DMT : ਲੁਧਿਆਣਾ : (31 ਮਾਰਚ 2023) : – ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਹੱਲ ਕਰਨ ਦੇ ਮੰਤਵ ਨਾਲ, ਸ਼ੁਰੂ ਕੀਤੀ ਗਈ ‘ਮੋਬਾਇਲ ਦਫ਼ਤਰ ਵੈਨ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਤਹਿਤ ਅੱਜ ਵਾਰਡ ਨੰਬਰ 47 ਅਧੀਨ ਚਿੱਟੇ ਕਵਾਟਰਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਨਿਪਟਾਰਾ ਵੀ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਮੋਬਾਇਲ ਕਲੀਨਿਕ ਰਾਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ।
ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਲੁਧਿਆਣਾ ਫੇਰੀ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ‘ਮੋਬਾਇਲ ਦਫ਼ਤਰ ਵੈਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਵਾਰਡ ਨੰਬਰ 47 ਵਿੱਚ ਮੋਬਾਇਲ ਦਫ਼ਤਰ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ।
ਵਿਧਾਇਕ ਸਿੱਧੂ ਨੇ ਦੁਹਰਾਇਆ ਕਿਹਾ ਕਿ ੋਮੋਬਾਇਲ ਦਫ਼ਤਰ ਵੈਨੋ ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਜੇਕਰ ਹਲਕਾ ਆਤਮ ਨਗਰ ਦਾ ਕੋਈ ਵੀ ਵਸਨੀਕ ਉਨ੍ਹਾਂ ਦੇ ਦਫ਼ਤਰ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੈ ਤਾਂ 24 ਘੰਟੇ ਕਿਸੇ ਵੀ ਸਮੇਂ ਉਨ੍ਹਾਂ ਦੇ ਮੋਬਾਇਲ ਨੰਬਰ 97818-00002 ‘ਤੇ ਆਪਣੀ ਸਮੱਸਿਆ ਦੱਸ ਸਕਦਾ ਹੈ ਅਤੇ ਮੋਬਾਇਲ ਵੈਨ ਰਾਹੀਂ ਤੁਰੰਤ ਲੋੜਵੰਦ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਸਨੀਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।