DMT : ਲੁਧਿਆਣਾ : (24 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਅੱਜ ਪਸ਼ੂ ਪਾਲਣ ਮੇਲੇ ਵਿਚ ਮੁੱਖ ਮੰਤਰੀ ਪੁਰਸਕਾਰ ਭੇਟ ਕੀਤੇ ਗਏ। ਉਨ੍ਹਾਂ ਨੂੰ ਇਹ ਪੁਰਸਕਾਰ ਬੜੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਡਾ. ਸਤਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪ੍ਰਦਾਨ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੌਜੂਦ ਸਨ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਸ. ਗੁਰਦੇਵ ਸਿੰਘ, ਪੁੱਤਰ ਸ. ਕਸ਼ਮੀਰ ਸਿੰਘ, ਪਿੰਡ ਫਤਹਿਗੜ੍ਹ ਸਭਰਾ, ਜ਼ਿਲ੍ਹਾ ਫਿਰੋਜ਼ਪੁਰ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਗਿਆ।ਇਨ੍ਹਾਂ ਨੇ 1994 ਵਿਚ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੀ।ਅੱਜ ਉਨ੍ਹਾਂ ਕੋਲ 17 ਪਸ਼ੂ ਹਨ।ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ ਮੱਝਾਂ 70 ਕਿਲੋ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ।ਇਸ ਫਾਰਮ ਦੀ ਇਕ ਮੱਝ ਨੇ ਵੱਧ ਤੋਂ ਵੱਧ 23.5 ਲਿਟਰ ਦੁੱਧ ਵੀ ਪੈਦਾ ਕੀਤਾ ਹੈ।ਇਨ੍ਹਾਂ ਨੇ ਰਵਾਇਤੀ ਪਰ ਆਰਾਮਦਾਇਕ ਤੇ ਪੱਖੇ, ਫੁਆਰਿਆਂ ਵਾਲੇ ਹਵਾਦਾਰ ਸ਼ੈਡ ਬਣਾਏ ਹੋਏ ਹਨ। ਪਸ਼ੂ ਮਲ-ਮੂਤਰ ਨੂੰ ਖਾਦ ਦੇ ਤੌਰ ’ਤੇ ਇਸਤੇਮਾਲ ਕਰਦੇ ਹਨ।
ਬੱਕਰੀ ਪਾਲਣ ਦੇ ਖੇਤਰ ਵਿਚ ਸ. ਬਲਵਿੰਦਰ ਸਿੰਘ ਮਾਨ, ਪੁੱਤਰ ਸ. ਦਰਸ਼ਨ ਸਿੰਘ, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੂੰ ਦਿੱਤਾ ਗਿਆ।ਉਨ੍ਹਾਂ ਨੇ 2017 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ।ਇਸ ਵੇਲੇ ਉਨ੍ਹਾਂ ਕੋਲ 379 ਬੱਕਰੀਆਂ ਹਨ।ਇਨ੍ਹਾਂ ਦੇ ਫਾਰਮ `ਤੇ ਔਸਤਨ 2.5 ਤੋਂ 3 ਲਿਟਰ ਦੁੱਧ ਰੋਜ਼ਾਨਾ ਪ੍ਰਤੀ ਬੱਕਰੀ ਪੈਦਾ ਹੁੰਦਾ ਹੈ।
ਮੱਛੀ ਪਾਲਣ ਦੇ ਖੇਤਰ ਵਿਚ ਇਹ ਸਨਮਾਨ ਸ. ਖੁਸ਼ਵੰਤ ਸਿੰਘ, ਪੁੱਤਰ ਸ. ਸਵਰਨ ਸਿੰਘ, ਪਿੰਡ ਛਾਂਗਲਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰਦਾਨ ਕੀਤਾ ਗਿਆ।ਸੰਨ 1997 ਵਿੱਚ ਉਨ੍ਹਾਂ ਨੇ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।ਇਸ ਵੇਲੇ ਉਹ 28 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ।ਇਨ੍ਹਾਂ ਨੇ ਮੱਛੀ ਪਾਲਣ ਦੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਹਾਸਿਲ ਕੀਤੀ ਹੋਈ ਹੈ।
ਸੂਰ ਪਾਲਣ ਦੇ ਖੇਤਰ ਵਿੱਚ ਪਿੰਡ ਭਾਈ ਦੇਸਾ, ਜ਼ਿਲ੍ਹਾ ਮਾਨਸਾ ਦੇ ਸ. ਅਮਨਦੀਪ ਸਿੰਘ, ਪੁੱਤਰ ਸ. ਹਰਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਵੇਲੇ ਇਨ੍ਹਾਂ ਕੋਲ 165 ਸੂਰ ਹਨ।ਸੂਰਾਂ ਨੂੰ ਬੜੇ ਖੁੱਲੇ ਤੇ ਹਵਾਦਾਰ ਸ਼ੈੱਡਾਂ ਵਿੱਚ ਰੱਖਦੇ ਹਨ ਅਤੇ ਮਾਹਿਰਾਂ ਦੀ ਸਲਾਹ ਨਾਲ ਦਾਣਾ ਤਿਆਰ ਕਰਕੇ ਖੁਰਾਕ ਬਣਾਉਂਦੇ ਹਨ।ਯੂਨੀਵਰਸਿਟੀ ਦੇ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਨੇ ਇਸ ਕਿੱਤੇ ਵਿਚ ਚੰਗੀ ਤਰੱਕੀ ਕੀਤੀ ਹੈ।
ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਗਿਆ।