ਅਜੇ ਵੀ ਹਨੇਰੇ ਵਿਚ ਤੀਰ ਮਰ ਰਿਹੈ ਇੰਡੀਆ ਗਠਜੋੜ

Ludhiana Punjabi
  • ਆਮ ਆਦਮੀ ਪਾਰਟੀ ਦਾ ਦੋਮੂੰਹਾਂ ਚਿਹਰਾ ਬੇਨਕਾਬ

DMT : ਲੁਧਿਆਣਾ : (08 ਜਨਵਰੀ 2024) : – 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆਉਣ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਚੋਣ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ। ਅਠਾਰਵੀਂ ਲੋਕ ਸਭਾ ਦੀ ਮਿਆਦ ਮਈ 2024 ਵਿਚ ਸਮਾਪਤ ਹੋਣੀ ਹੈ। 2019 ਚੋਣਾਂ ਵਿਚ ਬੀਜੇਪੀ ਨੇ ਲੋਕ ਸਭਾ ਦੀਆਂ 542 ਵਿਚੋਂ 303 ਸੀਟਾਂ ਜਿੱਤੀਆਂ ਅਤੇ ਕਾਂਗਰਸ ਹਿਸੇ ਸਿਰਫ 52 ਸੀਟਾਂ ਆਈਆਂ ਸਨ। ਇਸ ਸਮੇਂ ਐਨਡੀਏ ਦੀ ਸਥਿਤੀ ਕਾਫੀ ਮਜਬੂਤ ਜਾਪਦੀ ਹੈ, ਜਦਕਿ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਲੰਮੇ ਸਮੇਂ ਤੋਂ ਪਾਰਲੀਮੈਂਟ ਵਿੱਚ ਹਾਸ਼ੀਏ ਤੇ ਚੱਲ ਰਹੀ ਹੈ। ਉਂਝ 2019 ਵਿਚ ਬੀਜੇਪੀ ਨੂੰ 37.76% ਅਤੇ ਬੀਜੇਪੀ ਵਿਰੁੱਧ 62% ਵੋਟ ਪਏ ਸਨ।ਪਿਛਲੇ ਦਿਨੀਂ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ਵਿੱਚ ਬੀਜੇਪੀ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਜਿੱਤ ਹਾਸਲ ਕਰਕੇ ਉਤਸਾਹਿਤ ਨਜ਼ਰ ਆ ਰਹੀ ਹੈ। ਦੇਸ਼ ਅੰਦਰ ਹੁਣ 12 ਸੂਬਿਆਂ ਬੀਜੇਪੀ ਸਰਕਾਰਾਂ ਨੇ ਅਤੇ ਕਾਂਗਰਸ ਪਾਸ ਸਿਰਫ਼ ਤਿੰਨ ਸੂਬਿਆਂ ਕਰਨਾਟਕਾ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਸਰਕਾਰ ਦੀ ਕਮਾਨ ਹੈ। ਕਰੀਬ ਅੱਧੀ ਦਰਜਨ ਸੂਬਿਆਂ ਦੀ ਸੱਤਾ ਤੇ ਖੇਤਰੀ ਪਾਰਟੀਆਂ ਕਬਿਜ਼ ਨੇ ਅਤੇ ਕਈ ਸੂਬਿਆਂ ਵਿਚ ਮਜ਼ਬੂਤ ਖੇਤਰੀ ਪਾਰਟੀਆਂ ਕਾਫੀ ਪ੍ਰਭਾਵ ਰਖਦੀਆਂ ਨੇ। ਬੀਜੇਪੀ ਵਾਲੇ ਐਨਡੀਏ ਨੂੰ ਟਕਰ ਦੇਣ ਲਈ ਵਿਰੋਧੀ ਧਿਰਾਂ ਵੱਲੋਂ 28 ਪਾਰਟੀਆਂ ਦੇ ਅਧਾਰਤ ‘ਇੰਡੀਆ’ ਨਾਮ ਦਾ ਗਠਜੋੜ ਬਣਾਇਆ ਗਿਆ ਹੈ। ਜੇਕਰ ਵਰੋਧੀ ਧਿਰਾਂ ਆਪਣੇ ਪਾਰਟੀ ਹਿਤਾਂ ਤੋਂ ਉਪਰ ਉੱਠ ਕੇ ਮੁਕੰਮਲ ਏਕਤਾ ਨਾਲ ਮੈਦਾਨ ਵਿਚ ਉਤਰਦੀਆਂ ਨੇ, ਤਾਂ ਉਹ ਐਨਡੀਏ ਨੂੰ ਸਖ਼ਤ ਟਕਰ ਦੇਣ ਦੇ ਸਮਰੱਥ ਦਿਸਦੀਆਂ ਨੇ। ‘ ਗਠਜੋੜ ਵਲੋਂ ਭਾਈਵਾਲ ਪਾਰਟੀਆਂ ਵਿਚ ਸੀਟਾਂ ਦੀ ‘ਲੈਣ-ਦੇਣ’ ਦੀ ਭਾਵਨਾ ਨਾਲ ਵੰਡ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹੈ। ਕਾਂਗਰਸ ਪਾਰਟੀ ਵੱਲੋਂ ਗਠਜੋੜ ਦੀਆਂ ਦੂਜੀਆਂ ਪਾਰਟੀਆਂ ਨੂੰ ਅਡਜਸਟ ਕਰਦੇ 255 ਸੀਟਾਂ ਚੋਣ ਲੜਨ ਲਈ ਚੁਣੀਆਂ ਗਈਆਂ ਨੇ ਜਿਨਾਂ ਵਿੱਚੋਂ ਘੱਟੋ ਘੱਟ 150 ਸੀਟਾਂ ਜਿੱਤਣ ਦੀ ਆਸ ਕੀਤੀ ਜਾ ਰਹੀ ਹੈ। ਅਜੇ ਵੀ ‘ਇੰਡੀਆ’ ਗਠਜੋੜ ਉਤਰ ਪ੍ਰਦੇਸ਼, ਪੂਰਬੀ ਬੰਗਾਲ, ਬਿਹਾਰ, ਕੇਰਲ, ਤਾਮਿਲਨਾਡੂ ਆਦਿ ਸੂਬਿਆਂ ਵਿਚ ਸੀਟਾਂ ਦੀ ਵੰਡ ਦੇ ਮਾਮਲੇ ਤੇ ਹਵਾ ਵਿਚ ਤੀਰ ਮਾਰਦਾ ਹੀ ਦਿੱਖ ਰਿਹੈ।

  • ਚੁਣਾਵੀ ਯਾਤਰਵਾਂ ਦੀ ਭਮਾਰ*

ਇਸ ਸਮੇਂ ਸਾਰੀਆਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਚੋਣ ਯਾਤਰਾਂ ਅਤੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਬੀਜੇਪੀ ਵੱਲੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ 16 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ, ਜੋ 26 ਜਨਵਰੀ ਤੱਕ ਚਲੇਗੀ। ਯਾਤਰਾ ਨੂੰ ਪ੍ਰਧਾਨ ਮੰਤਰੀ ਨੇ ਸੂਚਨਾ ਸਿੱਖਿਆ ਅਤੇ ਸੰਚਾਰ ਉਪਕਰਣਾ ਨਾਲ ਲੈਸ ਪੰਜ ਪ੍ਰਚਾਰ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਯਾਤਰਾ ਦੌਰਾਨ ਕੇਂਦਰ ਸਰਕਾਰ ਵੱਲੋਂ ਜਨਤਾ ਨੂੰ ਸਿੱਧੇ ਤੌਰ ਤੇ ਪਹੁੰਚਾਈਆਂ ਜਾ ਰਹੀਆਂ ਜਨ ਭਲਾਈ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹੈ। ਪ੍ਰਚਾਰ ਵੈਨਾਂ ਰਾਹੀਂ 2.7 ਲੱਖ ਪਿੰਡਾਂ ਅਤੇ 15000 ਸ਼ਹਿਰੀ ਮਹੱਲਿਆਂ ਵਿੱਚ ਜਮੀਨੀ ਪੱਧਰ ਤੇ ਸਰਕਾਰ ਦੀਆਂ ਪ੍ਰਾਪਤੀਆ ਨੂੰ ਪ੍ਰਚਾਰਿਆ ਜਾ ਰਿਹੈ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਾਂ ਰਾਹੀਂ ਵੱਡੇ ਸਮਾਗਮਾਂ ਨੂੰ ਸੰਬੋਧਨ ਕਰਨਗੇ। ਉਧਰ ‘ਇੰਡੀਆ’ ਗਠਜੋੜ ਦੀ ਮੁੱਖ ਧਿਰ ਕਾਂਗਰਸ ਵੱਲੋਂ 14 ਜਨਵਰੀ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਬੁਨਿਆਦੀ ਮੁਦਿਆਂ ਤੇ ਅਧਾਰਿਤ ‘ਭਾਰਤ ਜੋੜੋ ਨਿਆਏ ਯਾਤਰਾ’ ਮਣੀਪੁਰ ਦੇ ਇੰਫਾਲ ਤੋਂ ਸ਼ੁਰੂ ਹੋਏਗੀ ਅਤੇ ਨਾਗਾਲੈਂਡ ਆਸਾਮ ਅਰੁਣਾਚਲ ਪ੍ਰਦੇਸ਼ ਹੁੰਦੀ ਹੋਈ ਦੇਸ਼ ਦੇ 15 ਰਾਜਾਂ ਨੂੰ ਕਵਰ ਕਰਦੀ ਹੋਈ 6700 ਕਿਲੋਮੀਟਰ ਤੈ ਕਰਕੇ ਮੁੰਬਈ ਪਹੁੰਚੇਗੀ। ਯਾਤਰਾ ਦੇਸ਼ ਦੇ 110 ਜਿਲਿਆਂ ਵਿੱਚ ਲੋਕ ਸਭਾ ਦੀਆਂ ਸੌ ਅਤੇ ਵਿਧਾਨ ਸਭਾ ਦੀਆਂ 337 ਸੀਟਾਂ ਕਵਰ ਕਰੇਗੀ। ਕਾਂਗਰਸ ਪ੍ਰਧਾਨ ਖੜਗੇ ਦਾ ਕਹਿਣੈ ਕਿ ਯਾਤਰਾ ਦੌਰਾਨ ਇੰਡੀਆ ਗਠਜੋੜ ਦੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਏਗਾ। ਪਹਿਲਾਂ ਵੀ ਰਾਹੁਲ ਗਾਂਧੀ ਦੀ ‘ਭਾਰਤ ਬਚਾਓ ‘ ਯਾਤਰਾ ਨਾਲ ਕਾਂਗਰਸ ਦਾ ਉਤਸ਼ਾਹ ਵਧਿਆ ਸੀ। ਇਸੇ ਤਰਾਂ ਖੇਤਰੀ ਪਾਰਟੀਆਂ ਨੇ ਵੀ ਚੋਣ ਸਰਗਰਮੀਆਂ ਤੇਜ਼ ਕੀਤੀਆਂ ਨੇ। ਸਮਝਿਆ ਜਾਂਦੈ ਕਿ ਇਹਨਾਂ ਚੋਣ ਯਾਤਰਾਵਾਂ ਪ੍ਰਭਾਵ ਆਉਂਦੀਆਂ ਲੋਕ ਸਭਾ ਚੋਣਾਂ ਤੇ ਜਰੂਰ ਨਜ਼ਰ ਆਏਗਾ।

  • ਪੰਜਾਬ ਵਿਚ ਗਠਜੋੜ ਦੀ ਨਹੀਂ ਸੰਭਾਵਨਾ*

ਬੇਸ਼ਕ ‘ਇੰਡੀਆ’ ਗਠਜੋੜ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ 2024 ਲੋਕ ਸਭਾ ਚੋਣਾਂ ਵਿੱਚ ਇਕੱਠੀਆਂ ਨੇ, ਪ੍ਰੰਤੂ ‘ਆਪ ‘ ਦੀਆਂ ਸਰਕਾਰਾਂ ਵਾਲੇ ਸੂਬੇ ਪੰਜਾਬ ਅਤੇ ਦਿੱਲੀ ਵਿਚ ਅਜੇ ਰੇੜਕਾ ਜਾਰੀ ਹੈ। ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਬਹੁਤੇ ਲੀਡਰ ‘ਆਪ’ ਨਾਲ ਗਠਜੋੜ ਦੇ ਸਖ਼ਤ ਖਿਲਾਫ ਨੇ ਅਤੇ ਕਈ ਵਾਰ ਕੇਂਦਰੀ ਲੀਡਰਸ਼ਿਪ ਅੱਗੇ ਆਪਣਾ ਪੱਖ ਰੱਖ ਚੁੱਕੇ ਨੇ। ਮਲਿਕਾਰਜੁਨ ਖੜ੍ਹਗੇ ਦੀ ਪ੍ਰਧਾਨੀ ਹੇਠ ਹੋਈ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਵੀ ਪੰਜਾਬ ਅਤੇ ਦਿੱਲੀ ਸਬੰਧੀ ਫੈਸਲਾ ਨਹੀਂ ਹੋਇਆ। ਜਲਦ ਹੀ ਸੂਬੇ ਦੇ ਨਵੇਂ ਨਿਯੁਕਤ ਇੰਚਾਰਜ ਦਵਿੰਦਰ ਯਾਦਵ ਅਤੇ ਪਾਰਟੀ ਪ੍ਰਧਾਨ ਖੜ੍ਹਗੇ ਦੇ ਪੰਜਾਬ ਦੌਰੇ ਦੀ ਸੰਭਾਵਨਾ ਹੈ। ਪੰਜਾਬ ਨੇਤਾਵਾਂ ਦਾ ਕਹਿਣੈ ਕਿ ‘ਆਪ’ ਨਾਲ ਮਿਲ ਕੇ ਚੋਣ ਲੜਨ ਨਾਲ ਸੂਬੇ ਵਿਚ ਪਾਰਟੀ ਨੂੰ ਭਾਰੀ ਨੁਕਸਾਨ ਹੋਵੇਗਾ। ਉਂਝ ਕਈ ਲੀਡਰ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਨਾਲ ਚਲਣ ਦੀ ਹਾਮੀ ਭਰ ਰਹੇ ਨੇ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੂਬੇ ਦੀਆਂ ਸਾਰੀਆਂ ਸੀਟਾਂ ਇਕੱਲੇ ਜਿਤਣ ਦੇ ਦਾਅਵੇ ਕਰ ਰਹੇ ਨੇ। ਉਹ ਤਾਂ ਕਾਂਗਰਸ ਸਬੰਧੀ ‘ਇਕ ਸੀ ਕਾਂਗਰਸ ‘ ਵਰਗੇ ਵਿਅੰਗ ਵੀ ਕਸਦੇ ਨੇ ਅਤੇ ਲਗਾਤਾਰ ਕਾਂਗਰਸ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁੱਟਦੇ ਆ ਰਹੇ ਨੇ। ਪਿਛਲੇ ਦਿਨੀਂ ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਖਹਿਰਾ ਨੂੰ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਐ। ਫਿਰ ਜਮਾਨਤ ਮਿਲਣ ਤੇ ਇਕ ਹੋਰ ਕੇਸ ਦਰਜ ਕਰਕੇ ਗਿਰਫ਼ਤਾਰ ਕੀਤਾ ਗਿਆ। ਅਜਿਹੇ ਵਿਚ ਕਾਂਗਰਸ ਦਾ ਸੂਬੇ ਵਿਚ ‘ਆਪ’ ਨਾਲ ਮਿਲ ਕੇ ਚੋਣਾਂ ਲੜਨਾ ਆਤਮਘਾਤੀ ਸਿੱਧ ਹੋ ਸਕਦਾ। ਸੂਬੇ ਦੀ ਰਾਜਨੀਤੀ ਵਿੱਚ ਹਾਸ਼ੀਏ ਤੇ ਚਲ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਖ ਹੋਏ ਲੀਡਰਾਂ ਨੂੰ ਵਾਪਿਸ ਲਿਆਉਣ ਦੇ ਯਤਨ ਸ਼ੁਰੂ ਨੇ ਅਤੇ ਪਾਰਟੀ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਤੱਕ ਲੈਜਾਣ ਲਈ 1 ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰੇਗੀ। ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਕਾਰਗੁਜਾਰੀ ਅਤਿਅੰਤ ਮਾੜੀ ਰਹੀ ਹੈ ਅਤੇ ਪਾਰਟੀ ਸਿਰਫ ਤਿੰਨ ਵਿਧਾਨ ਸਭਾ ਸੀਟਾਂ ਤਕ ਸਿਮਟ ਚੁੱਕੀ ਹੈ। ਬੀਜੇਪੀ ਦੇ ਨਾਲ ਗਠਜੋੜ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਅਕਾਲੀ ਦਲ ਨੂੰ ਆਪਣਾ ਖੋਇਆ ਆਧਾਰ ਸਥਾਪਿਤ ਕਰਨ ਲਈ ਅਜੇ ਕਾਫੀ ਜਦੋ ਜਹਿਦ ਕਰਨੀ ਪਵੇਗੀ। ਬੀਜੇਪੀ ਵਲੋਂ ਵੀ ਸੂਬੇ ਵਿਚ ਪ੍ਰਭਾਵ ਵਧਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।

ਆਪ ਦੀ ਦੋਗਲੀ ਨੀਤੀ

ਅੰਦੋਲਨ ਵਿਚੋਂ ਨਿਕਲੀ ‘ਆਪ ‘ਪਾਰਟੀ ਤੇ ਜਨਤਾ ਨੂੰ ਕਾਫੀ ਉਮੀਦਾਂ ਸਨ, ਪਰ 11 ਸਾਲਾਂ ਦੇ ਥੋੜੇ ਸਮੇਂ ਵਿੱਚ ਹੀ ਆਪਣੇ ਇਮਾਨਦਾਰੀ, ਸਾਦਗੀ ਅਤੇ ਮਜਬੂਤ ਲੋਕਪਾਲ ਵਰਗੇ ਸਾਰੇ ਵਾਅਦਿਆਂ ਨੂੰ ਤੇਲੰਜਲੀ ਦੇ ਚੁੱਕੀ ਹੈ। ਹੁਣ ਰਵਾਇਤੀ ਪਾਰਟੀਆਂ ਵਾਂਗ ਹੀ ਲੋਕਾਂ ਦੇ ਮਨਾਂ ਵਿੱਚੋਂ ਉਤਰਦੀ ਜਾਪਦੀ ਹੈ। ਦਿੱਲੀ ਅਤੇ ਪੰਜਬ ਦੀ ਸ਼ਰਾਬ ਨੀਤੀ ਦੇ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਘੁਟਾਲੇ ਵਿੱਚ ਇਸ ਦੇ ਵਡੇ ਲੀਡਰ ਮੁਨੀਸ਼ ਸਿਸੋਦੀਆ, ਸਾਂਸਦ ਸੰਜੇ ਸਿੰਘ ਅਤੇ ਵਿਜੇ ਨਾਇਰ ਜੇਲ ਵਿਚ ਨੇ। ਸੁਪਰੀਮ ਕੋਰਟ ਵਲੋਂ ਘੁਟਾਲੇ ਦੇ 338 ਕਰੋੜ ਦੀ ਟਰੇਲ ਲਭਣ ਲਈ ਕਿਹਾ ਗਿਐ। ਪਾਰਟੀ ਸੁਪਰੀਮੋ ਕੇਜਰੀਵਾਲ ਨੂੰ ਵੀ ਈਡੀ ਪੁਛੜਤਾਲ ਲਈ 3 ਵਾਰ ਸਮਨ ਕਰ ਚੁੱਕਾ ਹੈ। ਪਰ ਕੇਜਰੀਵਾਲ ਬਹਾਨੇਬਾਜ਼ੀ ਕਰਕੇ ਈਡੀ ਸਾਹਮਣੇ ਪੇਸ਼ ਨਹੀਂ ਹੋਏ, ਹੁਣ ਮੁੜ ਤੋਂ ਬੁਲਾਏ ਜਾਣ ਦੀ ਸੰਭਾਵਨਾ ਹੈ। ਪਾਰਟੀ ਦਾ ਕਹਿਣੈ ਕਿ ਈਡੀ ਕੇਜਰੀਵਾਲ ਨੂੰ ਗ੍ਰਿਫਤਾਰ ਕਰੇਗਾ। ਕੇਜਰੀਵਾਲ ਨੇ ਵੀ ਉੱਚਪੱਧਰੀ ਮੀਟਿੰਗ ਬੁਲਾ ਕੇ ਸੰਭਾਵੀ ਗ੍ਰਿਫਤਾਰੀ ਉਪਰੰਤ ਦੀ ਸਥਿਤੀ ਨੂੰ ਵਿਚਾਰਿਐ। ਪਾਰਟੀ ਲੀਡਰਾਂ ਵਲੋਂ ਕੇਜਰੀਵਾਲ ਨੂੰ ਜੇਲ ਵਿਚੋਂ ਹੀ ਸਰਕਾਰ ਚਲਾਉਣ ਜਾਂ ਦਿੱਲੀ ਦੀ ਜਨਤਾ ਵਲੋਂ ਰਾਏਸ਼ੁਮਾਰੀ ਦੀ ਸਲਾਹ ਦਿੱਤੀ ਗਈ। ਕੇਜਰੀਵਾਲ ਪਿੱਛੋਂ ਪਾਰਟੀ ਕਨਵੀਨਰ ਅਤੇ ਮੁੱਖ ਮੰਤਰੀ ਵਜੋਂ ਭਾਲ ਬਾਰੇ ਵੀ ਚਰਚਾ ਹੈ। ਕੇਜਰੀਵਾਲ ਪਿੱਛੋਂ ਦੋਵੇਂ ਵਡੇ ਆਗੂ ਸਿਸੋਦੀਆ ਅਤੇ ਸੰਜੇ ਸਿੰਘ ਪਹਿਲਾਂ ਹੀ ਜੇਲ ਵਿਚ ਨੇ। ਇਕ ਪਾਸੇ ਪੰਜਾਬ ਵਿੱਚ ‘ਆਪ’ ਸਰਕਾਰ ਵਰੋਧੀਆਂ ਖਿਲਾਫ ਵਿਜੀਲੈਂਸ ਦੀਆਂ ਪੜਤਾਲਾਂ ਅਤੇ ਗ੍ਰਿਫਤਾਰੀ ਕਰਾ ਰਹੀ ਹੈ, ਦੂਜੇ ਪਾਸੇ ਭ੍ਰਿਸ਼ਟਾਚਾਰ ਮਾਮਲੇ ਵਿਚ ਈਡੀ ਦੀ ਜਾਂਚ ਨੂੰ ਕੇਜਰੀਵਾਲ ਬੀਜੇਪੀ ਸਰਕਾਰ ਦੀ ਬਦਲਾਖੋਰੀ ਦੀ ਕਾਰਵਾਈ ਦਸਦੇ ਨੇ। ਇਸ ਤਰਾਂ ਆਸਾਮ ਆਦਮੀ ਪਾਰਟੀ ਦ ਮੂੰਹਾਂ ਚਿਹਰਾ ਜਗ ਜਾਹਿਰ ਹੋ ਰਿਹੈ।

ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫ਼ਸਰ ( ਰਿਟਾ.)

Leave a Reply

Your email address will not be published. Required fields are marked *