DMT : ਲੁਧਿਆਣਾ : (07 ਮਾਰਚ 2023) : – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਕੱਲ੍ਹ ਸਿਵਲ ਸਰਜਨ ਡਾ ਹਿਤਿੰਦਰ ਕੌਰ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ, ਸਿਵਲ ਸਰਜਨ ਦਫਤਰ ਤੋ ਸਾਈਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ.
ਸਾਈਕਲ ਰੈਲੀ ਸ਼ਹਿਰ ਦੇ ਡੀ ਐਮ ਸੀ ਚੈਕ, ਹੈਬੋਵਾਲ ਚੌਕ, ਆਰਤੀ ਚੌਕ, ਭਾਈਵਾਲਾ ਚੌਕ, ਕਿਚਲੂ ਨਗਰ, ਰੋਜ਼ ਗਾਰਡਨ, ਫੁਹਾਰਾ ਚੌਕ ਤੋ ਇਲਾਵਾ ਵੱਖ-ਵੱਖ ਥਾਂਵਾਂ ਤੋਂ ਹੁੰਦੀ ਹੋਈ ਸਿਵਲ ਸਰਜ਼ਨ ਦਫਤਰ ਵਿਖੇ ਸਮਾਪਤ ਕੀਤੀ ਗਈ।
ਸਿਵਲ ਸਰਜਨ ਨੇ ਕਿਹਾ ਕਿ ਆਮ ਲੋਕਾਂ ਨੂੰ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਇਹ ਸਾਇਕਲ ਰੈਲੀ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ਦਾ ਮਕਸਦ ਲੋਕਾਂ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਸਿਰਜਣ ਲਈ ਔਰਤ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਗੈਰ ਸੰਚਾਰੀ ਰੋਗਾਂ ਜਿਵੇਂ ਕੈਂਸਰ, ਦਿਲ ਦਾ ਦੌਰਾ, ਹਾਈਪਰਟੈਂਸਨ, ਸ਼ੂਗਰ ਰੋਗ ਆਦਿ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਸਰੀਰਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਸਰੀਰ ਤੰਦਰੁਸਤ ਹੈ ਤਾਂ ਹੀ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਉਨ੍ਹਾਂ ਤੰਬਾਕੂ, ਸਿਗਰਟ ਆਦਿ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਨਸ਼ੇ ਮੂੰਹ ਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦੇ ਹਨ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ, ਮਾਸ ਮੀਡੀਆਂ ਅਫਸਰ ਦਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ, ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਅਤੇ ਬਲਜੀਤ ਸਿੰਘ ਹੈਲਥ ਸੁਪਰਵਾਈਜ਼ਰ ਵੀ ਮੌਜੂਦ ਸਨ।