨਮਸਕਾਰ !
ਅਲਵਿਦਾ !!
ਹੇ ਡੁੱਬਦੇ ਸੂਰਜ !!!

▪️

ਉਲਟ ਇਨਕਲਾਬ ਦੇ ਪੈਰ

ਸੁਪਨਾ ਹੀ ਰਹਿ ਗਿਆ
ਕਿ ਟੋਪ ਪਹਿਨਾਵਾਂਗੇ
ਬੁਰੇ ਸ਼ਰੀਫ਼ਜ਼ਾਦਿਆਂ ਨੂੰ
ਉਹ ਲਕੀਰਾਂ ਕਢਣਗੇ ਨੱਕ ਨਾਲ
ਹਿਸਾਬ ਦੇਣਗੇ ਲੋਕਾਂ ਅੱਗੇ
ਉਲਟ ਇਨਕਲਾਬ ਦੇ ਪੈਰ
ਸਾਡੀਆਂ ਹਿੱਕਾਂ ਤੇ ਆਣ ਟਿਕੇ
ਜ਼ਲੀਲ ਹੋਣਾ ਹੀ ਸਾਡਾ
ਜਿਵੇਂ ਇੱਕੋ ਇੱਕ
ਪੜਾਅ ਰਹਿ ਗਿਆ।

▪️

ਦੂਰੀ

ਇਹ ਪੈਂਡੇ ਧਰਤੀ ਤੇ ਮੰਗਲ ਦੇ ਨਹੀਂ
ਜਿਨ੍ਹਾਂ ਨੂੰ ਰਾਕਿਟ ਮਿਣ ਸਕਦੇ ਨੇ,
ਨਾ ਇਹ ਰਸਤੇ
ਦਿੱਲੀ ਤੋਂ ਮਾਸਕੋ ਜਾਂ ਵਾਸ਼ਿੰਗਟਨ ਦੇ ਹਨ
ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਮਿਣਦੇ ਹੋ
ਇਹ ਦੂਰੀ
ਜੋ ਅਸਾਡੇ ਤੇ ਤੁਹਾਡੇ ਵਿਚਕਾਰ ਹੈ,
ਤੀਰਾਂ ਦੇ ਮਿਣਨ ਖ਼ਾਤਰ ਹੈ।

▪️

ਪੈੜ

ਕੀ ਤੁਹਾਨੂੰ ਦਿੱਸਦਾ ਹੈ
ਹਰ ਰੁੱਖ ਨੱਚਦਾ ਹੈ ਰਾਹਾਂ ਦੀ ਧੂੜ ਸਾਹ ਲੈਂਦੀ ਹੈ
ਖੂਹਾਂ ਦਾ ਪਾਣੀ ਬਾਹਰ ਆਉਂਦਾ ਹੈ
ਨਹਿਰ ਦੀਆਂ ਛੱਲਾਂ ‘ਚ ਜੀਵਨ ਹੈ
ਕਿਸਾਨ ਤੁਰ ਪਏ ਹਨ
ਰਾਹਾਂ ਤੇ ਉਘੜ ਆਈ ਹੈ
ਜੁਝਾਰੂਆਂ ਦੀ ਪੈੜ
ਚੰਨ ਆਪਣਾ ਨਿੱਕਾ ਪੰਧ ਮੁਕਾ ਬੈਠਾ ਹੈ।

▪️

ਮਾਇਆ

ਅੰਤਿਮ ਜਿੱਤ ਦੇ ਨਸ਼ੇ ‘ਚ
ਮਾਇਆ ਦੇ ਢੇਰ ਤੇ ਜਾ
ਬੈਠਣ ਵਾਲੇ
ਭੁੱਲ ਗਏ
ਕਿ ਮੱਖੀ-ਭਖ਼ਸ਼ ਰੁੱਖ ਵਾਂਙ
ਇਹ ਮਾਇਆ ਦਾ ਢੇਰ
ਮੂੰਹ ਖੋਲ੍ਹਦਾ ਹੈ
ਤੇ ਭਖ਼ਸ਼ ਕਰ ਲੈਂਦਾ ਹੈ।

▪️

ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼

ਮੈਨੂੰ ਕਿਸੇ ਗ਼ੈਰ ਵਿਦਰੋਹੀ
ਨਜ਼ਮ ਦੀ ਤਲਾਸ਼ ਹੈ
ਤਾਂ ਕਿ ਮੈਨੂੰ ਕੋਈ ਦੋਸਤ
ਮਿਲ ਸਕੇ
ਮੈਂ ਆਪਣੀ ਸੋਚ ਦੇ ਨਹੁੰ
ਕੱਟਣੇ ਚਾਹੁੰਦਾ ਹਾਂ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ
ਮੈਂ ਤੇ ਉਹ
ਸਦਾ ਲਈ ਘੁਲ ਮਿਲ ਜਾਈਏ.
ਪਰ ਕੋਈ ਵਿਸ਼ਾ
ਗ਼ੈਰ ਵਿਦਰੋਹੀ ਨਹੀਂ ਮਿਲਦਾ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ।

▪️

ਕੁੜੇਲੀ ਪਿੰਡ ਦੀਆਂ ਵਾਸਣਾਂ

ਕੁੜੇਲੀ ਪਿੰਡ ਦੀਆਂ ਵਾਸਣਾਂ
ਕਾਲੇ ਕਾਲੇ ਸੂਟ ਪਹਿਨੀਂ
ਹਰਿਆਂ ਬਾਗਾਂ ’ਚੋਂ ਦੀ ਲੰਘਦੀਆਂ ਹਨ
ਖੇਤਾਂ ਤੇ ਕੰਧਾਂ ਦੀ ਮਜੂਰੀ ਲਈ।

ਉਹ ਜਾਣਦੀਆਂ ਹਨ
ਰਾਵਣ ਦੇ ਬੰਦੇ ਕਾਲੇ ਕੱਪੜੇ ਪਹਿਨਦੇ ਸਨ
ਫਿਰ ਵੀ ਉਹ ਕਾਲਾ ਪਹਿਨਦੀਆਂ ਹਨ
ਉਹ ਜਾਣਦੀਆਂ ਹਨ
ਕਿ ਰਾਖਸ਼ ਕਾਲਾ ਪਹਿਨਦੇ ਸਨ
ਫਿਰ ਵੀ ਉਹ ਕਾਲਾ ਪਹਿਨਦੀਆਂ ਹਨ

ਉਹ ਜਾਣਦੀਆਂ ਹਨ
ਚੋਰਾਂ ਦੇ ਕੱਪੜੇ ਕਾਲੇ ਹੋਂਵਦੇ
ਫਿਰ ਵੀ ਉਹ ਕਾਲਾ ਪਹਿਨਦੀਆਂ ਹਨ
ਜਦ ਕਿ
ਮੌਸਮ ਦੀ ਸਿਲ੍ਹ ਵਿਚ ਸਾਵੇ ਬਾਗ਼ ਲਹਿਰਦੇ ਨੇ
ਬਾਗ਼ਾਂ ਵਿਚ ਕਲੱਤਣ ਲਹਿਰਦੀ ਹੈ

ਉਹ ਜਾਣਦੀਆਂ ਹਨ
ਕੁੜੇਲੀ ਇਕ ਸੱਪਣੀ ਦਾ ਨਾਂ ਏ
ਸਭ ਤੋਂ ਵੱਧ ਜ਼ਹਿਰ ਵਾਲੀ ਸੱਪਣੀ
ਫਿਰ ਵੀ ਇਹ ਉਨ੍ਹਾਂ ਦੇ ਪਿੰਡ ਦਾ ਨਾਂ ਏ
ਤੇ ਉਹ ਕਾਲਾ ਪਹਿਨਦੀਆਂ ਹਨ
ਉਹ ਜਾਣਦੀਆਂ ਹਨ।

▪️

ਛੱਲ

ਉਹ
ਸਾਂਵਲੀ ਤੀਵੀਂ
ਜਦ ਕਦੇ
ਖ਼ੁਸ਼ੀ ਦੇ ਬੱਠਲ ਵਾਂਗ ਭਰੀ
ਕਹਿੰਦੀ ਹੈ
“ਮੈਂ ਬੜੀ ਹਰਾਮਣ ਆਂ”
ਉਹ ਬਹੁਤ ਕੁਝ ਵਗਾਹ ਦੇਂਦੀ ਏ
ਮੇਰੇ ਵਾਂਙ
ਲੁੱਕ ਹੇਠ ਬਲਦੀ ਅੱਗ
ਦੇ ਟੋਏ ਵਿਚ
ਮੂਰਤਾਂ ਪੋਥੀਆਂ
ਆਪਣੀ ਜੁੱਤੀ ਦਾ ਪੈਰ
ਤੇ ਬਣ ਰਹੀ ਛੱਤ
ਉੱਤੇ
ਇੱਟਾਂ ਇੱਟਾਂ ਇੱਟਾਂ।

Leave a Reply

Your email address will not be published. Required fields are marked *