DMT : ਲੁਧਿਆਣਾ : (08 ਅਪ੍ਰੈਲ 2023) : – ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ 14 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਦ ਕਿ ਨਸ਼ਾ ਤਸਕਰੀ ਦੇ ਮਾਮਲੇ ਵਿਚ ਲੋੜੀਂਦੀ ਇਕ ਔਰਤ ਮੌਕੇ ਤੋਂ ਫ਼ਰਾਰ ਹੋ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਦਵਿੰਦਰ ਚੌਧਰੀ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਐਸ.ਟੀ.ਐਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ ਵਿਚ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸਮਰਦੀਪ ਸਿੰਘ ਉਰਫ਼ ਸੈਮ ਵਾਸੀ ਅੰਬੇਦਕਰ ਕਾਲੋਨੀ ਮੋਤੀ ਨਗਰ ਵਜੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਆਪਣੀ ਪਤਨੀ ਸਿਮਰਨਜੀਤ ਕੌਰ ਨਾਲ ਮਿਲ ਕੇ ਪਿਛਲੇ ਕੁੱਝ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਦੀ ਸਪਲਾਈ ਕਰਨ ਲਈ ਜਾ ਰਿਹਾ ਹੈ | ਸੂਚਨਾ ਮਿਲਦੇ ਪੁਲਿਸ ਵਲੋਂ ਅੰਬੇਦਕਰ ਕਾਲੋਨੀ ਨੇੜੇ ਨਾਕਾਬੰਦੀ ਕੀਤੀ ਗਈ ਤਾਂ ਕਥਿਤ ਦੋਸ਼ੀ ਉਥੋਂ ਆਪਣੀ ਆਈ ਟਵੰਟੀ ਕਾਰ ਵਿਚ ਬੈਠਾ ਸੀ | ਪੁਲਿਸ ਵਲੋਂ ਜਦੋਂ ਇਸ ਨੰੂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਕਥਿਤ ਦੋਸ਼ੀ ਉਥੋਂ ਭੱਜ ਪਿਆ | ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ | ਉਸ ਨੇ ਉਸ ਦੇ ਕਬਜ਼ੇ ਵਿਚੋਂ ਇੱਕ ਕਿੱਲੋ 320 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸੈਮ ਨੇ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਦਰਜ ਹੈ | ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਵੀ ਇਸ ਧੰਦੇ ਵਿਚ ਲਗਾ ਲਿਆ | ਪੁਲਿਸ ਵਲੋਂ ਉਸ ਦੀ ਪਤਨੀ ਦੀ ਵੀ ਭਾਲ ਕੀਤੀ ਜਾ ਰਹੀ ਹੈ | ਦੂਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਪਵਨ ਕੁਮਾਰ ਵਾਸੀ ਮੋਹਾਲੀ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਮੁਹਾਲੀ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਕਿੱਲੋ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਚੰਡੀਗੜ੍ਹ ਰੋਡ ਸਥਿਤ ਅਕਾਈ ਹਸਪਤਾਲ ਨੇੜੇ ਆਪਣੀ ਆਲਟੋ ਕਾਰ ਵਿਚ ਜਾ ਰਹੇ ਸਨ | ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਆਪਣੀ ਕਾਰ ਭਜਾ ਲਈ | ਪਿੱਛਾ ਕਰਨ ‘ਤੇ ਪੁਲਿਸ ਨੇ ਇਨ੍ਹਾਂ ਦੋਹਾਂ ਨੂੰ ਕਾਬੂ ਕਰ ਲਿਆ | ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਇਹ ਹੈਰੋਇਨ ਭਾਬੀ ਨਾਮੀ ਔਰਤ ਤੋਂ ਲੈ ਕੇ ਆਏ ਸਨ | ਪੁਲਿਸ ਅਨੁਸਾਰ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸਨ ਅਤੇ ਆਪ ਵੀ ਨਸ਼ਾ ਕਰਨ ਦੇ ਆਦੀ ਹਨ | ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਾਢੇ 14 ਕਰੋੜ ਰੁਪਏ ਦੱਸੀ ਜਾਂਦੀ ਹੈ |