ਨਗਰ ਸੁਧਾਰ ਟਰੱਸਟ ਨੂੰ ਮਿਲੇ ਦੋ ਨਵੇਂ ਐਸਡੀਓ ਨੂੰ ਚੇਅਰਮੈਨ ਭਿੰਡਰ/ਚੇਅਰਮੈਨ ਮੱਕੜ ਨੇ ਕਰਵਾਇਆ ਜੁਆਇੰਨ

Ludhiana Punjabi

DMT : ਲੁਧਿਆਣਾ : (16 ਮਈ 2023) : – ਉਦਯੋਗਿਕ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਨ-ਬਿੰਨ ਲਾਗੂ ਕਰਨ ਦੇ ਮਨੋਰਥ ਨਾਲ ਚੇਅਰਮੈਨ ਤਰਸੇਮ ਸਿੰਘ ਭਿੰਡਰ ਵਲੋਂ ਦੋ ਨਵੇਂ ਐਸਡੀਓ ਲੁਧਿਆਣਾ ਵਿਖੇ ਤੈਨਾਤ ਕਰਵਾਏ ਗਏ।
ਆਪਣੀ ਨੌਕਰੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਨਗਰ ਸੁਧਾਰ ਟਰੱਸਟ ਦਫ਼ਤਰ ਪੁੱਜੇ ਐਸਡੀਓ ਪ੍ਰਭਜੋਤ ਕੌਰ ਅਤੇ ਐਸਡੀਓ ਜਸਕਰਨ ਸਿੰਘ ਨੂੰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਉਨ੍ਹਾਂ ਦੇ ਦਫ਼ਤਰਾਂ ਵਿੱਚ ਕੁਰਸੀਆਂ ਤੇ ਬਿਠਾ ਜੁਆਇੰਨ ਕਰਵਾਇਆ।
ਇਸ ਦੌਰਾਨ ਦੋਵੇਂ ਐਸਡੀਓ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਭਿੰਡਰ ਅਤੇ ਚੇਅਰਮੈਨ ਮੱਕੜ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਭਵਿੱਖ ਦੀ ਹੀ ਸ਼ੁਰੂਆਤ ਨਹੀਂ ਹੋਈ ਹੈ, ਸਗੋਂ ਆਮ ਆਦਮੀ ਪਾਰਟੀ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ‘ਸਰਕਾਰ ਆਪ ਦੇ ਦੁਆਰ’ ਸੋਚ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦਾ ਤੁਹਾਡੇ ਜ਼ਰੀਏ ਅਧਿਆਏ ਸ਼ੁਰੂ ਹੋ ਗਿਆ ਹੈ, ਜਿਸਨੂੰ ਹੁਣ ਤੁਹਾਡੇ ਲੋਕਾਂ ਦੀ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾ ਕਰਨ ਨੇ ਸਾਕਾਰ ਕਰਨਾ ਹੈ।  
ਚੇਅਰਮੈਨ ਭਿੰਡਰ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਨੇ ਟਰੱਸਟ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ ਸੀ, ਉਸ ਸਮੇਂ ਦੇ ਹਾਲਾਤ ਪਹਿਲਿਆਂ ਵੱਲੋਂ ਬਦ ਤੋਂ ਬਦਤਰ ਕੀਤੇ ਹੋਏ ਸਨ, ਪਰ ਉਨ੍ਹਾਂ ਦੀ ਲੋਕ ਸੇਵਾ ਦੀ ਸੋਚ ਨੇ ਸਾਰੇ ਸਟਾਫ਼ ਨੂੰ ਉਸੇ ਰਸਤੇ ਤੇ ਤੋਰਦੇ ਹੋਏ ਅੱਜ ਹਰ ਕੰਮ ਨੂੰ ਪਾਰਦਰਸ਼ੀ ਕਰ ਦਿੱਤਾ ਹੈ। ਇਸੇ ਲਈ ਟਰੱਸਟ ਦੇ ਦਫ਼ਤਰ ਵਿੱਚ ਕਿਸੇ ਤਰ੍ਹਾਂ ਦੇ ਵੀ ਕੰਮ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਦੋਨੋ ਨਵੇਂ ਐਸਡੀਓ ਵੀ ਆਪਣੀ ਜਿੰਮੇਵਾਰੀ ਨੂੰ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਨਗਰ ਸੁਧਾਰ ਟਰੱਸਟ ਦੀ ਹਰ ਸਕੀਮ ਨੂੰ ਇੰਨ ਬਿੰਨ ਲਾਗੂ ਕਰਦੇ ਹੋਏ ਬਿਹਤਰ ਪ੍ਰਸ਼ਾਸਨ ਦੇਣ ਵਿੱਚ ਸਹਾਈ ਰਹਿਣਗੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਈਓ ਜਤਿੰਦਰ ਸਿੰਘ, ਨਿਗਰਾਨ ਇੰਜੀਨੀਅਰ ਸੱਤਭੂਸ਼ਨ ਸਚਦੇਵਾ, ਕਾਰਜਕਾਰੀ ਇੰਜੀਨੀਅਰ ਨਵੀਨ ਮਲਹੋਤਰਾ ਸਮੇਤ ਹੋਰ ਸਟਾਫ਼ ਅਤੇ ਨਿੱਕੀ ਕੋਹਲੀ ਹਾਜ਼ਰ ਸੀ।

Leave a Reply

Your email address will not be published. Required fields are marked *