ਅਰੋੜਾ ਨੇ ਲੁਧਿਆਣਾ ਸਟੇਸ਼ਨ ਨੂੰ ਪਹਿਲੇ ਪੜਾਅ ਵਿੱਚ ਲੈਣ ਲਈ ਰੇਲਵੇ ਮੰਤਰੀ ਦਾ ਕੀਤਾ ਧੰਨਵਾਦ

Ludhiana Punjabi

DMT : ਲੁਧਿਆਣਾ : (06 ਅਗਸਤ 2023) : – ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਮਰੁਤ ਸਟੇਸ਼ਨ ਸਕੀਮ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਪ੍ਰੋਜੈਕਟ ਦੇ ਵਰਚੁਅਲ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੂੰ ਇਸ ਸਮਾਗਮ ਲਈ ਫ਼ਿਰੋਜ਼ਪੁਰ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਸੰਜੇ ਸਾਹੂ ਨੇ ਸੱਦਾ ਦਿੱਤਾ ਸੀ। ਲੁਧਿਆਣਾ ਰੇਲਵੇ ਸਟੇਸ਼ਨ ਦੇਸ਼ ਭਰ ਦੇ ਕੁੱਲ 508 ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਸੀ, ਜਿਸਦਾ ਅੱਜ ਪ੍ਰਧਾਨ ਮੰਤਰੀ ਵੱਲੋਂ ਅਮਰੁਤ ਸਟੇਸ਼ਨ ਸਕੀਮ ਤਹਿਤ ਉਦਘਾਟਨ ਕੀਤਾ ਗਿਆ। ਇਨ੍ਹਾਂ ਸਾਰੇ ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਵੇਗਾ, ਜਿਸ ਨਾਲ ਭਾਰਤ ਵਿੱਚ ਰੇਲ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਵੇਗੀ।

ਇਸ ਮੌਕੇ ਅਰੋੜਾ ਨੇ ਕਿਹਾ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਸਥਾਪਿਤ ਕੀਤੇ ਗਏ ਲੁਧਿਆਣਾ ਦੇ ਮੌਜੂਦਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰਨ ਲਈ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਲੁਧਿਆਣਾ ਅਤੇ ਦੇਸ਼ ਭਰ ਦੇ ਕੁਝ ਹੋਰ ਰੇਲਵੇ ਸਟੇਸ਼ਨਾਂ ਦਾ ਦੋ ਪੜਾਵਾਂ ਵਿੱਚ ਮੁੜ ਵਿਕਾਸ ਕੀਤਾ ਜਾਣਾ ਹੈ। ਫਿਰ ਉਨ੍ਹਾਂ ਰੇਲ ਮੰਤਰੀ ਨੂੰ ਮੁੜ ਵਿਕਾਸ ਦੇ ਪਹਿਲੇ ਪੜਾਅ ਵਿੱਚ ਲੁਧਿਆਣਾ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ। ਅਰੋੜਾ ਨੇ ਕਿਹਾ, “ਮੈਂ ਰੇਲਵੇ ਮੰਤਰੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਵਿਕਾਸ ਕਾਰਜ ਸ਼ੁਰੂ ਕੀਤਾ, ਜੋ ਕਿ ਸਮੇਂ ਦੀ ਵੱਡੀ ਲੋੜ ਸੀ।”

ਅਰੋੜਾ ਨੇ ਅੱਗੇ ਕਿਹਾ ਕਿ ਇਹ ਸੱਚਮੁੱਚ ਹੀ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ‘ਤੇ ਖਰਚ ਕੀਤੀ ਜਾ ਰਹੀ ਕੁੱਲ 1100 ਕਰੋੜ ਰੁਪਏ ਦੀ ਰਾਸ਼ੀ ਵਿਚੋਂ 500 ਕਰੋੜ ਰੁਪਏ ਦੀ ਰਾਸ਼ੀ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੜ ਵਿਕਾਸ ਨਾਲ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਸੀ ਕਿ ਲੁਧਿਆਣਾ ਰੇਲਵੇ ਸਟੇਸ਼ਨ 2025 ਤੱਕ ਮੁਕੰਮਲ ਹੋ ਜਾਵੇਗਾ। ਅਰੋੜਾ ਨੇ ਕਿਹਾ, “ਪਰ, ਮੈਂ ਉਨ੍ਹਾਂ ਨੂੰ 2024 ਤੱਕ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਵਿਸ਼ਾਲ ਜਨਤਕ ਹਿੱਤ ਵਿੱਚ ਪੂਰਾ ਕਰਨ ਦੀ ਬੇਨਤੀ ਕੀਤੀ ਹੈ।”

ਉਨ੍ਹਾਂ ਇਹ ਵੀ ਕਿਹਾ ਕਿ ਹੁਣ ਢੰਡਾਰੀ ਸਟੇਸ਼ਨ ‘ਤੇ ਕੁਝ ਪੈਸੇਂਜਰ ਗੱਡੀਆਂ ਨਿਯਮਿਤ ਤੌਰ ‘ਤੇ ਰੁਕਣਗੀਆਂ, ਜਿਸ ਨਾਲ ਮੁੱਖ ਰੇਲਵੇ ਸਟੇਸ਼ਨ ‘ਤੇ ਬੋਝ ਘਟੇਗਾ |

ਅਰੋੜਾ ਨੇ ਕਿਹਾ ਕਿ ਪੁਨਰ-ਵਿਕਾਸ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ਕਿਸੇ ਹਵਾਈ ਅੱਡੇ ਤੋਂ ਘੱਟ ਨਹੀਂ ਰਹੇਗਾ ਕਿਉਂਕਿ ਇੱਥੇ ਉਪਲਬਧ ਸਹੂਲਤਾਂ ਹਵਾਈ ਅੱਡੇ ਦੇ ਬਰਾਬਰ ਹੋਣਗੀਆਂ।

ਇਸ ਮੌਕੇ ਅਰੋੜਾ ਨੇ ਲੇਖ ਮੁਕਾਬਲੇ ਵਿੱਚ ਇਨਾਮ ਜਿੱਤਣ ਵਾਲੇ ਸਕੂਲੀ ਬੱਚਿਆਂ ਨੂੰ ਸਰਟੀਫਿਕੇਟ ਵੰਡੇ।

Leave a Reply

Your email address will not be published. Required fields are marked *