DMT : ਲੁਧਿਆਣਾ : (17 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਖੇਤੀਬਾੜੀ ਵਿਗਿਆਨ ਸੰੰਬੰਧੀ ਯੂਨੀਵਰਸਿਟੀ, ਬੈਂਗਲੌਰ ਵਿਖੇ ਹੋਏ ਕੁੱਲ-ਹਿੰਦ ਖੇਤੀਬਾੜੀ ਯੂਨੀਵਰਸਿਟੀਆਂ ਦੇ ਯੁਵਕ ਮੇਲੇ 2022-23 ਵਿਚ ਭਾਗ ਲਿਆ ਅਤੇ ਕਈ ਇਨਾਮ ਹਾਸਿਲ ਕੀਤੇ। ਇਸ ਸਮੂਹ ਵਿਚ 21 ਵਿਦਿਆਰਥੀ 03 ਸਹਾਇਕ ਅਤੇ ਡਾ. ਨਿਧੀ ਸ਼ਰਮਾ ਤੇ ਡਾ. ਨਿਤਿਨ ਵਾਕਚੌਰੇ 02 ਟੀਮ ਪ੍ਰਬੰਧਕ ਸ਼ਾਮਿਲ ਸਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੀ ਪ੍ਰਤੀਭਾਗੀ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਸੰਸਥਾ ਵਾਸਤੇ ਮਾਣ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਟੀਮ ਨੂੰ ਮੁਬਾਰਕਬਾਦ ਦੇਂਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਕੁੱਲ 17 ਟਰਾਫੀਆਂ ਜਿੱਤੀਆਂ। ਇਕਾਂਗੀ ਨਾਟਕ ਵਿਚ ਵਿਦਿਆਰਥੀਆਂ ਨੇ ਪਹਿਲਾ ਸਥਾਨ, ਝਾਕੀ ਵਿਚ ਦੂਸਰਾ, ਸਮੂਹ ਗਾਨ ਵਿਚ ਤੀਸਰਾ ਅਤੇ ਕੋਲਾਜ ਬਨਾਉਣ ਵਿਚ ਚੌਥਾ ਸਥਾਨ ਹਾਸਿਲ ਕੀਤਾ। ਇਹ ਮੁਕਾਬਲੇ ਸਾਹਿਤਕ, ਨਾਚ, ਥੀਏਟਰ, ਕੋਮਲ ਕਲਾ ਅਤੇ ਸੰਗੀਤ ਦੀਆਂ ਪੰਜ ਵੱਖੋ-ਵੱਖਰੀਆਂ ਸ਼ੇ੍ਣੀਆਂ ਵਿਚ ਕਰਵਾਏ ਗਏ।
ਸਮਾਪਨ ਸਮਾਰੋਹ ਵਿਚ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੂੰ 59 ਪ੍ਰਤੀਭਾਗੀ ਯੂਨੀਵਰਸਿਟੀਆਂ ਵਿੱਚੋਂ ਮੰਤਰੀ ਸਾਹਿਬਾਨ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਧਿਕਾਰੀਆਂ ਸਾਹਮਣੇ ਪ੍ਰਦਰਸ਼ਨ ਲਈ ਚੁਣਿਆ ਗਿਆ।
ਡਾ. ਨਿਧੀ ਸ਼ਰਮਾ, ਟੀਮ ਪ੍ਰਬੰਧਕ ਨੇ ਦੱਸਿਆ ਕਿ ਮੁਹਤਬਰ ਸ਼ਖ਼ਸੀਅਤਾਂ ਵਿਚ ਡਾ. ਐਸ ਵੀ ਸੁਰੇਸ਼ਾ, ਉਪ-ਕੁਲਪਤੀ, ਸ਼੍ਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਡਲਜੇ, ਸ਼੍ਰੀ ਬੀ ਸੀ ਪਾਟਿਲ ਦੋਵੇਂ ਰਾਜ ਮੰਤਰੀ ਅਤੇ ਡਾ. ਆਰ ਸੀ ਅਗਰਵਾਲ, ਉਪ ਮਹਾਂਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ ਦੀ ਮੌਜੂਦਗੀ ਵਿਚ ਯੂਨੀਵਰਸਿਟੀ ਦੀ ਭੰਗੜਾ ਟੀਮ ਨੂੰ ਉਚੇਚੇ ਤੌਰ ’ਤੇ ਪ੍ਰਦਰਸ਼ਨ ਲਈ ਸੱਦਾ ਦਿੱਤਾ ਗਿਆ। ਇੰਝ ਭੰਗੜਾ ਟੀਮ ਦੇ ਵਿਦਿਆਰਥੀਆਂ ਦੀ ਹਰਮਨ ਪਿਆਰਤਾ ਹੋਣ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਪ੍ਰਦਰਸ਼ਨ ਕਰਨ ਦਾ ਮਾਣ ਹਾਸਿਲ ਹੋਇਆ।