DMT : ਲੁਧਿਆਣਾ : (20 ਅਪ੍ਰੈਲ 2023) : – ਬੁੱਧਵਾਰ ਸ਼ਾਮ ਨੂੰ ਆਦਰਸ਼ ਪਬਲਿਕ ਸਕੂਲ, ਹੰਬੜਾਂ ਰੋਡ, ਲੁਧਿਆਣਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸਕੂਲ ਨੂੰ 10ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਅੱਪਗ੍ਰੇਡ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸਮਾਗਮ ਵਿੱਚ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ।
ਅਰੋੜਾ ਨੇ ਆਪਣੇ ਸੰਬੋਧਨ ਵਿੱਚ ਭਵਿੱਖ ਵਿੱਚ ਲੋੜ ਪੈਣ ‘ਤੇ ਸਕੂਲ ਨੂੰ ਹੋਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਦਿੱਤੇ ਗਏ ਨਗਦ ਇਨਾਮਾਂ ਦੇ ਬਰਾਬਰ ਵਰਦੀਆਂ ਅਤੇ ਕਿਤਾਬਾਂ ਲਈ ਆਪਣੀ ਜੇਬ ਵਿੱਚੋਂ ਬਰਾਬਰ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਕਰਨਲ (ਸੇਵਾਮੁਕਤ) ਡਾ: ਡੀ.ਬੀ.ਸ਼ਰਮਾ, ਵਾਈਸ ਚੇਅਰਮੈਨ ਸੁਧੀਰ
ਸਹਿਗਲ ਅਤੇ ਜਨਰਲ ਸਕੱਤਰ ਯਸ਼ਪਾਲ ਬਾਂਗੀਆਂ ਅਤੇ ਪ੍ਰਿੰਸੀਪਲ ਅਮਿਤਾ ਬਾਂਸਲ ਨੂੰ ਸਕੂਲ ਨੂੰ ਸਫਲਤਾਪੂਰਵਕ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਨਾ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਿਹਾ ਹੈ ਸਗੋਂ ਚੰਗੇ ਨਾਗਰਿਕ ਵੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2008 ਵਿੱਚ ਸਥਾਪਿਤ ਹੋਏ ਇਸ ਸਕੂਲ ਵਿੱਚ ਚੰਗੀ ਵਿੱਦਿਅਕ ਪ੍ਰਤਿਭਾ ਹੈ।
ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਕਈ ਵਿਦਿਆਰਥੀਆਂ ਦੀ ਸਕੂਲ ਵਿੱਚ 100 ਪ੍ਰਤੀਸ਼ਤ ਹਾਜ਼ਰੀ ਰਹੀ ਹੈ। ਅਤਿ-ਆਧੁਨਿਕ ਕਲਾਸ ਰੂਮ, ਕੰਪਿਊਟਰ ਲੈਬ, ਡਿਜੀਟਲ ਸਕਰੀਨ ਅਤੇ ਹੋਰ ਬੁਨਿਆਦੀ ਢਾਂਚਾ ਵੀ ਮੌਜੂਦ ਹੈ। ਇਹ ਵਧੀਆ ਮੈਨੇਜਮੈਂਟ ਅਤੇ ਸਕੂਲ ਸਟਾਫ਼ ਅਤੇ ਲੁਧਿਆਣੇ ਦੀਆਂ ਨਾਮਵਰ ਸ਼ਖ਼ਸੀਅਤਾਂ ਜਿਵੇਂ ਕਿ ਰੂਹੀ ਬਰਾੜ, ਰਾਧਿਕਾ ਅਤੇ ਵਿਜੇ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ।
ਅਰੋੜਾ ਨੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਕਰਨਲ (ਸੇਵਾਮੁਕਤ) ਡਾ: ਡੀ.ਬੀ.ਸ਼ਰਮਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇੱਕ ਵੱਡਾ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਰਨਲ (ਸੇਵਾਮੁਕਤ) ਡਾ.ਡੀ.ਬੀ.ਸ਼ਰਮਾ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਲਈ ਵਧਾਈ ਦੇ ਹੱਕਦਾਰ ਹਨ।
ਕਰਨਲ (ਸੇਵਾਮੁਕਤ) ਡਾ.ਡੀ.ਬੀ.ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਅਰੋੜਾ ਵੱਲੋਂ ਸਿਹਤ ਅਤੇ ਸਮਾਜ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਸ਼ਹਿਰ ਦੀ ਮਹੱਤਵਪੂਰਨ ਸੰਪਤੀ ਹਨ।
ਅਰੋੜਾ ਨੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਅਤੇ ਵੱਖ-ਵੱਖ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਸੰਜੀਵ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ ਦੋਵਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।